ਪੰਜਾਬ ਵਿਚ ਕਾਨੂੰਨ ਤੋਂ ਭਗੌੜਿਆਂ ਦੀ ਫੌਜ ਪੁਲਿਸ ਉਤੇ ਭਾਰੂ

ਪੰਜਾਬ ਵਿਚ ਕਾਨੂੰਨ ਤੋਂ ਭਗੌੜਿਆਂ ਦੀ ਫੌਜ ਪੁਲਿਸ ਉਤੇ ਭਾਰੂ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਕਾਨੂੰਨ ਤੋਂ ਭਗੌੜਿਆਂ ਦੀ ਫੌਜ ਫਿਰ ਰਹੀ ਹੈ। ਇਨ੍ਹਾਂ ਭਗੌੜਿਆਂ ਨੇ ਪੰਜਾਬ ਪੁਲਿਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਖੁਦ ਨੂੰ ਮਹਿਫੂਜ਼ ਰੱਖਣ ਦਾ ਹਰ ਹੀਲਾ ਸਫਲਤਾ ਨਾਲ ਅੰਜਾਮ ਦਿੱਤਾ ਹੈ। ਭਾਵੇਂ ਪੰਜਾਬ ਪੁਲਿਸ ਭਗੌੜਿਆਂ ਨੂੰ ਫੜਨ ਦੇ ਲੱਖ ਦਾਅਵੇ ਕਰੇ ਪਰ ਹਕੀਕਤ ਕੁਝ ਹੋਰ ਹੈ।
ਜੇ ਪੁਲਿਸ ਦੀ ਹੀ  ਸੂਚੀ ਵੇਖੀ ਜਾਵੇ ਤਾਂ ਪੰਜਾਬ ਵਿਚ ਕੁੱਲ ੫੦੦੨ ਭਗੌੜੇ ਹਨ। ਮੁੱਖ ਮੰਤਰੀ  ਦੇ ਸ਼ਹਿਰ ਪਟਿਆਲਾ ਵਿਚ 407 ਭਗੌੜੇ ਹਨ। ਇਹ ਵੀ ਕੁਝ ਸਾਲਾ ਤੋਂ ਨਹੀਂ ਬਲਕਿ ਕਈ ਦਹਾਕਿਆਂ ਤੋਂ ਹਨ। ਕਈ ਤਾਂ ਫੜੇ ਜਾਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਚਲੇ ਗਏ ਪਰ ਕਾਨੂੰਨ ਦੇ ਲੰਮੇ ਹੱਥ ਉਨ੍ਹਾਂ ਨੂੰ ਨਾ ਫੜ ਸਕੇ। ਇਸ ਲਈ ਉਹ ਪੁਲਿਸ ਸੂਚੀ ਵਿਚ ਅੱਜ ਵੀ ਭਗੌੜੇ ਦੇ ਤੌਰ ‘ਤੇ ਹੀ ਦਰਜ ਹਨ।
ਪੰਜਾਬ ਪੁਲਿਸ ਵਲੋਂ ਜਾਰੀ ਸੂਚੀ ਮੁਤਾਬਕ ਸਭ ਤੋਂ ਵੱਧ ਭਗੌੜੇ ਜਲੰਧਰ ਵਿਚ ਤੇ ਸਭ ਤੋਂ ਘੱਟ ਰੇਲਵੇ ਪੁਲਿਸ  ਦੇ ਹਨ।  ਸੂਚੀ ਮੁਤਾਬਕ ਇਨ੍ਹਾਂ ਵਿਚ ਕਈ ਕਤਲ ਕਰਨ ਦੇ ਦੋਸ਼ੀ ਵੀ ਹਨ । ਕਈ ਤਾਂ ਬੀਤੇ ਕਰੀਬ 40 ਸਾਲ ਤੋਂ ਪੁਲਿਸ ਦੇ ਹੱਥ ਨਹੀਂ ਆਏ। ਪੁਲਿਸ ਮੁਤਾਬਕ ਇਨ੍ਹਾਂ ਨੂੰ ਫੜਨ ਲਈ ਕਾਰਵਾਈ ਲਗਾਤਾਰ ਜਾਰੀ ਰਹਿੰਦੀ ਹੈ। ਪੁਲਿਸ ਅਪਣੇ ਸਾਧਨਾਂ ਰਾਹੀਂ  ਜਦ ਵੀ ਕਿਸੇ ਭਗੌੜੇ ਬਾਰੇ ਪਤਾ ਲਗਦਾ ਹੈ ਤਾਂ ਉਸ ਨੂੰ ਫੜ ਲੈਂਦੀ ਹੈ। ਹਰ ਜ਼ਿਲ੍ਹੇ ਵਿਚ ਇਸ ਲਈ ਬਾਕਾਇਦਾ ਭਗੌੜਾ ਸੈੱਲ ਵੀ ਬਣੇ ਹੋਏ ਹਨ।
ਜੇ ਅੰਮ੍ਰਿਤਸਰ ਤੇ ਜਲੰਧਰ ਦੇ ਸ਼ਹਿਰੀ ਤੇ ਪੇਂਡੂ ਥਾਣਿਆਂ ਦੀ ਸੂਚੀ ਬਣਾਈ ਜਾਵੇ ਤਾਂ ਵੀ ਜਲੰਧਰ ਹੀ ਨੰਬਰ ਇਕ ‘ਤੇ ਹੈ ਜਦਕਿ ਦੂਜੀ ਥਾਂ ਅੰਮ੍ਰਿਤਸਰ ਦੀ ਆਉਂਦੀ ਹੈ। 100 ਤੋਂ ਥੱਲੇ ਵਾਲੇ ਨੰਬਰ ਵਿਚ ਬਰਨਾਲਾ, ਬਠਿੰਡਾ, ਗੁਰਦਾਸਪੁਰ ਅਤੇ ਮੁਕਤਸਰ ਦੇ ਨਾਮ ਆਉਂਦੇ ਹਨ। ਬਾਕੀ ਸਾਰੇ ਜ਼ਿਲ੍ਹੇ 100 ਤੋਂ ਉਪਰ ਵਾਲੇ ਹੀ ਹਨ।
ਆਈਜੀ ਰੂਪਨਗਰ ਰੇਂਜ ਵੀ ਨੀਰਜਾ ਵੋਰਵਰੂ ਨੇ ਦੱਸਿਆ ਕਿ ਭਗੌੜਿਆਂ ਨੂੰ ਫੜਨ ਲਈ ਕਈ ਨਵੀਆਂ ਤਕਨੀਕਾਂ ਆਈਆਂ ਹਨ ਜਿਨ੍ਹਾਂ ਨਾਲ ਇਨ੍ਹਾਂ ਨੂੰ ਜਲਦੀ ਹੀ ਕਾਬੂ ਕੀਤਾ ਜਾਵੇਗਾ।