ਅਮਰਿੰਦਰ ਦੀ ਪੰਥਕ ਰਾਜਨੀਤੀ ਨੇ ਅਕਾਲੀਆਂ ਨੂੰ ਚਿੰਤਾ ‘ਚ ਪਾਇਆ

ਅਮਰਿੰਦਰ ਦੀ ਪੰਥਕ ਰਾਜਨੀਤੀ ਨੇ ਅਕਾਲੀਆਂ ਨੂੰ ਚਿੰਤਾ ‘ਚ ਪਾਇਆ

ਜਲੰਧਰ/ਬਿਊਰੋ ਨਿਊਜ਼ :

ਪੰਥਕ ਮੁੱਦਿਆਂ ‘ਤੇ ਪਹਿਲਾਂ ਹੀ ਗੰਭੀਰ ਸੰਕਟ ‘ਚ ਗੁਜ਼ਰ ਰਹੇ ਅਕਾਲੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਗਾਤਾਰ ਪੰਥਕ ਮੁੱਦਿਆਂ ‘ਤੇ ਜ਼ੋਰ ਦਿੱਤੇ ਜਾਣ ਨੇ ਵਧੇਰੇ ਫ਼ਿਕਰਮੰਦੀ ਤੇ ਚਿੰਤਾ ਵਿਚ ਪਾ ਦਿੱਤਾ ਹੈ। ਸਰਕਾਰ ਦੀ ਸਵਾ ਸਾਲ ਦੀ ਮੱਠੀ ਕਾਰਗੁਜ਼ਾਰੀ ਤੇ ਨਸ਼ਿਆਂ ‘ਚ ਇਕਦਮ ਆਏ ਉਛਾਲ ਕਾਰਨ ਤਿੱਖੀ ਨੁਕਤਾਚੀਨੀ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਵਲੋਂ ਸਿੱਖ ਮਸਲਿਆਂ ‘ਤੇ ਕੀਤੀ ਜਾ ਰਹੀ ਪਹਿਲਕਦਮੀ ਉਨ੍ਹਾਂ ਨੂੰ ਵੱਡੀ ਰਾਹਤ ਵੀ ਦੇ ਸਕਦੀ ਹੈ। ਪਹਿਲਾਂ ਪਿਛਲੇ 34 ਸਾਲ ਤੋਂ ਇਨਸਾਫ਼ ਤੇ ਮੁਆਵਜ਼ੇ ਦੀ ਮੰਗ ਕਰਦੇ ਆ ਰਹੇ ਜੋਧਪੁਰ ਦੇ ਨਜ਼ਰਬੰਦਾਂ ਨੂੰ ਪੰਜਾਬ ਸਰਕਾਰ ਵਲੋਂ ਇਕਤਰਫ਼ਾ ਮੁਆਵਜ਼ਾ ਦਿੱਤਾ ਗਿਆ ਤੇ ਹੁਣ ਫਿਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਲੇ ਵਰ੍ਹੇ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਦੀ ਤਿਆਰੀ ਲਈ 100 ਕਰੋੜ ਰੁਪਏ ਡੇਢ ਸਾਲ ਪਹਿਲਾਂ ਜਾਰੀ ਕਰ ਦਿੱਤੇ ਗਏ ਹਨ। 550 ਸਾਲਾ ਗੁਰਪੁਰਬ ਮੌਕੇ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਜਾਰੀ ਵਿਆਪਕ ਲੜੀ ਤੋਂ ਲਗਦਾ ਹੈ ਕਿ ਕੈਪਟਨ ਇਨ੍ਹਾਂ ਸਮਾਗਮਾਂ ‘ਚ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਤੋਂ ਹੱਥ ਉੱਪਰ ਰੱਖਣ ਲਈ ਹੁਣ ਤੋਂ ਹੀ ਯਤਨਸ਼ੀਲ ਹੋ ਗਏ ਹਨ ਸੰਨ 2004 ‘ਚ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਗੁਰਪੁਰਬ ਮੌਕੇ ਖਡੂਰ ਸਾਹਿਬ ਵਿਖੇ ਕਰਵਾਏ ਸਮਾਗਮਾਂ ਦੀ ਵਾਗਡੋਰ ਕੈਪਟਨ ਹੀ ਸਾਂਭ ਗਏ ਸਨ। ਉਹ ਉਸ ਸਮੇਂ ਵੀ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਇਨ੍ਹਾਂ ਸਮਾਗਮਾਂ ਲਈ ਸਰਕਾਰ ਨੇ ਮੂਹਰੇ ਹੋ ਕੇ ਕੰਮ ਕੀਤੇ ਸਨ। ਬਰਗਾੜੀ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਦੀਆਂ ਮੰਗਾਂ ਮੰਨੇ ਜਾਣ ਦੀ ਚਰਚਾ ਵੀ ਉਨ੍ਹਾਂ ਵਲੋਂ ਪੰਥਕ ਮਸਲਿਆਂ ‘ਚ ਹੱਥ ਉੱਚਾ ਰੱਖਣ ਵੱਲ ਹੀ ਸੇਧਿਤ ਸਮਝੀ ਜਾ ਰਹੀ ਹੈ। ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਾਰੇ ਦੋਸ਼ੀ ਫੜੇ ਜਾ ਚੁੱਕੇ ਹਨ ਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਬਾਰੇ ਸਰਕਾਰੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਰਕਾਰ ਕੋਲ ਆ ਚੁੱਕੀ ਹੈ। ਇਸ ਰਿਪੋਰਟ ਬਾਰੇ ਫ਼ੈਸਲਾ ਸਰਕਾਰ ਕਿਸੇ ਸਮੇਂ ਵੀ ਲੈ ਸਕਦੀ ਹੈ। ਇਹ ਗੱਲ ਤਾਂ ਸਭ ਪ੍ਰਵਾਨ ਕਰਦੇ ਹਨ ਕਿ ਕਾਂਗਰਸ ਆਗੂ ਹੁੰਦਿਆਂ ਹੋਇਆਂ ਵੀ ਕੈਪਟਨ ਸਿੱਖ ਪੰਥ ਤੇ ਪੰਜਾਬ ਦੇ ਮੁੱਦਿਆਂ ‘ਤੇ ਮਨਮਰਜ਼ੀ ਦੇ ਸਟੈਂਡ ਤੇ ਫ਼ੈਸਲੇ ਲੈ ਜਾਂਦੇ ਹਨ। ਪਿਛਲੇ ਵਰ੍ਹੇ ਸਰਕਾਰ ਬਣਨ ਤੋਂ ਕੁਝ ਮਹੀਨੇ ਬਾਅਦ ਹੀ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ ਦੀ ਪਹਿਲੀ ਪੰਜਾਬ ਫੇਰੀ ਪ੍ਰਤੀ ਰੁੱਖ਼ਾ ਵਤੀਰਾ ਅਪਣਾਏ ਜਾਣ ਤੇ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ ਭਾਰਤ ਸਰਕਾਰ ਦੇ ‘ਠੰਢੇ’ ਸਵਾਗਤ ਤੇ ਕੈਪਟਨ ਵਲੋਂ ਟਰੂਡੋ ਨਾਲ ਮੁਲਾਕਾਤ ਸਮੇਂ ਗਰਮਜੋਸ਼ੀ ਨਾਲ ਸਵਾਗਤ ਦੀ ਥਾਂ ਕੁਝ ਗਰਮ ਖਿਆਲੀਆਂ ਦੀ ਸੂਚੀ ਹੱਥ ਫੜਾ ਕੇ ਵਿਵਾਦ ਖੜ੍ਹਾ ਕਰਨ ਦੀ ਘਟਨਾ ਨੇ ਬਹੁਤੇ ਸਿੱਖ ਹਲਕਿਆਂ ਖ਼ਾਸ ਕਰ ਪ੍ਰਵਾਸੀ ਸਿੱਖਾਂ ਦੇ ਮਨਾਂ ‘ਚ ਉਨ੍ਹਾਂ ਬਾਰੇ ਤੌਖ਼ਲੇ ਤੇ ਸ਼ੰਕੇ ਖੜ੍ਹੇ ਕਰ ਦਿੱਤੇ ਸਨ। ਪਤਾ ਲੱਗਾ ਹੈ ਕਿ ਕੈਪਟਨ ਦੀ ਸਿੱਖ ਮੁੱਦਿਆਂ ‘ਤੇ ਤਾਜ਼ਾ ਪਹਿਲਕਦਮੀ ਤੋਂ ਅਕਾਲੀ ਦਲ ਕਾਫ਼ੀ ਚਿੰਤਤ ਹੈ ਪਰ ਉਹ ਹਾਲ ਦੀ ਘੜੀ ਇਸ ਬਾਰੇ ਕੋਈ ਤਿੱਖਾ ਪ੍ਰਤੀਕ੍ਰਮ ਜ਼ਾਹਰ ਕਰਕੇ ਨਵਾਂ ਬਖੇੜਾ ਖੜ੍ਹਾ ਕਰਨ ਤੋਂ ਪਾਸਾ ਹੀ ਵੱਟ ਰਿਹਾ ਹੈ। ਉਂਝ ਦਲ ਦੇ ਨੀਤੀ ਘਾੜੇ ਸਾਰੇ ਹਾਲਾਤ ‘ਤੇ ਤਿੱਖੀ ਨਜ਼ਰ ਰੱਖ ਰਹੇ ਦੱਸੇ ਜਾਂਦੇ ਹਨ ਪਤਾ ਲੱਗਾ ਹੈ ਕਿ ਪਾਰਟੀ ਨੇ ਸਾਰੇ ਅਹਿਮ ਆਗੂਆਂ ਨੂੰ ਬਰਗਾੜੀ ਮੋਰਚੇ ਤੇ ਇਸ ਸਬੰਧੀ ਕੈਪਟਨ ਸਰਕਾਰ ਦੇ ਵਤੀਰੇ ਬਾਰੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਰੋਕ ਰੱਖਿਆ ਹੈ। ਇਥੋਂ ਤਕ ਕਿ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਇਕ ਅਹਿਮ ਇੰਟਰਵਿਊ ਵਿਚ ਪੁੱਛੇ ਸਵਾਲ ਦਾ ਇਹ ਕਹਿ ਕੇ ਜਵਾਬ ਟਾਲ ਗਏ ਕਿ ਸਾਰੀ ਸਥਿਤੀ ਸਾਹਮਣੇ ਆਉਣ ਦਿਓ, ਫਿਰ ਦੱਸਾਂਗੇ। ਉਂਝ ਬਰਗਾੜੀ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਤੇ ਸਿੱਖ ਬੰਦੀਆਂ ਦੀ ਰਿਹਾਈ ਵਰਗੇ ਮਸਲਿਆਂ ‘ਤੇ ਅਕਾਲੀ ਲੀਡਰਸ਼ਿਪ ਵਾਹ ਲਗਦੀ ਸਰਕਾਰ ਤੇ ਸਰਬੱਤ ਖ਼ਾਲਸਾ ਧਿਰ ਨਾਲ ਸਿੱਧੇ ਟਕਰਾਅ ‘ਚ ਆਉਣ ਦੀ ਬਜਾਏ ਕਿਸੇ ਵਿਚਕਾਰਲੇ ਤਰੀਕੇ ਲੜਾਈ ਲੜਨ ਦੀ ਰਣਨੀਤੀ ਅਪਣਾਏ ਜਾਣ ਨੂੰ ਤਰਜੀਹ ਦਿੰਦੀ ਦਿਖਾਈ ਦੇ ਰਹੀ ਹੈ ਪਰ ਹੈ ਇਹ ਬੜਾ ਗੁੰਝਲਦਾਰ ਤੇ ਪੇਚੀਦਾ ਮਾਮਲਾ। ਇਹ ਤਾਜ਼ਾ ਸੰਕਟ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦਾ ਵੀ ਇਮਤਿਹਾਨ ਬਣ ਸਕਦਾ ਹੈ।