ਠਾਕਰੇ ਸਾਹਿਬ ਥੋਡਾ ਈ ਆਸ਼ੀਰਵਾਦ ਐ…!!

ਠਾਕਰੇ ਸਾਹਿਬ ਥੋਡਾ ਈ ਆਸ਼ੀਰਵਾਦ ਐ…!!

ਲਓ! ਕਰ ਲੋ ਗੱਲ!!
ਕਮਲ ਦੁਸਾਂਝ

ਜਦੋਂ ਉਂਗਲ ਖੜ੍ਹੀ ਹੋਵੇ…!!
ਮੋਦੀ ਸਾਹਿਬ ਦੀ ਉਂਗਲ ਖੜ੍ਹੀ ਹੋ ਗਈ ਹੈ…ਭਗਤਾਂ ਨੂੰ ਫਰਮਾਨ ਜਾਰੀ ਹੋਇਆ ਹੈ…। 8 ਨਵੰਬਰ ਤੋਂ ਬਾਅਦ ਆਪਣੇ ਖਾਤਿਆਂ ਦਾ ਲੈਣ-ਦੇਣ ਦਾ ਬਿਊਰਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਂਪ ਦਿਓ…। ਵਾਹ ਕਯਾ ਬਾਤ ਹੈ ਮੋਦੀ ਸਾਹਿਬ…!! ਬਾਕੀ ਦੇਸ਼ ਦੇ ਆਮ ਲੋਕਾਂ ਦੇ ਖ਼ਾਤੇ ਇਨਕਮ ਟੈਕਸ ਵਿਭਾਗ ਘੋਖੇ, ਪੈਸੇ ਜਮ੍ਹਾ ਕਰਾਉਣ ਵਾਲਿਆਂ ‘ਤੇ ਪੁਲੀਸ ਦੀਆਂ ਵੀ ਕੈਰੀਆਂ ਨਜ਼ਰਾਂ ਹੋਣ ਤੇ ਤੁਹਾਡੇ ਭਗਤ ਆਪਣਾ ਹਿਸਾਬ-ਕਿਤਾਬ ਸ਼ਾਹ ਜੀ ਨੂੰ ਦੇਣ!! ਇਹ ਕਿਥੋਂ ਦਾ ਇਨਸਾਫ਼ ਹੋਇਆ। ਭਲਾ ਸ਼ਾਹ ਜੀ ਆਪਣੇ ਭਗਤਾਂ ਦੇ ਖਾਤਿਆਂ ਦਾ ਸੱਚ ਦੁਨੀਆ ਅੱਗੇ ਕਿਉਂ ਰੱਖਣਗੇ। ਮੋਦੀ ਜੀ ਨੇ ਤਾਂ ਉਂਗਲ ਖੜ੍ਹੀ ਕਰਕੇ ਭਗਤਾਂ ਨੂੰ ਫੁਰਮਾਨ ਨਹੀਂ ਸੁਣਾਇਆ…ਲੋਕਾਂ ‘ਚ ਰੋਅਬ ਪਾਇਆ ਹੈ ਕਿ ਮੇਰੀਆਂ ਨਜ਼ਰਾਂ ਸਾਰਿਆਂ ‘ਤੇ ਨੇ…। ਮੋਦੀ ਸਾਹਿਬ ਜਦੋਂ ਜਦੋਂ ਵੀ ਉਂਗਲ ਖੜ੍ਹੀ ਕਰਦੇ ਨੇ, ਉਨ੍ਹਾਂ ਦਾ ਇਸ਼ਾਰਾ ਹੱਥ ਜੋੜੀ ਖੜ੍ਹੀ ਜਨਤਾ ਵੱਲ ਹੀ ਹੁੰਦਾ ਹੈ…। ਲੋਕ ਪਹਿਲਾਂ ਹੀ ਸਹਿਮ ਜਾਂਦੇ ਹਨ ਕਿ ਹੁਣ ਕੀ ਗੁਨਾਹ ਹੋ ਗਿਆ? ਹੁਣ ਕੀ ਮਾਰ ਪਊ?

ਕੁਝ ਤਾਂ ਸ਼ਰਮ ਕਰੋ ਸਰਕਾਰ ਜੀ…!!
ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ‘ਤੇ ਕੁਝ ਬਦਮਾਸ਼ ਹਮਲਾ ਕਰਕੇ ਦੋ ਖਾੜਕੂਆਂ ਸਮੇਤ 6 ਗੈਂਗਸਟਰਾਂ ਨੂੰ ਫਰਾਰ ਕਰਵਾ ਕੇ ਲੈ ਗਏ ਤੇ ਸਾਡੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਹ ਤਾਂ ਪਾਕਿਸਤਾਨ ਦਾ ਹੱਥ ਐ…। ਲਓ! ਕਰ ਲੋ ਗੱਲ…ਕੁਝ ਤਾਂ ਸ਼ਰਮ ਕਰੋ ਸਰਕਾਰ ਜੀ। ਕਦੋਂ ਤੱਕ ਆਪਣੀਆਂ ਖ਼ਾਮੀਆਂ ਦਾ ਭਾਂਡਾ ਗਵਾਂਢੀ ਮੁਲਕ ‘ਤੇ ਭੰਨ੍ਹਦੇ ਰਹੋਗੇ? ਅਪਰਾਧੀ ਸ਼ਰੇਆਮ ਆਉਂਦੇ ਨੇ…ਫਾਇਰਿੰਗ ਕਰਦੇ ਨੇ…ਸਾਥੀਆਂ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ…ਤੇ ਜਨਾਬ ਥੋਡੀ ਪੁਲੀਸ ਕੀ ਕਰਦੀ ਸੀ? ਜੇ ਦੁਸ਼ਮਣ ਦੇਸ਼ ਥੋਡੇ ਐਨ ਅੰਦਰ ਤੱਕ ਆ ਕੇ ਹਮਲਾ ਕਰ ਦੇਵੇ ਤਾਂ ਫੇਰ ਸਰਕਾਰ ਕੀ ਕਰਦੀ ਸੀ…? ਉਂਜ ਵੀ ਦੁਸ਼ਮਣ ਤਾਂ ਅੰਦਰਲੇ ਹੀ ਸਨ…ਜਿਹੜੇ ਸ਼ਰੇਆਮ ਫੇਸਬੁੱਕ ‘ਤੇ ਚੁਣੌਤੀ ਦੇ ਕੇ ਫਰਾਰ ਹੋਏ…ਫੇਰ ਸੁਖਬੀਰ ਹੋਰਾਂ ਦਾ ਸਾਈਬਰ ਕਰਾਈਮ ਸੈੱਲ ਕੀ ਕਰਦਾ ਸੀ? ਸਰਕਾਰ ਜੀ, ਥੋੜ੍ਹੀ ਜਿਹੀ ਤਾਂ ਸ਼ਰਮ ਕਰੋ…ਐਵੇਂ ਗਵਾਂਢੀਆਂ ‘ਤੇ ਉਂਗਲ ਧਰਨ ਤੋਂ ਪਹਿਲਾਂ ਆਪਣੇ ਵੱਲ ਤਾਂ ਦੇਖ ਲਿਆ ਕਰੋ।

ਵਿਚਾਰੇ ਪੰਜਾਬ ਦਾ ਕੀ ਬਣੂੰ?!!!
ਚੱਲੋ, ਆਵਾਜ਼-ਏ-ਪੰਜਾਬ ਦੀ ਕਿਸ਼ਤੀ ਕਿਸੇ ਤਣ-ਪੱਤਣ ਲੱਗੀ। ਡਾ. ਨਵਜੋਤ ਕੌਰ ਸਿੱਧੂ ਤੇ ਪਰਗਟ ਸਿੰਘ ਕਾਂਗਰਸ ਵਿਚ ਬਿਨਾਂ ਸ਼ਰਤ ਸ਼ਾਮਲ ਹੋ ਗਏ ਹਨ। ਮੈਡਮ ਸਿੱਧੂ ਦਾ ਕਹਿਣਾ ਹੈ ਕਿ ਅਸੀਂ ਤਾਂ ਜੀ, ਕਾਂਗਰਸ ਵਿਚ ਆ ਗਏ ਹਾਂ, ਹੁਣ ਤਾਂ ਕਾਂਗਰਸ ਨੇ ਹੀ ਫ਼ੈਸਲਾ ਕਰਨਾ ਹੈ ਕਿ ਸਾਨੂੰ ਚੋਣ ਲੜਾਊਣੀ ਐ ਜਾਂ ਨਹੀਂ। ਮੈਡਮ ਜੀ, ਜੇ ਇਹੀ ਗੱਲ ਸੀ ਤਾਂ ਏਨੇ ਦਿਨ ਡਰਾਮਾ ਕਾਹਤੋਂ ਕੀਤਾ…ਪਹਿਲਾਂ ਹੀ ਬਿਨਾਂ ਸ਼ਰਤ ਸ਼ਾਮਲ ਹੋ ਜਾਣਾ ਸੀ। ਨਾਲੇ ਜਿਹੜੇ ਤੁਹਾਡੇ ਪਤੀ ਦੇਵ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵੱਡੇ ਹਮਦਰਦੀ ਬਣੇ ਸਨ, ਉਨ੍ਹਾਂ ਨੂੰ ਤਾਂ ਹਾਲੇ ਤਕ ਪੰਜਾਬ ਦਾ ਚੇਤਾ ਆਇਆ ਨਹੀਂ। ਉਨ੍ਹਾਂ ਨੇ ਕੋਈ ਡਾਢੀ ਸ਼ਰਤ ਰੱਖੀ ਲਗਦੀ ਐ…ਬੱਸ ਏਨਾ ਈ ਕਹਿਣੈ, ”ਮੈਂ ਤਾਂ ਬਿਨਾਂ ਸ਼ਰਤ ਕਾਂਗਰਸ ਦੀ  ਹਮਾਇਤ ਕਰ ਰਿਹਾਂ…।” ਅੰਦਰੀਆਂ ਗੱਲਾਂ ਤਾਂ ਬਾਅਦ ‘ਚ ਪਤਾ ਲਗਦੀਆਂ ਨੇ। ਜੇਕਰ ਹੁਣ ਸਿੱਧੂ ਸਾਹਿਬ ਦਿੱਲੀ ‘ਚ ਹੀ ਕੋਈ ਚੰਗੇ ਅਹੁਦੇ ਦੀ ਤਾਕ ਵਿਚ ਬੈਠੇ ਨੇ ਤਾਂ ਵਿਚਾਰੇ ਪੰਜਾਬ ਦਾ ਕੀ ਬਣੂੰ? ਉਨ੍ਹਾਂ ਨੇ ਤਾਂ ਪੰਜਾਬ ਖਾਤਰ ਭਾਜਪਾ ਛੱਡੀ ਸੀ…। ਚਲੋ ਪੰਜਾਬ ਦਾ ਕੀ ਐ…ਇਹ ਤਾਂ ਰੂੜ੍ਹੀ ਜਾਉ…ਚਿੰਤਾ ਤਾਂ ਲੀਡਰਾਂ ਦਾ ਈ, ਭਲਾ ਇਨ੍ਹਾਂ ਦਾ ਕੀ ਬਣੂੰ?!!

ਠਾਕਰੇ ਸਾਹਿਬ ਥੋਡਾ ਈ ਆਸ਼ੀਰਵਾਦ ਐ…!!
ਮਹਾਰਾਸ਼ਟਰ ਵਿਚ ਮੋਦੀ ਭਗਤਾਂ ਨੇ ਪੋਸਟਰ ਲਾਇਆ ਹੈ-ਮੋਦੀ ਸਾਹਿਬ ਹੱਥ ਜੋੜ ਕੇ ਖੜ੍ਹੇ ਹਨ ਤੇ ਉਪਰੋਂ ਅਕਾਸ਼ ਵਿਚੋਂ ਦੋ ਹੱਥ ਆਸ਼ੀਰਵਾਦ ਦੇਣ ਲਈ ਨਿਕਲਦੇ ਹਨ। ਇਹ ਹੱਥ ਕਿਸੇ ਹੋਰ ਦੇ ਨਹੀਂ…ਸ਼ਿਵ ਸੈਨਾ ਦੇ ਸੁਪਰੀਮੋ ‘ਸਵਰਗਵਾਸੀ’ ਬਾਲ ਠਾਕਰੇ ਦੇ ਹਨ। ਉਹ ਸਵਰਗ ਵਿਚੋਂ ਮੋਦੀ ਸਾਹਿਬ ਨੂੰ ਆਸ਼ੀਰਵਾਦ ਦੇ ਰਹੇ ਨੇ-”ਬੱਚਾ ਤੂੰ ਨੋਟਬੰਦੀ ਕਰਕੇ ਬਹੁਤ ਚੰਗਾ ਕੀਤਾ।” ਸੁਣਨ ‘ਚ ਆਇਐ ਕਿ ਸ਼ਿਵ ਸੈਨਿਕ ਵਿਚਾਰੇ ਮੋਦੀ ਸਾਹਿਬ ਨੂੰ ਪੈ ਨਿਕਲੇ ਸਨ ਕਿ ਤੁਸੀਂ ਨੋਟਬੰਦੀ ਕਿਉਂ ਕੀਤੀ? ਮੋਦੀ ਸਾਹਿਬ ਪ੍ਰੇਸ਼ਾਨ ਹੋ ਗਏ…ਉਨ੍ਹਾਂ ਕੋਲ ਨਾਰਾਜ਼ਗੀ ਦੂਰ ਕਰਨ ਦਾ ਸਭ ਤੋਂ ਕਾਰਗਰ ਹਥਿਆਰ ਐ, ਥੋੜ੍ਹਾ ਜਿਹਾ ਗਲਾ ਭਰੋ ਤੇ ਦੋ ਹੰਝੂ ਸੁੱਟ ਦਿਓ…ਸੋ ਉਨ੍ਹਾਂ ਨੇ ਇਸ ਵਾਰ ਵੀ ਇਹੋ ਨੁਸਖ਼ਾ ਅਪਣਾਇਆ-ਕਹਿੰਦੇ, ”ਜੇਕਰ ਅੱਜ ਬਾਲ ਠਾਕਰੇ ਜਿਉਂਦੇ ਹੁੰਦੇ ਤਾਂ ਨੋਟਬੰਦੀ ਦੇ ਫ਼ੈਸਲੇ ‘ਤੇ ਮੈਨੂੰ ਥਾਪੜਾ ਜ਼ਰੂਰ ਦਿੰਦੇ।” ਬੱਸ ਉਨ੍ਹਾਂ ਦੇ ਭਾਵੁਕਤਾ ਦਾ ਡਰਾਮਾ ਰਚਣ ਦੀ ਦੇਰ ਸੀ ਕਿ ਸ਼ਿਵ ਸੈਨਾ ਦੇ ਭਗਤ ਮੋਦੀ ਸਾਹਿਬ ਦੇ ਭਗਤ ਬਣ ਗਏ। ਉਹ ਵਾਹ ਗੁਰੂ, ਵਾਹ ਗੁਰੂ ਕਹਿ ਕੇ ਚੁੱਪ ਹੋ ਗਏ। ਮੋਦੀ ਸਾਹਿਬ ਦਾ ਜਾਦੂ ਚੱਲ ਗਿਆ…ਉਨ੍ਹਾਂ ਦੇ ਭਗਤਾਂ ਨੇ ਵੀ ਫੇਰ ਪੋਸਟਰ ਕੱਢਣ ‘ਚ ਦੇਰੀ ਨਹੀਂ ਕੀਤੀ। ਮੋਦੀ ਜੀ ਨੂੰ ਠਾਕਰੇ ਸਾਹਿਬ ਦਾ ਆਸ਼ੀਰਵਾਦ ਮਿਲ ਗਿਐ…ਹੁਣ ਸਭ ਠੀਕ ਐ…ਜਨਤਾ ਜਾਵੇ ਭਾੜ ‘ਚ!!!

ਬੱਸ ਰੁਜ਼ਗਾਰ ਨਾ ਮੰਗਣਾ!!!
ਪੰਜਾਬ ‘ਚ 90 ਲੱਖ ਤੋਂ ਵੱਧ ਬੇਕਾਰ ਵੋਟਾਂ ਨੇ…ਨਹੀਂ ਸਮਝੇ…ਲਓ ਫੇਰ ਦੁਬਾਰਾ ਸੁਣੋ…ਪੰਜਾਬ ਵਿਚ 90 ਲੱਖ ਤੋਂ ਵੱਧ ਬੇਰੁਜ਼ਗਾਰ ਹਨ। ਹੁਣ ਤੁਸੀਂ ਸਮਝ ਗਏ…। ਹੁਣ 90 ਲੱਖ ਕੋਈ ਥੋੜ੍ਹੀ ਸੰਖਿਐ…ਭਲਾ ਹੁਣ ਕਿਹਨੂੰ ਕਿਹਨੂੰ ਕੰਮ ‘ਤੇ ਲਾਉਣ ਸਰਕਾਰਾਂ?! ਪਰ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਤੋੜ ਲੱਭ ਲਿਆ। ਉਨ੍ਹਾਂ ਨੂੰ ਪਤੈ ਕਿ ਪੰਜਾਬ ਦੀ ਮੁੰਡੀਰ ਵਿਹਲੀ ਤੁਰੀ ਫਿਰਦੀ ਐ…ਇਹਨੂੰ ਕਿਸੇ ਕੰਮ ਲਾਓ…ਪਹਿਲਾਂ ਤਾਂ ਉਨ੍ਹਾਂ ਨੇ 50 ਲੱਖ ਸਮਾਰਟ ਫੋਨ…ਸਮੇਤ ਮੁਫ਼ਤ ਡਾਟਾ ਦੇਣ ਦਾ ਐਲਾਨ ਕੀਤਾ…ਹੁਣ ਉਹ ਇਨ੍ਹਾਂ ਨੂੰ ਬੇਰੁਜ਼ਗਾਰੀ ਭੱਤਾ ਵੀ ਦੇਣਗੇ। ਇਸ ਲਈ ‘ਬੇਕਾਰ’ ਘੁੰਮਦਿਓ ਨੌਜਵਾਨਾਂ, ਚਿੰਤਾ ਦੀ ਲੋੜ ਨਹੀਂ-ਸਮਾਰਟ ਫ਼ੋਨ ਥੋਡੇ ਹੱਥਾਂ ਵਿਚ ਹੋਣਗੇ…ਮੁਫ਼ਤ ਡਾਟਾ ਹੋਵੇਗਾ…ਮਾੜੇ-ਮੋਟੀ ਖ਼ਰਚੇ ਲਈ ਬੇਰਜ਼ੁਗਾਰੀ ਭੱਤਾ ਜੇਬ ਵਿਚ ਹੋਵੇਗਾ। ਬੱਸ ਤੁਸੀਂ ਕੋਈ ਕੰਮ ਨਾ ਮੰਗਣਾ…ਉਂ ਵੀ ਕਿਹੜਾ ਤੁਸੀਂ ਕੋਈ ਕਰਦੇ ਓ…ਵਿਹਲੇ ਬਹਿ ਕੇ ਸਮਾਰਟ ਫੋਨਾਂ ‘ਤੇ ਗੇਮਾਂ ਖੇਡਣਾਂ ਜਾਂ ਫੇਰ ਹੋਰ ਪੁੱਠੇ ਕੰਮ ਕਰਨਾ…ਬੱਸ ਰੁਜ਼ਗਾਰ ਨਾ ਮੰਗਣਾ!!