ਲੰਡਨ ‘ਚ ਮੋਦੀ ਖ਼ਿਲਾਫ਼ ਹਿੰਸਕ ਮੁਜ਼ਾਹਰੇ, ਭਾਰਤੀ ਤਿਰੰਗਾ ਫਾੜਿਆ

ਲੰਡਨ ‘ਚ ਮੋਦੀ ਖ਼ਿਲਾਫ਼ ਹਿੰਸਕ ਮੁਜ਼ਾਹਰੇ, ਭਾਰਤੀ ਤਿਰੰਗਾ ਫਾੜਿਆ

ਲੰਡਨ/ਬਿਊਰੋ ਨਿਊਜ਼
ਭਾਰਤ ਵਿੱਚ ਹਿੰਸਾ ਤੇ ਬਲਾਤਕਾਰਾਂ ਦੀਆਂ ਘਟਨਾਵਾਂ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਫੇਰੀ ਦੌਰਾਨ ਕੁਝ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਹਿੰਸਕ ਰੂਪ ਧਾਰ ਗਏ। ਇਸ ਦੌਰਾਨ ਇਥੇ 53 ਰਾਸ਼ਟਰ ਮੰਡਲ ਮੁਲਕਾਂ ਦੇ ਮੁਖੀਆਂ ਦੀ ਮੀਟਿੰਗ ‘ਚੋਗਮ’ ਦੇ ਮੱਦੇਨਜ਼ਰ ਅਧਿਕਾਰਤ ਤੌਰ ‘ਤੇ ਲਾਏ ਵੱਖ-ਵੱਖ ਕੌਮੀ ਝੰਡਿਆਂ ਵਿੱਚੋਂ ਭਾਰਤੀ ਤਿਰੰਗਾ ਫਾੜ ਦਿੱਤਾ ਗਿਆ।
ਸ੍ਰੀ ਮੋਦੀ ਇਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਬਰਤਾਨੀਆ ਪੁੱਜੇ ਹੋਏ ਹਨ। ਜਦੋਂ ਬੀਤੀ ਰਾਤ ਉਹ ਆਪਣੀ ਬਰਤਾਨਵੀ ਹਮਰੁਤਬਾ ਟੈਰੇਜ਼ਾ ਮੇਅ ਨਾਲ ਦੁਵੱਲੀ ਮੁਲਾਕਾਤ ਲਈ ਪੁੱਜੇ ਤਾਂ ਉਨ੍ਹਾਂ ਖ਼ਿਲਾਫ਼ ਖ਼ਾਸਕਰ ਭਾਰਤੀ ਭਾਈਚਾਰੇ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਪਾਰਲੀਮੈਂਟ ਸਕੁਏਅਰ ਵਿੱਚ ਲਾਏ ਗਏ ਝੰਡਿਆਂ ਵਿੱਚੋਂ ਭਾਰਤੀ ਤਿਰੰਗਾ ਫਾੜ ਦਿੱਤਾ ਗਿਆ।
ਇਸ ਮੌਕੇ ਮੁਜ਼ਾਹਰਿਆਂ ਦੀ ਕਵਰੇਜ ਕਰ ਰਿਹਾ ਭਾਰਤ ਦੇ ਇਕ ਮੋਹਰੀ ਚੈਨਲ ਦਾ ਪੱਤਰਕਾਰ ਵੀ ਰੋਹ-ਭਰੇ ਕਥਿਤ ਖ਼ਾਲਿਸਤਾਨ-ਪੱਖੀਆਂ ਦੀ ਹਿੰਸਕ ਭੀੜ ਵਿੱਚ ਘਿਰ ਗਿਆ। ਇਸ ਕਾਰਨ ਮੌਕੇ ‘ਤੇ ਤਾਇਨਾਤ ਬਰਤਾਨਵੀ ਪੁਲੀਸ ਸਕਾਟਲੈਂਡ ਯਾਰਡ ਦੇ ਜਵਾਨਾਂ ਨੂੰ ਉਸ ਦੇ ਬਚਾਅ ਲਈ ਦਖ਼ਲ ਦੇਣਾ ਪਿਆ। ਸ੍ਰੀ ਮੋਦੀ ਦੀ ਫੇਰੀ ਨਾਲ ਸਬੰਧਤ ਇਕ ਸੀਨੀਅਰ ਅਧਿਕਾਰੀ ਨੇ ਇਸ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ, ”ਅਸੀਂ ਇਸ ਘਟਨਾ ਖ਼ਿਲਾਫ਼ ਬਰਤਾਨਵੀ ਅਧਿਕਾਰੀਆਂ ਕੋਲ ਆਪਣੀ ਚਿੰਤਾ ਜ਼ਾਹਰ ਕਰ ਦਿੱਤੀ ਹੈ। ਅਸੀਂ ਇਨ੍ਹਾਂ ਅਨਸਰਾਂ ਵੱਲੋਂ ਗੜਬੜ ਕੀਤੇ ਜਾਣ ਦੇ ਖ਼ਦਸ਼ੇ ਬਾਰੇ ਚੌਕਸ ਕਰਦੇ ਆ ਰਹੇ ਸਾਂ ਤੇ ਅਧਿਕਾਰੀਆਂ ਨੇ ਸਾਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਭਾਰਤੀ ਤਿਰੰਗਾ ਮੁੜ ਲਹਿਰਾ ਦਿੱਤਾ ਗਿਆ ਹੈ।”
ਪਾਰਲੀਮੈਂਟ ਸਕੁਏਅਰ ਵਿੱਚ ਕਰੀਬ 500 ਮੁਜ਼ਾਹਰਾਕਾਰੀਆਂ ਦੀ ਅਗਵਾਈ ਖ਼ਾਲਿਸਤਾਨ-ਪੱਖੀ ਸਿੱਖ ਫੈਡਰੇਸ਼ਨ ਯੂਕੇ ਅਤੇ ਪਾਕਿਤਸਾਨੀ ਮੂਲ ਦੇ ਪੀਰ ਲਾਰਡ ਅਹਿਮਦ ਦੇ ‘ਮਾਇਨੌਰਿਟੀਜ਼ ਅਗੇਂਸਟ ਮੋਦੀ’ ਨਾਮੀ ਗਰੁੱਪ ਵੱਲੋਂ ਕੀਤੀ ਜਾ ਰਹੀ ਸੀ। ਮੁਜ਼ਾਹਾਕਾਰੀਆਂ ਵਿੱਚ ਕੁਝ ਕਸ਼ਮੀਰੀ ਵੱਖਵਾਦੀ ਗਰੁੱਪ ਵੀ ਸ਼ਾਮਲ ਸਨ। ਕੁਝ ਸਮੇਂ ਲਈ ਉਨ੍ਹਾਂ ਸਕੁਏਅਰ ਵਿੱਚ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਆਪਣੇ ਬੈਨਰਾਂ ਤੇ ਝੰਡਿਆਂ ਨਾਲ ਘੇਰਾ ਪਾਇਆ।
ਕਾਸਟ ਵਾਚ ਯੂਕੇ ਤੇ ਸਾਊਥ ਏਸ਼ੀਆ ਸੌਲਿਡੈਰਿਟੀ ਦੇ ਕਾਰਕੁਨਾਂ ਨੇ ਵੀ ‘ਮੋਦੀ ਤੇਰਾ ਸਵਾਗਤ ਨਹੀਂ’ ਲਿਖੇ ਬੈਨਰ ਦਿਖਾਏ। ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਕਠੂਆ ਬਲਾਤਕਾਰ ਕਾਂਡ ਦੀ ਸ਼ਿਕਾਰ ਅੱਠ ਸਾਲਾ ਬੱਚੀ ਆਸਿਫ਼ਾ ਬਾਨੋ ਤੇ ਕਥਿਤ ਹਿੰਦੂਵਾਦੀਆਂ ਵੱਲੋਂ ਕਤਲ ਕੀਤੀ ਗਈ ਪੱਤਰਕਾਰ ਗੌਰੀ ਲੰਕੇਸ਼ ਦੀਆਂ ਤਸਵੀਰਾਂ ਵੀ ਚੁੱਕੀਆਂ ਹੋਈਆਂ ਸਨ। ਦੂਜੇ ਪਾਸੇ ਸਾੜ੍ਹੀਧਾਰੀ ਔਰਤਾਂ ਦੇ ਇਕ ਗਰੁੱਪ ਨੇ ਸ੍ਰੀ ਮੋਦੀ ਦੇ ਹੱਕ ਵਿੱਚ ਵੀ ਮੁਜ਼ਾਹਰਾ ਕੀਤਾ।