ਮੋਦੀ ਤੇ ਜਿਨਪਿੰਗ ਫ਼ੌਜੀ ਟਕਰਾਅ ਤੋਂ ਬਚਾਅ ਰੱਖਣ ਲਈ ਸਹਿਮਤ

ਮੋਦੀ ਤੇ ਜਿਨਪਿੰਗ ਫ਼ੌਜੀ ਟਕਰਾਅ ਤੋਂ ਬਚਾਅ ਰੱਖਣ ਲਈ ਸਹਿਮਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵੂਹਾਨ ਵਿੱਚ ਝੀਲ ‘ਚ ਇੱਕ ਹਾਊਸ ਬੋਟ ਵਿੱਚ ਖੜ੍ਹਿਆ ਦੀ ਫੋਟੋ।

ਵੂਹਾਨ/ਬਿਊਰੋ ਨਿਊਜ਼:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੋਵਾਂ ਦੇਸ਼ਾਂ ਦਰਮਿਆਨ ਭਰੋਸਾ ਤੇ ਸੂਝ ਬੂਝ ਵਧਾਉਣ ਲਈ ਆਪੋ ਆਪਣੀਆਂ ਫ਼ੌਜਾਂ ਨੂੰ ਆਪਸੀ ਸੰਚਾਰ ਵਧਾਉਣ ਲਈ ‘ਰਣਨੀਤਕ ਸੇਧ’ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਦਾ ਮੰਤਵ ਹੈ ਕਿ ਭਵਿੱਖ ਵਿੱਚ ਡੋਕਲਾਮ ਜਿਹੇ ਹਾਲਾਤ ਮੁੜ ਪੈਦਾ ਨਾ ਹੋਣ।
ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਨਾਲ ਉਨ੍ਹਾਂ ਭਾਰਤ-ਚੀਨ ਸਹਿਯੋਗ ਦੇ ਬਹੁਤ ਸਾਰੇ ਖੇਤਰਾਂ ‘ਤੇ ਵਿਚਾਰ ਚਰਚਾ ਕੀਤੀ ਹੈ। ਉਨ੍ਹਾਂ ਕਿਹਾ ” ਅਸੀਂ ਆਪਣੇ ਆਰਥਿਕ ਸਬੰੰਧਾਂ ਤੇ ਲੋਕਾਂ ਦਰਮਿਆਨ ਆਪਸੀ ਸਬੰਧਾਂ ਨੂੰ ਹੁਲਾਰਾ ਦੇਣ ਦੇ ਢੰਗਾਂ ਬਾਰੇ ਵਿਚਾਰ ਸਾਂਝੇ ਕੀਤੇ ਹਨ। ਜਿਨ੍ਹਾਂ ਹੋਰ ਖੇਤਰਾਂ ਬਾਰੇ ਅਸੀਂ ਗੱਲਬਾਤ ਕੀਤੀ ਉਨ੍ਹਾਂ ਵਿੱਚ ਖੇਤੀਬਾੜੀ, ਤਕਨਾਲੋਜੀ, ਊਰਜਾ ਤੇ ਸੈਰਸਪਾਟਾ ਸ਼ਾਮਲ ਹਨ।
ਕੇਂਦਰੀ ਚੀਨ ਦੇ ਇਸ ਸ਼ਹਿਰ ਵਿੱਚ ਸ੍ਰੀ ਮੋਦੀ ਤੇ ਸ੍ਰੀ ਸ਼ੀ ਦਰਮਿਆਨ ਦੋ ਦਿਨ ਚੱਲੀ ਗ਼ੈਰਰਸਮੀ ਸਿਖਰ ਵਾਰਤਾ ਤੋਂ ਬਾਅਦ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਸਮੁੱਚੀ ਬਿਹਤਰੀ ਦੀ ਖਾਤਰ ਭਾਰਤ-ਚੀਨ ਸਰਹੱਦੀ ਖਿੱਤੇ ਦੇ ਸਾਰੇ ਖੇਤਰਾਂ ਵਿੱਚ ਅਮਨ ਚੈਨ ਕਾਇਮ ਰੱਖਣ ਦੀ ਅਹਿਮੀਅਤ ਨੂੰ ਰੇਖਾਂਕਤ ਕੀਤਾ ਹੈ। ”ਉਨ੍ਹਾਂ ਆਪੋ-ਆਪਣੀਆਂ ਫ਼ੌਜਾਂ ਆਪਸੀ ਭਰੋਸਾ ਤੇ ਸੂਝ ਬੂਝ ਪੈਦਾ ਕਰਨ ਤੇ ਸਰਹੱਦੀ ਮਾਮਲਿਆਂ ਦੇ ਪ੍ਰਬੰਧ ਦੀ ਯਕੀਨਦਹਾਨੀ ਤੇ ਕਾਰਗਰਤਾ ਵਧਾਉਣ ਲਈ ਰਣਨੀਤਕ ਸੇਧ ਜਾਰੀ ਕੀਤੀ ਹੈ।” ਉਨ੍ਹਾਂ ਕਿਹਾ ਕਿ ਦੋਵੇਂ ਆਗੂਆਂ ਨੇ ਆਪੋ ਆਪਣੀਆਂ ਫ਼ੌਜਾਂ ਨੂੰ ਦੋਵਾਂ ਧਿਰਾਂ ਦਰਮਿਆਨ ਸਹਿਮਤੀਯਾਫ਼ਤਾ ਆਪਸੀ ਭਰੋਸਾ ਵਧਾਉਣ ਦੇ ਵੱਖ ਵੱਖ ਕਦਮਾਂ ‘ਤੇ ਤਨਦੇਹੀ ਨਾਲ ਅਮਲ ਕਰਨ ਤੇ ਦੁਵੱਲੀ ਸੁਰੱਖਿਆ ਦੇ ਸਿਧਾਂਤ ਤੇ ਸਰਹੱਦੀ ਖੇਤਰਾਂ ਵਿੱਚ ਵਾਰਦਾਤਾਂ ਦੀ ਰੋਕਥਾਮ ਲਈ ਮੌਜੂਦਾ ਸੰਸਥਾਈ ਪ੍ਰਬੰਧਾਂ ਤੇ ਸੂਚਨਾ ਦੇ ਆਦਾਨ ਪ੍ਰਦਾਨ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। ਦੋਵੇਂ ਆਗੂਆਂ ਨੇ ਸਾਂਝੇ ਤੌਰ ‘ਤੇ ਦਰਪੇਸ਼ ਦਹਿਸ਼ਤਗਰਦੀ ਦੇ ਖ਼ਤਰੇ ਨੂੰ ਦਰਸਾਇਆ ਤੇ ਦਹਿਸ਼ਤਗਰਦੀ ਦੇ ਟਾਕਰੇ ਲਈ ਤਾਲਮੇਲ ਕਰਨ ਦੀ ਵਚਨਬੱੱਧਤਾ ਪ੍ਰਗਟਾਈ। ਜਦੋਂ ਸ੍ਰੀ ਗੋਖਲੇ ਤੋਂ ਪੁੱਛਿਆ ਗਿਆ ਕਿ ਕਿ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਮੁੱਦੇ ‘ਤੇ ਕੋਈ ਗੱਲ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਕਿਸੇ ਖਾਸ ਮੁੱਦੇ ਨੂੰ ਲੈ ਕੇ ਗੱਲ ਨਹੀਂ ਹੋਈ। ਦੋਵਾਂ ਆਗੂਆਂ ਨੇ ਸਹਿਮਤੀ ਜਤਾਈ ਕਿ ਭਾਰਤ ਤੇ ਚੀਨ ਰਣਨੀਤਕ ਤੇ ਨਿਰਣਾ ਖੁਦਮੁਖ਼ਤਾਰੀ ਸਹਿਤ ਮੁੱਖ ਸ਼ਕਤੀਆਂ ਹਨ ਤੇ ਉਹ ਸ਼ਾਂਤਮਈ, ਸਥਿਰ ਤੇ ਸੰਤੁਲਤ ਸਬੰਧਾਂ ਦੀ ਪੈਰਵੀ ਕਰਦੇ ਹੋਏ ਅਜਿਹੇ ਸਬੰਧ ਉਸਾਰਨਗੇ ਜੋ ਆਲਮੀ ਤੌਰ ‘ਤੇ ਸਥਿਰਤਾ ਦਾ ਸਬੱਬ ਬਣਨ। ਉਨ੍ਹਾਂ ਕਿਹਾ ਕਿ ਵਪਾਰ ਸਾਵਾਂ ਤੇ ਹੰਢਣਸਾਰ ਹੋਣਾ ਚਾਹੀਦਾ ਹੈ ਤੇ ਦੋਵਾਂ ਦੇਸ਼ਾਂ ਨੂੰ ਇਕ ਦੂਜੇ ਦੇ ਪੂਰਕ ਪੱਖਾਂ ਦਾ ਲਾਹਾ ਲੈਣਾ ਚਾਹੀਦਾ ਹੈ।

ਅਫ਼ਗਾਨਿਸਤਾਨ ‘ਚ ਸਾਂਝੇ ਪ੍ਰਾਜੈਕਟ ਲਈ ਸਹਿਮਤ
ਦੋਵੇਂ ਆਗੂਆਂ ਨੇ ਅਫ਼ਗਾਨਿਸਤਾਨ ਵਿੱਚ ਇਕ ਸਾਂਝਾ ਆਰਥਿਕ ਪ੍ਰਾਜੈਕਟ ਸ਼ੁਰੂ ਕਰਨ ਦੀ ਸਹਿਮਤੀ ਜਤਾਈ ਹੈ। ਇਸ ਤੋਂ ਚੀਨ ਦਾ ‘ਸਦਾਬਹਾਰ ਦੋਸਤ’ ਪਾਕਿਸਤਾਨ ਖਫ਼ਾ ਹੋ ਸਕਦਾ ਹੈ। ਸੂਤਰਾਂ ਮੁਤਾਬਕ ਦੋਵੇਂ ਦੇਸ਼ਾਂ ਦੇ ਅਧਿਕਾਰੀ ਪ੍ਰਾਜੈਕਟ ਦੀ ਤਫ਼ਸੀਲ ਤਿਆਰ ਕਰਨਗੇ। ਜੰਗ ਦਾ ਸੰਤਾਪ ਭੁਗਤ ਰਹੇ ਉਸ ਮੁਲਕ ਵਿੱਚ ਭਾਰਤ ਤੇ ਚੀਨ ਦੀ ਭਿਆਲੀ ਵਾਲਾ ਇਹ ਪਹਿਲਾ ਪ੍ਰਾਜੈਕਟ ਹੋਵੇਗਾ।