ਮੋਦੀ ਭਗਤਾਂ ਨੂੰ ਦਰਦ ਨਹੀਂ ਹੁੰਦਾ…!!

ਮੋਦੀ ਭਗਤਾਂ ਨੂੰ ਦਰਦ ਨਹੀਂ ਹੁੰਦਾ…!!

ਲਓ! ਕਰ ਲੋ ਗੱਲ!!!
ਕਮਲ ਦੁਸਾਂਝ

ਮੋਦੀ ਭਗਤਾਂ ਨੂੰ ਦਰਦ ਨਹੀਂ ਹੁੰਦਾ…!!
ਅਰੁਣ ਜੇਤਲੀ- ਮੋਦੀ ਜੀ ਆ ਡੁਸਕੀ ਕਿਉਂ ਜਾਣੇ ਓਂ?
ਮੋਦੀ- ਯਾਰ ਜੇਤਲੀ, ਮੈਂ ਨੋਟਬੰਦੀ ਕੀ ਕੀਤੀ, ਆ ਵਿਰੋਧੀ ਤਾਂ ਮੇਰੇ ਪੋਤੜੇ ਈ ਫਰੋਲੀ ਜਾਂਦੇ ਆ।
ਜੇਤਲੀ- ਕੋਈ ਗੱਲ ਨੀਂ, ਤੁਸੀਂ ਬੋਲੀ ਜਾਣ ਦੋ…ਜਿਨ੍ਹਾਂ ਲਈ ਨੋਟ ਬੰਦ ਕੀਤੇ ਆ, ਉਹ ਤਾਂ ਖ਼ੁਸ਼ ਆ…ਝੋਲੀਆਂ ਤਾਂ ਉਨ੍ਹਾਂ ਨੇ ਈ ਭਰਨੀਆਂ ਨੇ ਆਪਣੀਆਂ।
ਮੋਦੀ- ਓ ਭਰਾਵਾ, ਉਹ ਤਾਂ ਠੀਕ ਆ…ਵੋਟਾਂ ਦੀਆਂ ਝੋਲੀਆਂ ਵੀ ਚਾਹੀਦੀਆਂ ਨੇ…।
ਜੇਤਲੀ- ਚਿੰਤਾਨਾ ਕਰੋ…ਚਾਰ ਕੁ ਦਿਨਾਂ ਦਾ ਰੌਲਾ ਐ…ਜਲਦੀ ਈ ਕੋਈ ਜੁਮਲਾ ਛੱਡਦੇ ਆਂ, ਆਪੇ ਲੋਕਾਂ ਦਾ ਧਿਆਨ ਨੋਟਬੰਦੀ ਤੋਂ ਹਟ ਕੇ ਉਧਰ ਨੂੰ ਹੋ ਜਾਊ…।
ਮੋਦੀ- ਓ ਤਾਂ ਠੀਕ ਐ ਯਾਰ…ਤੂੰ ਐਵੇਂ ਦੂਰ ਦੀਆਂ ਸੁੱਟੀ ਜਾਣੈ…ਅੱਜ ਦੀ ਗੱਲ ਕਰ…।
ਜੇਤਲੀ- ਇਹ ਵੀ ਕੋਈ ਔਖੈ…ਮੇਰੇ ਮੂਹਰੇ ਡੁਸਕੀ ਜਾਣੇ ਓਂ…ਜ਼ਰਾ ‘ਮਨ ਕੀ ਬਾਤ’ ‘ਚ ਜਾ ਕੇ ਫਫੇ ਕੁੱਟ ਲਓ…।
ਮੋਦੀ- ਗੱਲ ਤਾਂ ਤੇਰੀ ਠੀਕ ਆ…ਪਰ ਮੇਰੇ ‘ਕੱਲੇ ਦੇ ਫਫੇ ਕੁੱਟਣ ਨਾਲ ਕੀ ਹੋਣੈ…?
ਜੇਤਲੀ- ਲਓ, ਫੇਰ ਇਹਦਾ ਵੀ ਜੁਗਾੜ ਕਰ ਦਿੰਦੇ ਆਂ…।
ਮੋਦੀ- ਓ ਕੀ ਭਲਾਂ…ਛੇਤੀ ਦਸ…ਮੇਰਾ ਤਾਂ ਦਿਲ ਬੈਠੀ ਜਾਂਦੈ…।
ਜੇਤਲੀ- ਆ ਥੋਡੇ ਭਗਤਾਂ ਦੀ ਫ਼ੌਜ ਕਦੋਂ ਕੰਮ ਆਊ…ਇਨ੍ਹਾਂ ਨੂੰ ਅੱਡੀਆਂ ‘ਤੇ ਲਾ ਕੇ ਚੱਟਣੈ…।
ਮੋਦੀ- ਖੁੱਲ੍ਹ ਦਸ ਛੇਤੀ ਦੇਣੇ…।
ਜੇਤਲੀ- ਆ ਬੈਂਕਾਂ ਦੇ ਬਾਹਰ ਜਿੰਨੀਆਂ ਲਾਈਨਾਂ ਲੱਗੀਐਂ…10-10, 20-20 ਭਗਤ ਭੇਜ ਦਿੰਦੇ ਆਂ…ਆਮ ਲੋਕਾਂ ਵਾਂਗ ਲਾਈਨਾਂ ‘ਚ ਲੱਗ ਕੇ ਥੋਡੇ ਗੁਣ ਗਾਉਣਗੇ-ਬਈ ਮੋਦੀ ਨੇ ਤਾਂ ਕਮਾਲ ਕਰਤੀ…ਸਾਨੂੰ ਤਾਂ ਜੀ ਲਾਈਨ ‘ਚ ਲੱਗਣ ਦੀ ਕੋਈ ਤੰਗੀ ਨਹੀਂ…। ਬੱਸ ਫੇਰ ਦੇਖੋ ਕਰਾਮਾਤ…।
ਮੋਦੀ-ਓਏ…ਪਰ ਇਨ੍ਹਾਂ ਦੀ ਸੁਣੂ ਕੌਣ…?
ਜੇਤਲੀ- ਕਰਤੀ ਨਾ ਓਹੀ ਗੱਲ…ਜਿਨ੍ਹਾਂ ਦੇ ਕਾਲੇ ਧਨ ‘ਤੇ ਪਰਦਾ ਪਾਉਣ ਲਈ ਆ ਸਾਰਾ ਡਰਾਮਾ ਰਚਿਐ…ਉਨ੍ਹਾਂ ਦਾ ਈ ਤਾਂ ਮੀਡੀਆ ਤੇ ਮੀਡੀਆ ਕਦੋਂ ਕੰਮ ਆਉ…।
ਮੋਦੀ- ਬੱਲੇ ਓਏ ਸ਼ੇਰਾ…ਤੂੰ ਤਾਂ ਚਿੱਤ ਖ਼ੁਸ਼ ਕਰਤਾ…ਉਂ ਈ ਤਾਂ ਨੀਂ ਮੈਂ ਤੈਨੂੰ ਆਪਣੇ ਨਾਲ ਰੱਖਿਆ…। ਚੱਲ ਫੇਰ ਕਰ ਦੇ ਜੁਗਾੜ ਫਿੱਟ…।

ਮੌਕਾ ਪ੍ਰਸਤਾਂ ਦਾ ਵਿਆਹ!!!
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਬੈਂਸ ਭਰਾਵਾਂ ਵਿਚਾਲੇ ਗਠਜੋੜ ਅਸਲ ਵਿਚ ਮੌਕਾ ਪ੍ਰਸਤਾਂ ਦਾ ਵਿਆਹ ਹੈ। ਬੈਂਸ ਭਰਾਵਾਂ ਨੇ 2012 ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਗੱਲ ਕੀਤੀ ਸੀ ਪਰ ਅਸੀਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਕਿਉਂਕਿ ਪਾਰਟੀ ਉਨ੍ਹਾਂ ਦੀ ਬਲੈਕ ਮੇਲਿੰਗ ਵਾਲੀ ਸਿਆਸਤ ਨੂੰ ਪਸੰਦ ਨਹੀਂ ਕਰਦੀ। ਲਓ ਜੀ! ਹੁਣ ਜੇ ਕੋਈ ਆਮ ਆਦਮੀ ਪਾਰਟੀ, ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿਚ ਦਲ ਬਦਲੂ ਜਾਂਦੇ ਨੇ ਤਾਂ ਮੌਕਾ ਪ੍ਰਸਤਾਂ ਦਾ ਵਿਆਹ ਤੇ ਜਿਹੜੇ ਅਕਾਲੀ ਦਲ ਵਿਚ ਆਉਂਦੇ ਨੇ ਤਾਂ ਉਹ ਕੀ ਹੋਇਆ?? ਟਿਕਟਾਂ ਨਾ ਮਿਲਣ ਕਾਰਨ ਕਾਂਗਰਸ ਤੋਂ ਬਾਗ਼ੀ ਹੋਏ ਆਗੂ ਹੁਣ ਅਕਾਲੀ ਦਲ ਦੇ ਜਹਾਜ਼ ਵਿਚ ਚੜ੍ਹ ਰਹੇ ਹਨ। ਇਨ੍ਹਾਂ ਪਾਰਟੀਆਂ ਨੂੰ ਦੇਖ ਕੇ ਤਾਂ ਇੰਜ ਲੱਗ ਰਿਹਾ ਹੈ ਕਿ ਇਨ੍ਹਾਂ ਨੇ ਆਪਣੀਆਂ ਗੱਡੀਆਂ ਭਜਾਈਆਂ ਹੋਈਆਂ ਹਨ-ਗੱਡੀਆਂ ਅੰਦਰ ਬਹਿ ਕੇ ਸੌਦੇਬਾਜ਼ੀਆਂ ਹੋ ਰਹੇ ਨੇ ਤੇ ਜਦੋਂ ਜਿਹਨੂੰ ਸੌਦਾ ਫਿੱਟ ਨਹੀਂ ਬੈਠਦਾ ਉਹ ਛਾਲਮਾਰ ਕੇ ਦੂਜੀ ਗੱਡੀ ਵਿਚ ਚੜ੍ਹ ਜਾਂਦਾ ਹੈ। ਪਤਾ ਨਹੀਂ ਕਦੋਂ ਇਨ੍ਹਾਂ ਦਾ ਵਿਆਹ ਹੁੰਦੈ ਤੇ ਕਦੋਂ ਤਲਾਕ ਵੀ ਹੋ ਜਾਂਦੈ, ਲੋਕ ਤਾਂ ਇਨ੍ਹਾਂ ਦੀਆਂ ਬਾਂਦਰ ਟਪੂਸੀਆਂ ਦੇਖ ਹੈਰਾਨ ਹੋ ਹੋ ਜਾ ਰਹੇ ਹਨ। ਚੱਲੋ ਖ਼ੈਰ, ਹੁਣ ਵੋਟਰਾਂ ਨੂੰ ਜੱਫ਼ੇ ਪਾਉਣ ਲਈ ਕੋਈ ਤਾਂ ਬਿਆਨਬਾਜ਼ੀ ਕਰਨੀ ਹੋਈ,  ਨਹੀਂ ਤਾਂ ਲੋਕਾਂ ਨੂੰ ਕਿਵੇਂ ਪਤਾ ਚੱਲੂ ਕੌਣ ਕੀਹਦੇ ਨਾਲ ਐ…!!!

ਚੁੱਕੋ…ਚੁੱਕੋ…ਸਾਡਾ ਰਾਜ ਐ…!!
ਛੋਟੇ ਬਾਦਲ ਸਾਹਿਬ ਕਿਸਾਨਾਂ ਨੂੰ ਹੋਕਾ ਦੇ ਰਹੇ ਨੇ-ਕਿਸਾਨੋਂ ਆਓ, ਜ਼ਮੀਨਾਂ ਦੇ ਇੰਤਕਾਲ ਥੋਡੇ ਨਾਂ ਚੜ੍ਹਾ’ਤੇ, ਤੁਸੀਂ ਤਾਂ ਬੱਸ ਕਬਜ਼ਾ ਕਰੋ। ਲਓ! ਕਰ ਲੋ ਗੱਲ, ਸਿਆਸੀ ਲਾਹਾ ਖੱਟਣੈ ਆਪ ਤੇ ਡਾਂਗਾਂ ਮਰਵਾਉਣੀਆਂ ਮਾਤੜ੍ਹ ਕਿਸਾਨਾਂ ਦੇ। ਉਂ ਤਾਂ ਸਿਆਸੀ ਲੀਡਰ ਦੂਜਿਆਂ ਦੀਆਂ ਜ਼ਮੀਨਾਂ ‘ਤੇ ਪੁਲੀਸ ਨਾਲ ਰਲ਼ ਕੇ ਮਿੰਟੋ-ਮਿੰਟੀ ਜ਼ਮੀਨਾਂ ‘ਤੇ ਕਬਜ਼ੇ ਕਰ ਲੈਂਦੇ ਆ ਤੇ ਹੁਣ ਕਿਉਂ ਅੱਗੇ ਨੀਂ ਆਉਂਦੇ…ਪਤੈ ਨਾ, ਬਈ ਇਹ ਸਾਰਾ ਡਰਾਮਾ ਹੋ ਰਿਹੈ। ਜਦੋਂ ਜ਼ਮੀਨਾਂ ਐਕਵਾਇਰ ਕੀਤੀਆਂ ਸਨ, ਉਦੋਂ ਤਾਂ ਛੋਟੇ ਬਾਦਲ ਨੂੰ ਕਿਸਾਨਾਂ ਨਾਲ ਹਮਦਰਦੀ ਨਹੀਂ ਹੋਈ, ਉਲਟਾ ਉਦੋਂ ਚੌਟਾਲਿਆਂ ਤੋਂ ਇਵਜ਼ ਵਿਚ ਜ਼ਮੀਨ ਲੈ ਲਈ। ਬੱਲੇ ਓ ਬਾਦਲਾ! ਜੇ ਕੱਲ੍ਹ ਨੂੰ ਮੋਦੀ ਨੇ ਦਬਕਾ ਮਾਰਿਆ ਕਿ ਜ਼ਮੀਨਾਂ ਦੇ ਕਬਜ਼ੇ ਛੱਡੋ, ਫੇਰ ਕੀ ਹੋਊ? ਉਂ ਵੀ ਚਾਲ ਤਾਂ ਚੰਗੀ ਚੱਲੀ ਐ…ਜੇ ਸੱਤਾ ਨਾ ਰਹੀ, ਆਪੇ ਆਉਣ ਵਾਲੀ ਹਕੂਮਤੀ ਧਿਰ ਮੱਥਾ ਮਾਰੂ… ਨਾਲੇ ਅਦਾਲਤਾਂ ਨਾਲ, ਨਾਲੇ ਕਿਸਾਨਾਂ ਨਾਲ ਤੇ ਨਾਲੇ ਕੇਂਦਰ ਸਰਕਾਰ ਨਾਲ। ਲਗਦੈ ਛੋਟੇ ਬਾਦਲ ਨੇ ਕੈਲੀਫੋਰਨੀਆ ਜਾਣ ਦੀ ਪੂਰੀ ਤਿਆਰੀ ਕਸ ਲਈ ਐ ਤੇ ਉਥੇ ਈ ਕਿਸੇ ਜ਼ਮੀਨ’ਤੇ ‘ਕਬਜ਼ਾ’ ਕਰਕੇ ਖੇਤੀ ਕਰਨਗੇ। ਪਰ ਅੱਜ ਤਾਂ ਬਾਦਲਾਂ ਦਾ ਰਾਜ ਐ-ਤੁਸੀਂ ਤਾਂ ਬੱਸ ਜ਼ਮੀਨਾਂ ਚੁੱਕੋ।

ਮੋਬਾਈਲ ਲੈ ਲੋ…ਮੋਬਾਈਲ!!!
ਬੱਲੇ ਬੱਲੇ!! ਹੁਣ ਤਾਂ ਜੇ ਪੰਜਾਬ ਵਿਚ ਰਾਜਾ ਸਾਹਿਬ (ਕੈਪਟਨ ਅਮਰਿੰਦਰ ਸਿੰਘ) ਆ’ਗੇ ਤਾਂ ਸਾਰਿਆਂ ਨੂੰ ਸਮਾਰਟ ਬਣਾ ਦੇਣਗੇ। ਇਕ-ਅੱਧ ਨਈਂ, ਪੂਰੇ 50 ਲੱਖ ਸਮਾਰਟ ਫ਼ੋਨ ਵੰਡਣੇ ਆ ਉਨ੍ਹਾਂ…। ਬਾਦਲਾਂ ਵਾਂਗ ਥੋੜ੍ਹੈ-ਅਖੇ ਲੈਪ ਟੌਪ ਵੰਡਾਂਗੇ…ਹੁਣ ਤਾਂ 10 ਸਾਲ ਲੰਘ ਗਏ…ਲੈਪ ਟੌਪ ਤਾਂ ਕਿਤੇ ਦਿਸੇ ਨਈਂ…ਸਾਈਕਲ ਤੇ ਭਾਂਡੇ-ਟਿੰਡੇ ਵੰਡ ਕੇ ਹੀ ਸਾਰ ਲਿਐ…। ਨਾਲੇ ਬਾਦਲਾਂ ਨੇ ਤਾਂ ਐਵੇਂ ਮਜ਼ਾਕ ਕੀਤਾ ਸੀ, ਤੁਸੀਂ ਸੱਚ ਮੰਨ ਲਿਆ। ਭਲੀਓ ਲੋਕੋ ਬਾਦਲਾਂ ਨੇ ਪੜ੍ਹਾਈ ਤਾਂ ਥੋਡੇ ਨਿਆਣਿਆਂ ਤੋਂ ਖੋਹ ਲਈ…ਲੈਪ ਟੌਪ ਲੈ ਕੇ ਤੁਸੀਂ ਕਰਨਾ ਵੀ ਕੀ ਐ…। ਜਿਹੜੇ ਮਹਿੰਗੇ ਭਾਅ ਚਾਰ ਜਮਾਤਾਂ ਪੜ੍ਹਨ ਜੋਗੇ ਆ…ਉਹ ਲੈਪ ਟੌਪ ਲੈਣ ਜੋਗੇ ਵੀ ਆ। ਚੱਲੋ ਜੇ ਰਾਜਾ ਸਾਹਿਬ ਆ ਗਏ ਤਾਂ ਪਰਵਾਸੀਆਂ ਦੀਆਂ ਜੇਬਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲ ਜੂ…ਆ ਏਧਰਲੀ ਮੁੰਡੀਰ ਕੰਮ-ਧੰਦਾ ਤਾਂ ਕੋਈ ਕਰਦੀ ਨੀਂ…ਵਿਦੇਸ਼ੀ ਬੈਠੇ ਆਪਣੇ ਰਿਸ਼ਤੇਦਾਰਾਂ ਤੋਂ ਸਮਾਰਟ ਫ਼ੋਨ ਮੰਗਣ ‘ਤੇ ਜ਼ੋਰ ਲਾਈ ਰੱਖਦੀ ਐ।

ਆਜਾ ਮੇਰਾ ਸ਼ੇਰ ਬੱਗਾ…!!
ਕੇਜਰੀਵਾਲ- ਭਗਵੰਤ…!!! ਆਜਾ ਮੇਰਾ ਸ਼ੇਰ ਬੱਗਾ!! ਦੇਖ ਤੂੰ ਜਿੱਥੇ ਲੋੜ ਪਏ ਫਿੱਟ ਹੋ ਜਾਣੈ…। ਸਦਕੇ ਜਾਵਾਂ ਤੇਰੇ ‘ਤੇ…।
ਭਗਵੰਤ ਮਾਨ- ਨਾਸਰ ਜੀ! ਫਿੱਟ ਹੋਣ ਨੂੰ ਮੈਂ ਆਲੂ ਆਂ…ਬਈ ਜਿਹੜੀ ਮਰਜ਼ੀ ਸਬਜ਼ੀ ‘ਚ ਤੜਕ ਦਿਓ…।
ਕੇਜਰੀਵਾਲ- ਤੂੰ ਕਿਹੜਾ ਆਲੂ ਤੋਂ ਘੱਟ ਐਂ…ਦੇਖ ਆਲੂ ਬਿਨਾਂ ਢਿੱਡ ਨੀਂ ਭਰਦਾ ਕਮਲਿਆ…ਤੇ ਤੇਰੇ ਬਿਨਾਂ ਨਾ ਕੋਈ ਸਿਆਸੀ ਰੈਲੀ ‘ਚ ਭੀੜ ਜੁੜੇ ਤੇ ਨਾ ਵਿਰੋਧੀ ਟਿਕਣ…।
ਭਗਵੰਤ- ਕੀ ਮਤਬਲ ਥੋਡਾ…!!
ਕੇਜਰੀਵਾਲ- ਦੇਖ, ਤੂੰ ਹੈਗਾ ਤਰੁਪ ਦਾ ਪੱਤਾ… ਆਪਾਂ ਐਲਾਨ ਕਰ ਦੇਣੈ ਕਿ ਜਿੱਥੇ ਸੁਖਬੀਰ ਬਾਦਲ ਖੜੂ, ਉਥੋਂ ਭਗਵੰਤ ਵੀ ਚੋਣ ਲੜੂ ਤੇ ਸੁਖਬੀਰ ਨੂੰ ਹਰਾ ਕੇ ਰਹੂ…। ਦੇਖ, ਆਪਾਂ ਉਹਨੂੰ ਕਿਤੇ ਭੱਜਣ ਨੀਂ ਦੇਣਾ…ਜਿੱਥੇ ਖੜ੍ਹਾ ਮਗਰੇ ਤੈਨੂੰ ਤੋਰ ਦੇਣੈ…।
ਭਗਵੰਤ – ਹੱਛਾ!! ਫੇਰ ਮੇਰੀ ਵੀ ਇਕ ਮੰਗ ਐ…।
ਕੇਜਰੀਵਾਲ- ਓ! ਤੇਰੀ ਮੰਗ ਮੈਨੂੰ ਪਤੈ…ਤੂੰ ਪਾਰਟੀ ਤਾਂ ਆਉਣ ਦੇ ਸੱਤਾ ਵਿਚ…ਫੇਰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਬਾਰੇ ਵੀ ਸੋਚ ਲਵਾਂਗੇ…ਉਂ ਤੇਰੇ ਲਈ ਤਾਂ ਮੈਂ ਹੋਰ ਬਹੁਤ ਕੁਝ ਸੋਚ ਰੱਖਿਐ…ਆ ਤੂੰ ਮੁੱਖ ਮੰਤਰੀ ਆਲੀ ਰੱਟ ਛੱਡ ਦੇ…। ਤੂੰ ਤਾਂ ਬੱਸ ਮੇਰੀ ਡੁਗਡੁਗੀ ‘ਤੇ ਨੱਚੀ ਚੱਲ ਤੇ ਨਚਾਈ ਚੱਲ…।