ਬੈਂਕਾਂ ਦੀ ਰੌਣਕ ਦੇਖਣ ਆਈ ਮੋਦੀ ਦੀ ਮਾਂ!!!

ਬੈਂਕਾਂ ਦੀ ਰੌਣਕ ਦੇਖਣ ਆਈ ਮੋਦੀ ਦੀ ਮਾਂ!!!

ਕਮਲ ਦੁਸਾਂਝ

ਛੱਡੋ ਜੀ ਪਾਣੀਆਂ-ਪੂਣੀਆਂ ਨੂੰ!!
ਸੁਪਰੀਮ ਕੋਰਟ ਦੇ ਫ਼ੈਸਲੇ ਮਗਰੋਂ ਪਾਣੀਆਂ ਦੀ ਵੰਡ ਦਾ ਮਸਲਾ ਇਕ ਵਾਰ ਸਿਆਸਤਦਾਨਾਂ ਨੂੰ ਸ਼ਤਰੰਜ ਦੀ ਗੋਹਟੀ ਵਾਂਗ ਥਿਆ ਗਿਆ ਹੈ…ਜਿਹਦਾ ਦਿਲ ਕਰਦਾ ਹੈ, ਉਧਰ ਨੂੰ ਸੁੱਟੀ ਜਾਂਦੈ…। ਬਈ ਚਾਲਬਾਜ਼ ਨੇਤਾਵਾਂ ਦੀ ਖੇਡ ਹੈ, ਇਸ ਲਈ ਇਹਦੇ ‘ਚ ਕੋਈ ਨਿਯਮ-ਨੂਯਮ ਤਾਂ ਹੁੰਦਾ ਨਹੀਂ…। ਐਸੇ ਮੁੱਦੇ ਤਾਂ ਬੱਸ ਵੋਟਾਂ ਪੱਕੀਆਂ ਕਰਨ ਲਈ ਹੁੰਦੇ ਆ…ਭਲਾ ਜੇ ਇੰਜ ਨਾ ਹੁੰਦਾ ਤਾਂ ਮਸਲਾ ਕਦੋਂ ਦਾ ਹੱਲ ਹੋ ਗਿਆ ਹੁੰਦਾ। ਆ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਨਰਿੰਦਰ ਤੋਮਰ ਦੀ ਵੀ ਸੁਣ ਲਓ-ਅਖੇ, ਪਾਣੀਆਂ-ਪੂਣੀਆਂ ਦਾ ਮੁੱਦਾ ਛੱਡੋ, ਕੋਈ ਹੋਰ ਗੱਲ ਕਰੋ। ਇਹ ਤਾਂ ਪੰਜਾਬ-ਹਰਿਆਣਾ ਆਪੇ ਮਿਲ ਬੈਠ ਕੇ ਹੱਲ ਕਰ ਲੈਣਗੇ…। ਭਲਾ ਪੰਜਾਬ-ਹਰਿਆਣਾ ਕੋਈ ਆਮ ਲੋਕ ਨੇ ਜਿਹੜੇ ਆਪੇ ਹੱਲ ਕਰ ਲੈਂਦੇ, ਇਹ ਤਾਂ ਸਿਆਸੀ ਲੀਡਰਾਂ ਨੇ ਹੱਲ ਕਰਨੇ ਹੁੰਦੇ ਆ…। ਜਦੋਂ ਉਨ੍ਹਾਂ ਨੂੰ ਇਹਦੇ ਹੱਲ ਹੋਣ ‘ਚੋਂ ਕੁਝ ਲਭਦਾ ਹੁੰਦਾ ਤਾਂ ਏਨੇ ਸਾਲਾਂ ਤੋਂ ਲੋਕ ਮੱਥਾ ਕਾਹਨੂੰ ਪਿਟਦੇ। ਨਾਲੇ ਆ ਪਾਣੀਆਂ ਦੀ ਅੱਗ ਦਾ ਪੂਰੇ ਸੰਸਾਰ ‘ਚ ਲੱਗੀ ਐ…ਪੰਜਾਬ-ਹਰਿਆਣਾ ਕੀ ਕਰ ਲੈਣਗੇ…? ਇਹ ਤਾਂ ਲੀਡਰਾਂ ਦੀਆਂ ਗੋਹਟੀਆਂ ਦੀ ਚਾਲ ਦੇਖੋ…ਕਿੰਨੇ ਕਿੰਨੇ ਵੋਟਰਾਂ ਨੂੰ ਧੂਹ ਲਿਆਉਂਦੀਆਂ ਨੇ!!!

ਮੋਦੀ ਜੀ, ਗ਼ਰੀਬਾਂ ਨਾਲ ਮਸ਼ਕਰੀਆਂ!!!
ਲਓ! ਜੀ ਕਰ ਲੋ ਗੱਲ!! ਆ ਮੋਦੀ ਸਾਹਿਬ ਕਹਿੰਦੇ-‘ਆ ਮੇਰੇ ਫ਼ੈਸਲੇ ਮਗਰੋਂ ਭ੍ਰਿਸ਼ਟ ਲੋਕ ਪ੍ਰੇਸ਼ਾਨ ਨੇ, ਗ਼ਰੀਬ ਤਾਂ ਸ਼ਾਂਤੀ ਦੀ ਨੀਂਦ ਸੁੱਤੇ ਨੇ। ਨਾਲੇ ਆ ਅਮੀਰ ਲੋਕ ਨੀਂਦ ਦੀਆਂ ਗੋਲੀਆਂ ਲੈਣ ਲਈ ਇਧਰ-ਉਧਰ ਭੱਜ ਰਹੇ ਨੇ। ਲਗਦੈ ਮੋਦੀ ਜੀ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ…ਵਿਚਾਰੇ ਲਾਲ ਕਿਲ੍ਹੇ ‘ਤੇ ਖੜ੍ਹੇ ਹੋ ਕੇ ਅਮੀਰਾਂ ਦੀਆਂ ਦੌੜਾਂ ਦਾ ਨਜ਼ਾਰਾ ਦੇਖ ਰਹੇ ਨੇ…ਤੇ ਗ਼ਰੀਬਾਂ ਨੂੰ ਆਰਾਮ ਨਾਲ ਸੁੱਤਿਆਂ ਪਇਆਂ ਨੂੰ ਹਵਾ ਦਾ ਝੱਲ ਮਾਰ ਰਹੇ ਹਨ। ਹੁਣ ਮੋਦੀ ਜੀ ਨੂੰ ਕੌਣ ਸਮਝਾਏ, ਬਈ ਆ ਸ਼ੋਸ਼ਲ ਮੀਡੀਆ ‘ਤੇ ਜ਼ਰਾ ਆਪਣੇ ਕਾਰਨਾਮੇ ਦਾ ਟਰੇਲਰ ਹੀ ਦੇਖ ਲੈਣ-ਜਿਨ੍ਹਾਂ ਨੂੰ ਭੁੱਖੇ ਪੇਟ ਸੌਣਾ ਪੈ ਰਿਹੈ…ਦਵਾਈਆਂ ਮਿਲ ਨਹੀਂ ਰਹੀਆਂ…ਬੈਂਕਾਂ ਦੀਆਂ ਕਤਾਰਾਂ ਵਿਚ ਧੱਕੇ ਖਾਣੇ ਪੈ ਰਹੇ ਨੇ-ਤੇ ਜਿਹੜੀਆਂ ਟਕੇ ਟਕੇ ਦੀਆਂ ਗਾਲ੍ਹਾਂ ਉਹ ਮੋਦੀ ਨੂੰ ਕੱਢ ਰਹੇ ਹਨ, ਜ਼ਰਾ ਮੋਦੀ ਜੀ ਉਨ੍ਹਾਂ ਦੀ ਪਛਾਣ ਕਰਵਾ ਲੈਣ…ਪਤਾ ਲਗ ਜੂ ਕਿਹੜੇ ‘ਅਮੀਰ’ ਲੋਕ ਨੇ ਇਹ। ਮੋਦੀ ਜੀ ਥੋਡਾ ਅੰਬਾਨੀਆਂ, ਅਡਾਨੀਆਂ ਨਾਲ ਪਿਆਰ-ਮਲ੍ਹਾਰ ਦਾ ਤਾਂ ਸਾਰਿਆਂ ਨੂੰ ਪਤੈ ਪਰ ਆ ਗ਼ਰੀਬਾਂ ਨਾਲ ਕਦੋਂ ਤੋਂ ਮਸ਼ਕਰੀਆਂ ਕਰਨੀਆਂ ਸ਼ੁਰੂ ਕਰਤੀਆਂ?!!!

ਬੈਂਕਾਂ ਦੀ ਰੌਣਕ ਦੇਖਣ ਆਈ ਮੋਦੀ ਦੀ ਮਾਂ!!!
ਭਗਤ ‘ਜੈ ਮੋਦੀ, ਹਰਿ ਹਰਿ ਮੋਦੀ’ ਵਿਚ ਲੱਗੇ ਹਨ…ਮੋਦੀ ਜੀ ਦੀ ਮਾਂ ਹੀਰਾਬਾ ਤੋਂ ਰਿਹਾ ਨਾ ਗਿਆ…ਆਖ਼ਰ ਪੁੱਤ ਦੀ ਰਚਾਈ ਮਾਇਆ ਲੀਲ੍ਹਾ ਦਾ ਨਜ਼ਾਰਾ ਦੇਖਣ ਲਈ ‘ਖ਼ੁਦ ਚੱਲ ਕੇ’ ਪੁੱਜ ਗਈ ਬੈਂਕ। ਇਹ ਮੀਡੀਆ ਦਾ ਕਹਿਣਾ ਹੈ ਕਿ ਉਹ ਖ਼ੁਦ ਚੱਲ ਕੇ ਆਈ…!! ਖ਼ੁਦ ਸੀਨੀਅਰ ਸਿਟੀਜਨ ਦੀ ਕਤਾਰ ਵਿਚ ਲੱਗੀ…!! ਭਲਾ ਜਦੋਂ ਮਾਤਾ ਤੁਰੀ ਆ ਰਹੀ ਸੀ ਤਾਂ ਮੀਡੀਆ ਨਾਲ ਨਾਲ ਕਿਉਂ ਨਾ ਚੱਲਿਆ…? ਬੈਂਕ ਦੇ ਬਾਹਰ ਕਤਾਰ ਵਿਚ ਮਾਤਾ ਜੀ ਕਿਉਂ ਨਹੀਂ ਖੜ੍ਹੇ…? ਉਂਜ ਇਹ ਕਿਹੜਾ ਕੋਈ ਜੱਗੋ ਤੇਰ੍ਹਵੀਂ ਗੱਲ ਹੋਈ ਹੈ…ਉਨ੍ਹਾਂ ਤੋਂ ਵੀ ਬਜ਼ੁਰਗ ਲੋਕ ਕਤਾਰਾਂ ਵਿਚ ਲੱਗੇ ਨੇ…। ਉਨ੍ਹਾਂ ਨੂੰ ਤਾਂ ਕੋਈ ਚਾਹ-ਪਾਣੀ ਪੁੱਛਣ ਵਾਲਾ ਵੀ ਨਹੀਂ…। ਨਾਲੇ ਇਹ ਉਹ ਭਾਰਤ ਹੈ, ਜਿੱਥੇ ਲੋਕਾਂ ਨੂੰ ਆਪਣਿਆਂ ਦੀ ਲਾਸ਼ਾਂ ਮੋਢਿਆਂ ‘ਤੇ ਢੋਹਣੀਆਂ ਪੈਂਦੀਆਂ ਨੇ…ਤੇ ਮੋਦੀ ਜੀ ਦੀ ਮਾਤਾ ਨੇ ਕਿਹੜੇ ਮੋਤੀ ਦਾਨ ਕੀਤੇ ਸੀ ਕਿ ਉਨ੍ਹਾਂ ਦਾ ਤੁਰਨਾ ਵੱਡੀ ਖ਼ਬਰ ਬਣ ਗਿਆ।
ਵੈਸੇ ਇਕ ਗੱਲ ਸਮਝ ਨਹੀਂ ਆਈ, ਹੀਰਾਬਾ ਦਾ ਕਿਸੇ ਬੈਂਕ ‘ਚ ਜਦ ਕੋਈ ਖਾਤਾ ਹੀ ਨਹੀਂ ਤਾਂ ਉਨ੍ਹਾਂ ਨੂੰ ਖ਼ੁਦ ਚੱਲ ਕੇ ਆਉਣ ਦੀ ਕੀ ਲੋੜ ਪੈ ਗਈ…ਖਾਤਾ ਤਾਂ ਉਨ੍ਹਾਂ ਦੇ ਪੁੱਤਰ ਤੇ ਮੋਦੀ ਜੀ ਦੇ ਭਰਾ ਪੰਕਜ ਦਾ ਸੀ ਤੇ ਉਹ ਨਾਲ ਹੀ ਆਇਆ ਸੀ…ਫੇਰ ਉਹ ‘ਕੱਲਾ ਹੀ ਆ ਜਾਂਦਾ…ਨਾਲ ਮਾਤਾ ਨੂੰ ਧੂਹਣ ਦੀ ਕੀ ਲੋੜ ਪੈ ਗਈ ਸੀ…? ਸ਼ਾਇਦ ਮਾਤਾ ਜੀ ਦੇਖਣ ਆਏ ਸੀ-ਬਈ ਮੇਰੇ ਪੁੱਤ ਨੇ ਕਿਵੇਂ ਗ਼ਰੀਬਾਂ ਨੂੰ ਵਾਹਣੇ ਪਾ ਰੱਖਿਐ…!!! ਬੈਂਕਾਂ ਵਿਚ ਰੌਣਕ ਦੇਖਣ ਆਈ ਲਗਦੀ ਐ ਮਾਤਾ ਹੀਰਾਬਾ!!!

ਸੁੱਖੇ ਨੇ ਤਾਂ ਕੈਲੀਫੋਰਨੀਆ ਜਾਣੈ ਨਿਆਣੇ ਪੜ੍ਹਾਉਣ…!!!
ਬਾਦਲ ਸਾਹਿਬ- ਪਾਣੀ ਦੀ ਇਕ ਬੂੰਦ ਵੀ ਦੂਜੇ ਸੂਬਿਆਂ ਨੂੰ ਦਿਆਂਗੇ…ਨਹੀਂ ਦਿਆਂਗੇ…ਦਿਆਂਗੇ…।
ਸੱਜਣ ਸਿੰਘ- ਪਰ ਬਾਦਲ ਸਾਹਿਬ ਇਕ ਬੂੰਦ ਛੱਡੋ, ਏਨੇ ਸਾਲਾਂ ਤੋਂ ਪਾਣੀ ਧੜਾ-ਧੜ ਰਾਜਸਥਾਨ ਜਾ ਰਿਹੈ…ਆ ਕੀ ਤੁਸੀਂ ਰੌਲਾ ਪਾਇਐ…ਅਖੇ ਇਕ ਬੂੰਦ ਵੀ ਨਹੀਂ ਦਿਆਂਗੇ।
ਬਾਦਲ ਸਾਹਿਬ- ਸੱਜਣ ਸਿਆਂ ਆਹ ਭਲਾ ਤੇਰੀ ਉਮਰ ਐ ਐਵੇਂ ਇਧਰ-ਉਧਰ ਦੀਆਂ ਗੱਲਾਂ ਮਾਰਨ ਦੀ…ਜਾ ਘਰੇ ਬਹਿ ਕੇ ਪਾਠ ਪੂਜਾ ਕਰ!!
ਸੱਜਣ ਸਿੰਘ- ਲੈ ਦੱਸ! ਭਲਾ ਸਾਲ ਕੁ ਈ ਵੱਡਾ ਮੈਂ ਤੈਥੋਂ…ਅਖੇ ਮੇਰੀ ਉਮਰ ਨਹੀਂ…ਭਾਈ ਤੂੰ ਕਿਉਂ ਨਹੀਂ ਘਰੇ ਬਹਿੰਦਾ…।
ਬਾਦਲ ਸਾਹਿਬ- ਲੈ ਸੱਜਣਾ ਆਹੀ ਤਾਂ ਤੇਰੇ ਤੇ ਮੇਰੇ ‘ਚ ਫ਼ਰਕ ਆ… ਭਲੀਆ ਲੋਕਾ…ਮੈਂ ਹਾਲੇ ਤਕ ਸੁੱਖੇ ਨੂੰ ਆਪਣੀ ਕੁਰਸੀ ਨੀਂ ਦਿੱਤੀ ਤੇ ਤੂੰ ਕਦੋਂ ਦਾ ਸਾਰਾ ਕੁਝ ਪੁੱਤ ਨੂੰ ਦੇਈ ਬੈਠੈਂ…ਤਾਹੀਓਂ ਤਾਂ ਤੇਰਾ ਮੰਜਾ ਬਾਹਰ ਕਿੱਕਰ ਥੱਲੇ ਆ…।
ਸੱਜਣ ਸਿੰਘ- ਮੇਰੀ ਛੱਡ ਯਾਰ…ਐਂ ਦੱਸ…ਆਹ ਪਾਣੀਆਂ ਲਈ ਮੋਰਚਾ ਤਾਂ ਅਸੀਂ ਵੀ ਲਾਇਆ ਸੀ ਤੇਰੇ ਨਾਲ…ਉਦੋਂ ਵੀ ਭਾਈ ਤੂੰ ਆਹੀ ਕੁਸ਼ ਕਹਿੰਦਾ ਸੀ…ਪਰ ਕਰੀ ਕੁਝ ਹੋਰ ਗਿਆ…। ਜੇ ਆਹੀ ਕੁਸ਼ ਕਰਨਾ ਸੀ ਤਾਂ ਸਾਡੇ ਕਾਹਨੂੰ ਛਿੱਤਰ ਮਰਵਾਏ…?
ਬਾਦਲ ਸਾਹਿਬ- ਸੱਜਣਾ ਅਸੀਂ ਤਾਂ ਮਜ਼ਾਕ ਕੀਤਾ ਸੀ…ਤੂੰ ਸੱਚ ਮੰਨ ਲਿਆ…। ਚੱਲ ਛੱਡ ਇਨ੍ਹਾਂ ਗੱਲਾਂ ਨੂੰ…ਜੇ ਤੂੰ ਮੇਰੇ ਵਾਂਗ ਸੋਚਦਾ ਤਾਂ ਅੱਜ ਆ ਕਿੱਕਰ ਥੱਲੇ ਹੀ ਨਾ ਬੈਠਾ ਹੁੰਦਾ…ਕੋਈ ਵੱਡਾ ਮੋਰਚਾ ਮਾਰਦਾ। ਦੇਖ, ਸੱਜਣਾ ਇਹ ਸਿਆਸਤ ਐ ਸਿਆਸਤ…ਇੱਥੇ ਕੁਰਸੀ ਬਚਾਉਣ ਲਈ ਬਹੁਤ ਕੁਝ ਬੋਲਣਾ ਪੈਂਦੈ ਤੇ ਬਹੁਤ ਥਾਈਂ ਮੂੰਹ ਬੰਦ ਰੱਖਣਾ ਪੈਂਦੈ…। ਆਹ ਛੱਡ ਹੁਣ ਰੌਣੇ-ਧੌਣੇ…ਫੇਰ ਤੇਰੀ ਲੋੜ ਐ…ਆਪਾਂ ਸੰਘਰਸ਼ ਕਰਨੈ ਸੰਘਰਸ਼…ਆਪਦੇ ਮੁੰਡੇ ਤੇ ਪੋਤਿਆਂ ਨੂੰ ਵੀ ਨਾਲ ਲੈ ਆਈਂ…।
ਸੱਜਣ ਸਿੰਘ- ਅੱਛਾ, ਫੇਰ ਤਾਂ ਥੋਡਾ ਪੁੱਤ ਤੇ ਪੋਤਾ ਤੇ ਉਹ ਮਜੀਠੀਆ ਵੀ ਨਿਕਲਣਗੇ ਮੋਰਚੇ ‘ਤੇ
ਬਾਦਲ ਸਾਹਿਬ- ਰਿਹਾ ਨਾ ਤੂੰ ਉਹੀ ਦਾ ਉਹੀ…ਭਲਿਆ ਲੋਕਾ…ਸੁੱਖੇ ਕੋਲ ਏਨੀ ਵਿਹਲ ਕਿੱਥੇ…ਉਹਨੇ ਹੁਣ ਆਪਣੇ ਨਿਆਣਿਆਂ ਨੂੰ ਪੜ੍ਹਾਉਣ ਕੈਲੀਫੋਰਨੀਆ ਜਾਣੈ…। ਜਿਥੋਂ ਆਪ ਪੜ੍ਹਿਆ ਸੀ…ਉਥੋਂ ਹੁਣ ਨਿਆਣਿਆਂ ਨੂੰ ਵੀ ਪੜ੍ਹਾਉ…।
ਸੱਜਣ ਸਿੰਘ- ਤੇ ਸੁੱਖੇ ਦਾ ਸਾਲਾ ਮਜੀਠੀਆ ਤਾਂ ਤਿਆਰ ਐ ਨਾ?
ਬਾਦਲ ਸਾਹਿਬ- ਫੇਰ ਨਿਆਣਿਆਂ ਆਲੀ ਗੱਲ ਕਰੀ ਜਾਣੈ…ਆ ਦਸ ਸਾਲਾਂ ‘ਚ ਜਿੰਨਾ ਕਾਰੋਬਾਰ ਕੀਤੈ…ਇਹਨੂੰ ਵੀ ਤਾਂ ਸਮੇਟਨੈ…ਉਤਲੀ-ਹੇਠਲੀ ਹੋਣ ਦਾ ਕੋਈ ਪਤਾ ਲਗਦੈ…ਅੱਜ ਸਰਕਾਰ ਸਾਡੀ…ਕੱਲ੍ਹ ਨੂੰ ਰਹੇ ਨਾ ਰਹੇ…।

ਇਹ ਭਲਾ ਕੋਈ ਮਾੜੇ-ਮੋਟੇ ਬੰਦੇ ਦੀ ਧੀ ਦਾ ਵਿਆਹ ਐ?!!
ਵੱਡੇ ਨੋਟਾਂ ਦੇ ਅਚਾਨਕ ਬੰਦ ਹੋਣ ਕਾਰਨ ਸਾਰੇ ਪਾਸੇ ਹਾਹਾਕਾਰ ਮੱਚੀ ਹੈ…ਲੋਕ ਦਸ-ਵੀਹ ਰੁਪਏ ਲਈ ਵੀ ਤਰਸ ਗਏ ਹਨ ਤੇ ਬੰਗਲੁਰੂ ਵਿਚ ਭਾਜਪਾ ਨੇਤਾ ਜੀ. ਜਨਾਰਦਨ ਰੈਡੀ ਦੀ ਧੀ ਦਾ ਵਿਆਹ ਹੋ ਰਿਹਾ ਹੈ…ਇਹ ਕੋਈ ਸਾਧਾਰਨ ਵਿਆਹ ਨਹੀਂ…ਕਰੋੜਾਂ ਰੁਪਇਆ ਖ਼ਰਚ ਹੋ ਰਿਹੈ…। ਨੋਟਾਂ ਦੀ ਮੰਦੀ ਨੇ ਆਮ ਲੋਕਾਂ ਦੇ ਵਿਆਹ ਤਕ ਮੰਦੇ ਕਰ ਦਿੱਤੇ ਪਰ ਰੈਡੀ ਦੀ ਧੀ ਦਾ ਵਿਆਹ ਸ਼ਾਹੀ ਸ਼ਾਨੋ-ਸ਼ੌਕਤ ਨਾਲ ਹੋ ਰਿਹੈ…ਹੋਵੇ ਕਿਉਂ ਨਾ…ਇਹ ਕੋਈ ਸਾਧਾਰਨ ਆਦਮੀ ਦੀ ਧੀ ਥੋੜ੍ਹੇ ਹੈ…ਇਹ ਮੋਦੀ ਦੇ ਅਮੀਰ ਭਗਤਾਂ ਵਿਚੋਂ ਇਕ ਰੈਡੀ ਦੀ ਧੀ ਹੈ…। ਯਾਦ ਨਹੀਂ ਕੌਣ ਹੈ ਇਹ ਰੈਡੀ…ਜੀ! ਇਹ ਉਹੀ ਰੈਡੀ ਹੈ ਜੋ ਮਾਇਨਿੰਗ ਕਿੰਗ ਵਜੋਂ ਜਾਣਿਆ ਜਾਂਦਾ ਹੈ। 2011 ਵਿਚ ਭਾਰਤੀ ਜਨਤਾ ਪਾਰਟੀ ਦੀ ਬੀ.ਐਸ. ਯੇਦੀਯੁਰੱਪਾ ਸਰਕਾਰ ਵਿਚ ਮੰਤਰੀ ਸੀ। ਗੈਰ ਕਾਨੂੰਨੀ ਮਾਇਨਿੰਗ ਕਾਰਨ ਤਿੰਨ ਸਾਲ ਜੇਲ੍ਹ ਰਿਹਾ ਤੇ ਪਿਛਲੇ ਸਾਲ ਜ਼ਮਾਨਤ ‘ਤੇ ਰਿਹਾਅ ਹੋਇਆ। ਖ਼ੈਰ! ਇਹ ਲੋਕ ‘ਇੱਜ਼ਤਦਾਰ’ ਹਨ…ਇਨ੍ਹਾਂ ‘ਤੇ ਇਨ੍ਹਾਂ ਕੇਸਾਂ ਦਾ ਕੋਈ ਅਸਰ ਨਹੀਂ ਹੁੰਦਾ…। ਇਸ ਦਾ ਜਵਾਬ ਤਾਂ ਮੋਦੀ ਜੀ ਹੀ ਦੇ ਸਕਦੇ ਹਨ ਕਿ ਬਈ ਰੈਡੀ ਵਰਗਿਆਂ ਕੋਲ ਏਨਾ ਪੈਸਾ ਕਿਥੋਂ ਆਇਆ…ਘੁਟਾਲੇ ਸਾਹਮਣੇ ਆਉਣ ਮਗਰੋਂ ਵੀ ਉਹ ਸ਼ਾਹੀ ਠਾਠ ਨਾਲ ਰਹਿ ਰਹੇ ਹਨ…ਫੇਰ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਨਾਂ ‘ਤੇ ਏਨਾ ਡਰਾਮਾ ਕਿਉ? ਉਂਜ ਭਾਜਪਾ ਹਾਈ ਕਮਾਂਡ ਨੇ ਆਪਣੇ ਨੇਤਾਵਾਂ ਨੂੰ ਇਸ ਵਿਆਹ ਤੋਂ ਜ਼ਰਾ ਦੂਰ ਰਹਿਣ ਦੀ ਸਲਾਹ ਦਿੱਤੀ ਸੀ-ਅਖੇ ਲੋਕ ਕੀ ਕਹਿਣਗੇ…ਪਰ ‘ਭਰਾ ਭਰਾ’ ਜਦ ਰਲ਼ ਕੇ ਚੋਰੀਆਂ ਕਰਨਗੇ ਤਾਂ ਫੇਰ ਖ਼ੁਸ਼ੀਆਂ ਵੀ ਤਾਂ ਸਾਂਝੀਆਂ ਹੋਈਆਂ……।
ਤੁਸੀਂ ਫ਼ਿਕਰ ਨਾ ਕਰੋ ਮੋਦੀ ਜੀ…ਲੋਕਾਂ ਦਾ ਰੈਡੀ ਦੀ ਧੀ ਦੇ ਵਿਆਹ ‘ਤੇ ਖ਼ਰਚੇ ਜਾ ਰਹੇ ਕਰੋੜਾਂ ਰੁਪਏ ਵੱਲ ਉੱਕਾ ਹੀ ਧਿਆਨ ਨਹੀਂ…ਉਹ ਤਾਂ ਵਿਚਾਰੇ ਕੰਮ ਧੰਦੇ ਛੱਡ ਕੇ ਬੈਂਕਾਂ ਦੇ ਬਾਹਰ ਕਤਾਰਾਂ ਵਿਚ ਧੱਕੇ ਖਾ ਰਹੇ ਹਨ। ‘ਬੋਲੋ-ਮੋਦੀ ਸਰਕਾਰ ਕੀ ਜੈ’

ਤੁਸੀਂ ਵੀ ਬੱਸ…!!!
”ਚੁੱਕ ਲਓ ਤੇਸੇ…ਪੂਰ ਦਿਓ ਨਹਿਰ…ਕਿਸਾਨਾਂ ਨੂੰ ਮੋੜ ਦਿਓ ਉਨ੍ਹਾਂ ਦੀ ਜ਼ਮੀਨ…ਇੰਤਕਾਲ ਚੜ੍ਹਾ ਦਿਓ…।” ਇਹ ਬਾਦਲ ਸਰਕਾਰ ਦਾ ਫਰਮਾਨ ਹੈ-ਅਖੇ, ਅਸੀਂ ਪਾਣੀ ਦੂਜੇ ਸੂਬਿਆਂ ਨੂੰ ਨਹੀਂ… ਦੇਣਾ…। ਛੋਟੇ ਬਾਦਲ ਤਾਂ ਕਹਿ ਰਹੇ ਨੇ ਕਿ ਅਸੀਂ ਨਹਿਰ ਹੀ ਨਹੀਂ ਬਣਨ ਦੇਣੀ ਤਾਂ ਉਹਦੇ ‘ਚ ਪਾਣੀ ਕਿਥੋਂ ਆਉ…ਇਹ ਭਲਾ ਕੋਈ ਮਜ਼ਾਕ ਐ…ਅਸੀਂ ਜਿਹੜੀ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਸੀ…ਤੁਰੰਤ ਹੁਕਮਾਂ ਨਾਲ ਉਨ੍ਹਾਂ ਨੂੰ ਵਾਪਸ ਕੀਤੀ ਜਾਂਦੀ ਐ…। ਇਹ ਕੋਈ ਅਦਾਲਤ ਦੀ ਤੌਹੀਨ ਨਹੀਂ…ਇਹ ਤਾਂ ‘ਵੋਟਾਂ’ ਦਾ ਸਨਮਾਨ ਐ…ਨੇਤਾ ਲਈ ਤਾਂ ਵੋਟਰ ਹੀ ਅਹਿਮ ਨੇ…।
ਭਲਾ ਆ ਨਵੇਂ ਉਸਾਰੇ ਜਾ ਰਹੇ ਚੰਡੀਗੜ੍ਹ ਦੇ ਨਾਂ ‘ਤੇ ਜਿਹੜੇ ਗ਼ਰੀਬਾਂ ਦੀਆਂ ਜ਼ਮੀਨਾਂ-ਘਰ-ਬਾਰ ਜਬਰੀ ਐਕਵਾਇਰ ਕਰਕੇ ਬਾਦਲਾਂ ਦੇ ਹੋਟਲ ‘ਦੀ ਓਬਰਾਏ-ਸੁਖਵੀਲਾਜ਼ ਰਿਜ਼ੋਰਟ ਐਂਡ ਸਪਾ’ ਲਈ ਰਾਹ ਪੱਧਰਾ ਕੀਤਾ ਗਿਆ, ਉਹਦਾ ਕੀ ਬਣੂ? ‘ਖ਼ੁਦਾ ਨਾ ਖਾਸਤਾ’ ਜੇ ਕਿਸੇ ਮਾਤ੍ਹੜ ਦੀ ਸੁਪਰੀਮ ਕੋਰਟ ਨੇ ਸੁਣ ਲਈ ਤੇ ਜ਼ਮੀਨ ਮੋੜਨ ਦਾ ਫ਼ੈਸਲਾ ਸੁਣਾ ਦਿੱਤਾ ਤਾਂ ਬਾਦਲ ਏਨੇ ਹੀ ਜੋਸ਼ ਨਾਲ ਆਪਣੇ ਹੋਟਲ ਵੱਲ ਜਾਂਦਾ ਸਾਰਾ ਰਾਹ ਪੂਰ ਕੇ ਮੁਫ਼ਤੋ-ਮੁਫ਼ਤੀ ਜ਼ਮੀਨਾਂ ਲੋਕਾਂ ਨੂੰ ਮੋੜਨਗੇ? ਰਹਿਣ ਦਿਓ…ਤੁਸੀਂ ਤਾਂ ਐਵੇਂ ਬਾਦਲ…ਮੁਆਫ਼ ਕਰਨਾ ਵਾਲ ਦੀ ਖ਼ਲ ਉਧੇੜਨ ਲੱਗੇ ਹੋਏ ਓਂ…।