ਏਅਰ ਇੰਡੀਆ ਨੂੰ ਫਲਾਈਟ ਲੇਟ ਹੋਣ ਕਰਕੇ ਦੇਣਾ ਪੈ ਸਕਦਾ ਹੈ ਭਾਰੀ ਹਰਜਾਨਾ

ਏਅਰ ਇੰਡੀਆ ਨੂੰ ਫਲਾਈਟ ਲੇਟ ਹੋਣ ਕਰਕੇ ਦੇਣਾ ਪੈ ਸਕਦਾ ਹੈ ਭਾਰੀ ਹਰਜਾਨਾ

ਨਵੀਂ ਦਿੱਲੀ, 17 ਮਈ
ਏਅਰ ਇੰਡੀਆ ਨੂੰ ਆਪਣੇ 323 ਮੁਸਾਫ਼ਰਾਂ ਨੂੰ 88 ਲੱਖ ਡਾਲਰ ਦਾ ਹਰਜਾਨਾ ਦੇਣਾ ਪੈ ਸਕਦਾ ਹੈ। ਏਅਰ ਇੰਡੀਆ ਦੀ 9 ਮਈ ਦੀ ਦਿੱਲੀ-ਸ਼ਿਕਾਗੋ ਉਡਾਣ ਚਾਲਕ ਦਸਤੇ ਨੂੰ ਡਿਊਟੀ ਸਮੇਂ ਦੌਰਾਨ ਮਿਲਣ ਵਾਲੀ ਛੋਟ (ਐਫਡੀਐਲਟੀ) ਵਾਪਸ ਲੈਣ ਕਰ ਕੇ ਪਛੜ ਗਈ ਸੀ।
ਸ਼ਿਕਾਗੋ ਲਈ 9 ਮਈ ਏਅਰ ਇੰਡੀਆ ਦੀ ਉਡਾਣ 127 ਨੂੰ 16 ਘੰਟਿਆਂ ਦਾ ਵਕਤ ਲੱਗਿਆ ਸੀ। ਮੌਸਮ ਖਰਾਬ ਹੋਣ ਕਰ ਕੇ ਜਹਾਜ਼ ਸ਼ਿਕਾਗੋ ਦੀ ਬਜਾਏ ਮਿਲਵਾਕੀ ਉਤਾਰਨਾ ਪਿਆ ਸੀ। ਉਸ ਦਿਨ ਐਫਡੀਐਲਟੀ ਵਿੱਚ ਫੇਰਬਦਲ ਵਾਪਸ ਲੈਣ ਕਰ ਕੇ ਚਾਲਕ ਦਸਤੇ ਲਈ ਇਕ ਹੀ ਲੈਂਡਿੰਗ ਦੀ ਪ੍ਰਵਾਨਗੀ ਸੀ।
ਏਅਰ ਇੰਡੀਆ ਦੇ ਸੂਤਰਾਂ ਅਨੁਸਾਰ ਡੀਜੀਸੀਏ ਵੱਲੋਂ ਹਾਈ ਕੋਰਟ ਦੇ ਹੁਕਮਾਂ ਤਹਿਤ ਡਿਊਟੀ ਦੇ ਘੰਟਿਆਂ ਵਿੱਚ ਫੇਰਬਦਲ ਵਾਪਸ ਲੈਣ ਤੋਂ ਬਾਅਦ ਏਅਰਲਾਈਨ ਕੋਲ ਨਵੇਂ ਚਾਲਕ ਦਸਤੇ ਦਾ ਇੰਤਜ਼ਾਮ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ ਜਿਸ ਨੂੰ ਉਡਾਣ ਦਾ ਚਾਰਜ ਲੈਣ ਵਾਸਤੇ ਸੜਕ ਰਸਤੇ ਮਿਲਵਾਕੀ ਪੁੱਜਦਾ ਕੀਤਾ ਗਿਆ।
ਇਹ ਘਟਨਾ ਏਅਰ ਇੰਡੀਆ ਤੇ ਫੈਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼ ਜੋ ਪ੍ਰਾਈਵੇਟ ਕੈਰੀਅਰਜ਼ ਜੈੱਟ ਏਅਰਵੇਜ਼, ਇੰਡੀਗੋ, ਸਪਾਈਸਜੈੱਟ ਤੇ ਗੋਏਅਰ ਦੀ ਨੁਮਾਇੰਦਗੀ ਕਰਦੀ ਹੈ, ਦੀ ਇਕ ਅਪੀਲ ਵਿੱਚ ਸਾਹਮਣੇ ਲਿਆਂਦੀ ਗਈ ਸੀ ਜਿਸ ਰਾਹੀਂ ਡੀਜੀਸੀਏ ਨੂੰ ਐਫਡੀਐਲਟੀਜ਼ ਵਿੱਚ ਫੇਰਬਦਲ ਦੀ ਮਨਜ਼ੂਰੀ ਨਾ ਦੇਣ ਦੀਆਂ 18 ਅਪਰੈਲ ਦੀਆਂ ਹਦਾਇਤਾਂ ਵਿੱਚ ਤਰਮੀਮ ਦੀ ਆਗਿਆ ਮੰਗੀ ਗਈ ਸੀ।