ਜਾਂਬਾਜ਼ ਸਿੱਖ ਪੁਲਿਸ ਅਫ਼ਸਰ ਨੇ ਹਿੰਸਕ ਭੀੜ ਤੋਂ ਮੁਸਲਿਮ ਨੌਜਵਾਨ ਨੂੰ ਬਚਾਇਆ

ਜਾਂਬਾਜ਼ ਸਿੱਖ ਪੁਲਿਸ ਅਫ਼ਸਰ ਨੇ ਹਿੰਸਕ ਭੀੜ ਤੋਂ ਮੁਸਲਿਮ ਨੌਜਵਾਨ ਨੂੰ ਬਚਾਇਆ

ਦੇਹਰਾਦੂਨ/ਬਿਊਰੋ ਨਿਊਜ਼ :

ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਇਕ ਮੰਦਰ ਨੇੜੇ ਕਥਿਤ ਤੌਰ ‘ਤੇ ਇਕ ਹਿੰਦੂ ਕੁੜੀ ਨਾਲ ਫੜੇ ਗਏ ਮੁਸਲਮਾਨ ਨੌਜਵਾਨ ਨੂੰ ਹਿੰਸਕ ਭੀੜ ਕੋਲੋਂ ਬਚਾਉਂਦੇ ਹੋਏ ਇਕ ਜਾਂਬਾਜ਼ ਸਿੱਖ ਪੁਲੀਸ ਅਫ਼ਸਰ ਦੀ ਵੀਡੀਓ ਵਾਇਰਲ ਹੋਈ ਹੈ। ਏਡੀਜੀਪੀ (ਅਮਨ-ਕਾਨੂੰਨ) ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਬੀਤੇ ਮੰਗਲਵਾਰ ਦੀ ਹੈ, ਜਦੋਂ ਮੁਸਲਮਾਨ ਨੌਜਵਾਨ ਇਕ ਸਥਾਨਕ ਕੁੜੀ ਨੂੰ ਮਿਲਣ ਲਈ ਰਾਮਨਗਰ ਤੋਂ ਕਰੀਬ 15 ਕਿਲੋਮੀਟਰ ਦੂਰ ਗਰਜੀਆ ਦੇਵੀ ਮੰਦਰ ਗਿਆ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਇਸ ਦਾ ਪਤਾ ਲੱਗ ਗਿਆ ਅਤੇ ਉਹ ਪ੍ਰੇਮੀ ਜੋੜੇ ਨੂੰ ਸਬਕ ਸਿਖਾਉਣ ਲਈ ਉਥੇ ਜਾ ਪੁੱਜੇ।
ਜਾਣਕਾਰੀ ਮਿਲਣ ਉਤੇ ਸਬ ਇੰਸਪੈਕਟਰ ਗਗਨਦੀਪ ਸਿੰਘ ਵੀ ਮੌਕੇ ਉਤੇ ਜਾ ਪੁੱਜਾ। ਜਦੋਂ ਭੀੜ ਨੇ ਨੌਜਵਾਨ ਉਤੇ ਹਮਲਾ ਕੀਤਾ ਤਾਂ ਗਗਨਦੀਪ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਇਸ ਦੌਰਾਨ ਇਸ ਜਾਂਬਾਜ਼ ਪੁਲੀਸ ਅਫ਼ਸਰ ਨੂੰ ਵੀ ਲੋਕਾਂ ਦੀ ਧੱਕਾ-ਮੁੱਕੀ ਦਾ ਸ਼ਿਕਾਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਭੀੜ ਦੇ ਖਿੰਡ ਜਾਣ ਪਿੱਛੋਂ ਮੁੰਡੇ ਤੇ ਕੁੜੀ ਨੂੰ ਆਪੋ-ਆਪਣੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਵੀਡੀਓ ਵਿੱਚ ਦਿਖਾਈ ਦੇ ਰਹੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਗਨਦੀਪ ਸਿੰਘ ਨੂੰ ਇਸ ਦਲੇਰਾਨਾ ਕਾਰਵਾਈ ਲਈ 2500 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉਤੇ ਇਸ ਬਹਾਦਰ ਪੁਲੀਸ ਅਫ਼ਸਰ ਦੀ ਜਮ ਕੇ ਤਾਰੀਫ਼ ਹੋ ਰਹੀ ਹੈ।