ਮੋਗਾ ਨੇੜੇ ਪਿੰਡ ਮੋਠਾਂਵਾਲੀ ‘ਚ ਗੁਰਬਾਣੀ ਦੀ ਬੇਅਦਬੀ ਕਾਰਨ ਤਣਾਅ

ਮੋਗਾ ਨੇੜੇ ਪਿੰਡ ਮੋਠਾਂਵਾਲੀ ‘ਚ ਗੁਰਬਾਣੀ ਦੀ ਬੇਅਦਬੀ ਕਾਰਨ ਤਣਾਅ

ਪਿੰਡ ਮੋਠਾਂਵਾਲੀ ਵਿਚ ਬੇਅਦਬੀ ਦੀ ਘਟਨਾ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਐੱਸਐੱਸਪੀ ਰਾਜਜੀਤ ਸਿੰਘ ਹੁੰਦਲ।  
ਮੋਗਾ/ਬਿਊਰੋ ਨਿਊਜ਼ :
ਇੱਥੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਮੋਠਾਂਵਾਲੀ ਵਿਚ ਸੁਖਮਨੀ ਸਾਹਿਬ ਦੇ ਗੁਟਕੇ ਦੀ ਬੇਅਦਬੀ ਕੀਤੀ ਗਈ। ਬੇਅਦਬੀ ਕਾਰਨ ਪੈਦਾ ਹੋਏ ਤਣਾਅ ਕਰਕੇ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ  ਪੁਲੀਸ ਤਾਇਨਾਤ ਕਰ ਦਿਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿਘ ਹੁੰਦਲ ਨੇ ਦੱਸਿਆ ਕਿ ਥਾਣਾ ਸਦਰ ਵਿੱਚ ਗੁਰਦੁਆਰਾ ਗੁਰੂਸਰ ਸਾਹਿਬ, ਮੋਠਾਂਵਾਲੀ ਦੇ ਪ੍ਰਧਾਨ ਸ਼ਾਮ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 295ਏ ਤੇ 505 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਮੋਠਾਂਵਾਲੀ ਵਿਚ ਸਵੇਰੇ ਤਕਰੀਬਨ 4 ਵਜੇ ਸੰਗਤ ਗੁਰਦੁਆਰੇ ਆਉਣ ਲੱਗੀ ਤਾਂ ਗੁਰਦੁਆਰੇ ਦੇ ਮੁੱਖ ਦੁਆਰ ਨੇੜੇ ਇਕ ਘਰ ਤੇ ਦੁਕਾਨਾਂ ਅੱਗੇ ਸੁਖਮਨੀ ਸਾਹਿਬ ਦੇ ਗੁਟਕੇ ਦੇ ਅੰਗ ਮਿਲੇ। ਪਿੰਡ ਵਾਸੀਆਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ। ਇਸ ਘਟਨਾ ਤੋਂ ਤਣਾਅ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਵੱਡੀ ਗਿਣਤੀ ਵਿਚ  ਪੁਲੀਸ ਤਾਇਨਾਤ ਕਰ ਦਿੱਤੀ ਹੈ। ਐੱਸਐੱਸਪੀ ਰਾਜਜੀਤ ਸਿੰਘ ਹੁੰਦਲ ਸਮੇਤ ਹੋਰ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਭਾਈ ਅਮਰੀਕ ਸਿੰਘ ਅਜਨਾਲਾ, ਹਰਜਿੰਦਰ ਸਿੰਘ ਬਾਜੇਕੇ, ਬਾਬਾ ਰੇਸ਼ਮ ਸਿੰਘ ਖੁਖਰਾਣਾ ਤੇ ਬਾਬਾ ਅਰਸ਼ਦੀਪ ਸਿੰਘ ਵੀ ਪੁੱਜੇ ਤੇ ਘਟਨਾ ਦੀ ਨਿਖੇਧੀ ਕੀਤੀ।