ਹਵਾਲਾਤੀ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ

ਹਵਾਲਾਤੀ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ

ਮਾਡਰਨ ਜੇਲ੍ਹ ਫਰੀਦਕੋਟ ਦੀ ਬਾਹਰੀ ਝਲਕ ਅਤੇ ਮੁੱਖ ਮੰਤਰੀ ਨੂੰ ਜੇਲ੍ਹ ‘ਚੋਂ ਧਮਕੀ ਦੇਣ ਵਾਲਾ ਨੌਜਵਾਨ (ਇਨਸੈੱਟ)।
ਫ਼ਰੀਦਕੋਟ/ਬਿਊਰੋ ਨਿਊਜ਼ :
ਇਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਇੱਕ ਹਵਾਲਾਤੀ ਨੇ ਮੋਬਾਈਲ ਫ਼ੋਨ ‘ਤੇ ਫੇਸਬੁੱਕ ਲਾਈਵ ਚਲਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਕਾਫ਼ੀ ਬੁਰਾ-ਭਲਾ ਕਿਹਾ। ਉਸ ਨੇ ਜੇਲ੍ਹ ਵਿੱਚ ਨਸ਼ੇ ਦੀ ਭਰਮਾਰ ਹੋਣ ਦੇ ਦੋਸ਼ ਵੀ ਲਾਏ। ਸਿਟੀ ਪੁਲੀਸ ਨੇ ਦੋਵਾਂ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ੲਿਨ੍ਹਾਂ ਵਿੱਚੋਂ ਇਕ ਹਵਾਲਾਤੀ ਖ਼ਿਲਾਫ਼ ਜੈਤੋਂ ਥਾਣੇ ਵਿੱਚ ਪਹਿਲਾਂ ਵੀ ਤਿੰਨ ਕੇਸ ਦਰਜ ਹਨ।
ਜਾਣਕਾਰੀ ਅਨੁਸਾਰ ਆਪਣੀ ਤਿੰਨ ਮਿੰਟ ਦੀ ਲਾਈਵ ਫੇਸਬੁੱਕ ਗੱਲਬਾਤ ਵਿੱਚ ਹਵਾਲਾਤੀ ਗੋਬਿੰਦ ਸਿੰਘ ਵਾਸੀ ਮਾੜੀ ਭੈਣ ਨੇ ਜੇਲ੍ਹ ਪ੍ਰਸ਼ਾਸਨ ‘ਤੇ ਦੋਸ਼ ਲਾਇਆ ਕਿ ਜੇਲ੍ਹ ਵਿੱਚ ਨੌਜਵਾਨਾਂ ਨੂੰ ਸ਼ਰ੍ਹੇਆਮ ਨਸ਼ਾ ਵੰਡਿਆ ਜਾ ਰਿਹਾ ਹੈ ਤੇ ਜਾਣ-ਬੁੱਝ ਕੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ  ਹੋ ਰਹੀ। ਉਸ ਨੇ ਦੋਸ਼ ਲਾਇਆ ਕਿ ਹਵਾਲਾਤੀਆਂ ਤੇ ਕੈਦੀਆਂ ਨੂੰ ਪੀਣ ਲਈ ਲੋੜੀਂਦਾ ਪਾਣੀ ਵੀ ਨਹੀਂ ਦਿੱਤਾ ਜਾਂਦਾ। ਉਧਰ, ਜੇਲ੍ਹ ਪ੍ਰਸ਼ਾਸਨ ਨੇ ਹਵਾਲਾਤੀ ਵੱਲੋਂ ਲਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਕਰੀਬ ਤਿੰਨ ਮਿੰਟ ਦੀ ਗੱਲਬਾਤ ਦੌਰਾਨ ਉਸ ਨੇ ਜੇਲ੍ਹ ਅੰਦਰਲੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਪੂਰੇ ਪ੍ਰਬੰਧ ਨਾ ਹੋਣ ਦੀ ਗੱਲ ਵੀ ਕਹੀ। ਉਧਰ ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਜੇਲ੍ਹ ਵਿੱਚੋਂ ਫੇਸਬੁੱਕ ‘ਤੇ ਲਾਈਵ ਹੋ ਕੇ ਮੁੱਖ ਮੰਤਰੀ ਖਿਲਾਫ਼ ਇਤਰਾਜ਼ ਯੋਗ ਸ਼ਬਦਾਵਲੀ ਵਰਤਣ ਵਾਲੇ ਗੋਬਿੰਦ ਸਿੰਘ ਅਤੇ ਉਸ ਦੇ ਸਾਥੀ ਕੁਲਦੀਪ ਸਿੰਘ ਖਿਲਾਫ਼ ਸਿਟੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹਵਾਲਾਤੀਆਂ ਕੋਲ ਇੰਟਰਨੈੱਟ ਸਹੂਲਤ ਵਾਲਾ ਮੋਬਾਈਲ  ਹੋਣ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਉਂਜ ਹਵਾਲਾਤੀ ਦੀ ਇਸ ਨਵੀਂ ਵੀਡੀਓ ਨੇ ਜੇਲ ਪ੍ਰਸ਼ਾਸਨ ਦੀਆਂ ਸਮੱਸਿਆਵਾਂ ਵਧਾ ਦਿੱਤੀਆਂ ਹਨ। ਇਸ ਦੌਰਾਨ ਜੇਲ੍ਹ ਸੁਪਰਡੈਂਟ ਨੇ ਦਾਅਵਾ ਕੀਤਾ ਕਿ ਜੇਲ੍ਹ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਮਿਲਦਾ ਅਤੇ ਨਸ਼ੇ ਦੇ ਆਦੀ ਹਵਾਲਾਤੀ ਤੇ ਕੈਦੀਆਂ ਦਾ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।