‘ਆਪ’ ਦੇ ਕਾਂਗਰਸ ਨਾਲ ਜਾਣ ਦੇ ਸਵਾਲ ‘ਤੇ ਫੂਲਕਾ ਨੇ ਦਿਖਾਏ ਬਾਗੀ ਤੇਵਰ

‘ਆਪ’ ਦੇ ਕਾਂਗਰਸ ਨਾਲ ਜਾਣ ਦੇ ਸਵਾਲ ‘ਤੇ ਫੂਲਕਾ ਨੇ ਦਿਖਾਏ ਬਾਗੀ ਤੇਵਰ

ਚੰਡੀਗੜ੍ਹ/ ਬਿÀਰੂ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੋਦੀ ਦੇ ‘ਜੇਤੂ ਰੱਥ’ ਨੂੰ ਰੋਕਣ ਲਈ ਕਾਂਗਰਸ ਦੀ ਸ਼ਮੂਲੀਅਤ ਵਾਲੇ ਉਭਰ ਰਹੇ ਸਿਆਸੀ ਗੱਠਜੋੜ ਨਾਲ ਹੱਥ ਮਿਲਾਉਣ ਦੇ ਯਤਨਾਂ ਵਿਰੁੱਧ ਪਾਰਟੀ ਦੇ ਅੰਦਰੋਂ ਹੀ ਵਿਰੋਧ ਉਠਣ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਐਚ.ਐਸ. ਫੂਲਕਾ ਨੇ ਕਿਹਾ ਕਿ ‘ਆਪ’ ਵੱਲੋਂ ਕਾਂਗਰਸ ਦੀ ਸ਼ਮੂਲੀਅਤ ਵਾਲੇ ਗੱਠਜੋੜ ਵਿਚ ਸ਼ਾਮਲ ਹੋਣ ‘ਤੇ ਉਹ ਪਾਰਟੀ ਤੋਂ ਅਸਤੀਫ਼ਾ ਦੇ ਦੇਣਗੇ। ਉਂਜ ਪੰਜਾਬ ਦੇ ਬਹੁਤੇ ਵਿਧਾਇਕ ਅਤੇ ਲੀਡਰਸ਼ਿਪ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਜਾਪਦਾ।
ਸ੍ਰੀ ਫੂਲਕਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ‘ਤੇ ਕਾਂਗਰਸ ਦੀ ਸ਼ਮੂਲੀਅਤ ਵਾਲੇ ਗੱਠਜੋੜ ਵਿਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਦਾ ਮੁੱਖ ਮਿਸ਼ਨ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਹੈ। ਜੇ ਉਹ ਕਾਂਗਰਸ ਨਾਲ ਸਿਆਸੀ ਹੱਥ ਮਿਲਾਉਂਦੇ ਹਨ ਤਾਂ ਇਸ ਦਾ ਸਿੱਧਾ ਮਤਲਬ ‘ਕਾਂਗਰਸ ਨੂੰ ਕਤਲੇਆਮ ਲਈ ਮੁਆਫ ਕਰਨਾ’ ਹੋਵੇਗਾ। ਉਹ ਘੱਟੋ-ਘੱਟ ਇਸ ਜ਼ਿੰਦਗੀ ਵਿਚ ਕਾਂਗਰਸ ਨਾਲ ਸਾਂਝ ਨਹੀਂ ਪਾ ਸਕਦੇ।
ਪਹਿਲਾਂ ਸ੍ਰੀ ਫੂਲਕਾ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਵੀ ਇਹ ਕਹਿ ਕੇ ਅਸਤੀਫ਼ਾ ਦੇ ਦਿੱਤਾ ਸੀ ਕਿ ਉਹ ਸਿੱਖ ਕਤਲੇਆਮ ਦੇ ਕੇਸ ਦੀ ਪੈਰਵੀ ਨੂੰ ਪਹਿਲ ਦੇਣਾ ਚਾਹੁੰਦੇ ਹਨ। ਉਨ੍ਹਾਂ ‘ਆਪ’ ਦੀਆਂ ਸਿਆਸੀ ਸਰਗਰਮੀਆਂ ਤੋਂ ਵੀ ਲੰਮੇ ਸਮੇਂ ਤੋਂ ਫ਼ਾਸਲਾ ਬਣਾਇਆ ਹੋਇਆ ਹੈ। ਉਨ੍ਹਾਂ ਆਪਣੇ ਆਪ ਨੂੰ ਆਪਣੇ ਵਿਧਾਨ ਸਭਾ ਹਲਕਾ ਦਾਖਾ ਤੱਕ ਹੀ ਸੀਮਤ ਰੱਖਿਆ ਹੈ।
ਸੂਤਰਾਂ ਅਨੁਸਾਰ ਉਂਜ ਪੰਜਾਬ ਦੇ ਬਹੁਤੇ ‘ਆਪ’ ਵਿਧਾਇਕਾਂ ਅਤੇ ਲੀਡਰਸ਼ਿਪ ਨੂੰ ਕਾਂਗਰਸ ਦੀ ਸ਼ਮੂਲੀਅਤ ਵਾਲੇ ਗੱਠਜੋੜ ਨਾਲ ਸਾਂਝ ਪਾਉਣ ਵਿਚ ਇਤਰਾਜ਼ ਨਹੀਂ ਜਾਪਦਾ। ਸੰਪਰਕ ਕਰਨ ‘ਤੇ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਕੱਲੇ ਤੌਰ ‘ਤੇ ਮੋਦੀ ਨੂੰ ਰੋਕਣਾ ਔਖਾ ਹੈ। ਜੇ ਪਾਰਟੀ ਨੂੰ ਕਾਂਗਰਸ ਦੀ ਸ਼ਮੂਲੀਅਤ ਵਾਲੇ ਗੱਠਜੋੜ ਨਾਲ ਸਿਆਸੀ ਸਾਂਝ ਦੀ ਲੋੜ ਜਾਪਦੀ ਹੈ ਤਾਂ ਇਸ ਵਿਚ ਕੋਈ ਹਰਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੱਠਜੋੜ ਵਿਚ ਸ਼ਮੂਲੀਅਤ ਦੇ ਬਾਵਜੂਦ ਪਾਰਟੀ ਨੂੰ ਆਪਣੇ ਅਸੂਲਾਂ ਤੇ ਵਿਚਾਰਧਾਰਾ ਨੂੰ ਕਾਇਮ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਜਿਹੜਾ ਵੀ ਫੈਸਲਾ ਲੈਣਗੇ, ਉਹ (ਸ੍ਰੀ ਸੰਧਵਾਂ) ਉਸ ਉਪਰ ਪਹਿਰਾ ਦੇਣਗੇ। ‘ਆਪ’ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਫਿਲਹਾਲ ਪਾਰਟੀ ਨੇ ਅਜਿਹੇ ਗੱਠਜੋੜ ਵਿਚ ਸ਼ਾਮਲ ਹੋਣ ਦਾ ਕੋਈ ਫੈਸਲਾ ਨਹੀਂ ਕੀਤਾ। ਜਦੋਂ ਕੋਈ ਅਜਿਹਾ ਫੈਸਲਾ ਲੈਣ ਦਾ ਸਮਾਂ ਆਵੇਗਾ ਤਾਂ ਉਹ ਮੌਕੇ ਮੁਤਾਬਕ ਹੀ ਪ੍ਰਤੀਕਿਰਿਆ ਕਰਨਗੇ।
ਗ਼ੌਰਤਲਬ ਹੈ ਕਿ ਸ੍ਰੀ ਕੇਜਰੀਵਾਲ ਲੰਮੇ ਸਮੇਂ ਤੋਂ ਕੌਮੀ ਪੱਧਰ ‘ਤੇ ਭਾਜਪਾ ਵਿਰੁੱਧ ਸਾਂਝਾ ਗੱਠਜੋੜ ਬਣਾਉਣ ਲਈ ਸਰਗਰਮ ਹਨ। ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ ਸਿਆਸੀ ਸਰਗਰਮੀਆਂ ਦਾ ਕਈ ਵਾਰ ਹਿੱਸਾ ਵੀ ਬਣ ਚੁੱਕੇ ਹਨ