ਅੰਤਰਧਰਮੀ ਜੋੜੇ ਨਾਲ ਬਦਸਲੂਕੀ ਕਰਨ ਵਾਲੇ ਅਫ਼ਸਰ ਖਿਲਾਫ ਕਾਰਵਾਈ

ਅੰਤਰਧਰਮੀ ਜੋੜੇ ਨਾਲ ਬਦਸਲੂਕੀ ਕਰਨ ਵਾਲੇ ਅਫ਼ਸਰ ਖਿਲਾਫ ਕਾਰਵਾਈ

ਲਖਨਊ/ਬਿਊਰੋ ਨਿਊਜ਼ :

ਲਖਨਊ ਦੇ ਪਾਸਪੋਰਟ ਸੇਵਾ ਕੇਂਦਰ ਵਿੱਚ ਇਕ ਅੰਤਰਧਰਮੀ ਜੋੜੇ ਨਾਲ ਬਦਸਲੂਕੀ ਕਰਨ ਵਾਲੇ ਇਕ ਅਫ਼ਸਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਜਿਸ ਨੇ ਇਕ ਮੁਸਲਿਮ ਪਤੀ ਨੂੰ ਹਿੰਦੂ ਧਰਮ ਗ੍ਰਹਿਣ ਕਰਨ ਲਈ ਕਿਹਾ ਸੀ ਤੇ ਉਸ ਦੀ ਪਤਨੀ ਨੂੰ ਇਕ ਮੁਸਲਿਮ ਨਾਲ ਵਿਆਹ ਕਰਾਉਣ ’ਤੇ ਬੁਰਾ ਭਲਾ ਕਿਹਾ ਸੀ। ਇਹ ਜੋੜਾ ਆਪਣੀ ਪਾਸਪੋਰਟ ਅਰਜ਼ੀ ਲੈ ਕੇ ਸੇਵਾ ਕੇਂਦਰ ਵਿੱਚ ਗਿਆ ਸੀ। ਮੁਹੰਮਦ ਅਨਸ ਸਿਦੀਕੀ ਤੇ ਤਨਵੀ ਸੇਠ ਨੇ 12 ਸਾਲ ਪਹਿਲਾਂ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਆਪਣੇ ਨਾਲ ਹੋਏ ਮਾੜੇ ਸਲੂਕ ਦੀ ਘਟਨਾ ਦੇ ਵੇਰਵੇ ਟਵਿਟਰ ’ਤੇ ਸਾਂਝੇ ਕੀਤੇ ਸਨ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨਾਲ ਟੈਗ ਵੀ ਕੀਤਾ ਸੀ। ਲਖਨਊ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਨੇ ਇਸ ਜੋੜੇ ਨਾਲ ਬਦਸਲੂਕੀ ਕਰਨ ਵਾਲੇ ਅਫ਼ਸਰ ਵਿਕਾਸ ਮਿਸ਼ਰਾ ਦਾ ਤਬਾਦਲਾ ਕਰ ਦਿੱਤਾ ਹੈ। ਆਰਪੀਓ ਪਿਊਸ਼ ਵਰਮਾ ਨੇ ਦੱਸਿਆ ਕਿ ਸਿੱਦੀਕੀ ਤੇ ਤਨਵੀ ਉਨ੍ਹਾਂ ਨੂੰ ਮਿਲੇ ਸਨ ਤੇ ਉਨ੍ਹਾਂ ਨੂੰ ਪਾਸਪੋਰਟ ਜਾਰੀ ਕਰ ਦਿੱਤੇ ਗਏ ਹਨ। ਇਸ ਦੌਰਾਨ, ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਸ ਮਾਮਲੇ ਬਾਰੇ ਰਿਪੋਰਟ ਮੰਗੀ ਹੈ।