ਕਾਨ ਫਿਲਮ ਮੇਲੇ ਦਾ ਸਰਵੋਤਮ ਪੁਰਸਕਾਰ ਜਪਾਨੀ ਨਿਰਦੇਸ਼ਕ ਹਿਰੋਕਾਜ਼ੂ ਕੋਰ-ਏਡਾ ਨੂੰ ਮਿਲਿਆ

ਕਾਨ ਫਿਲਮ ਮੇਲੇ ਦਾ ਸਰਵੋਤਮ ਪੁਰਸਕਾਰ ਜਪਾਨੀ ਨਿਰਦੇਸ਼ਕ ਹਿਰੋਕਾਜ਼ੂ ਕੋਰ-ਏਡਾ ਨੂੰ ਮਿਲਿਆ
71ਵੇਂ ਕਾਨ ਫਿਲਮ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਨਿਰਦੇਸ਼ਕ ਹਿਰੋਕਾਜ਼ੂ ਕੋਰ-ਏਡਾ ਸਰਵੋਤਮ ਪੁਰਸਕਾਰ ‘ਪਾਮ ਡੀ ਔਰ’ ਨਾਲ।

ਕਾਨ/ਬਿਊਰੋ ਨਿਊਜ਼ :
71ਵੇਂ ਕਾਨ ਫਿਲਮ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਏਸ਼ਿਆਈ, ਅਰਬੀ ਅਤੇ ਮਹਿਲਾ ਕਲਾਕਾਰਾਂ ਨੇ ਸਿਖਰਲੇ ਐਵਾਰਡ ਆਪਣੇ ਨਾਂ ਕੀਤੇ ਜਦ ਕਿ ਜਪਾਨੀ ਨਿਰਦੇਸ਼ਕ ਹਿਰੋਕਾਜ਼ੂ ਕੋਰ-ਏਡਾ ਨੇ ਕਾਨ ਦਾ ਸਰਵਉੱਚ ਪੁਰਸਕਾਰ ‘ਪਾਮ ਡੀ ਔਰ’ ਹਾਸਲ ਕੀਤਾ। ਸਮਾਰੋਹ ਵਿੱਚ ‘ਮੈਨਬਿਕੀ ਕਾਜੋਕੂ’ ਨੇ ਫਿਲਮ ‘ਸ਼ਾਪਲਿਫਟਰਜ਼’ ਲਈ ‘ਪਾਮ ਡੀ ਔਰ’ ਪੁਰਸਕਾਰ ਜਿੱਤਿਆ।
ਇਹ ਫਿਲਮ ਗਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਇਕ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜੋ ਜ਼ਿੰਦਗੀ ਦੇ ਸੰਘਰਸ਼ ਤੋਂ ਪਾਰ ਪਾਉਣ ਵਿੱਚ ਲੱਗਿਆ ਹੋਇਆ ਹੈ। ਸਪਾਈਕ ਲੀ ਦੀ ਨਸਲਵਾਦ ਵਿਰੋਧੀ ਪੀਰੀਅਡ ਡਰਾਮਾ ਫਿਲਮ ‘ਬਲੈਕਕੈਂਸਮੈਨ’ ਨੇ ਗ੍ਰਾਂ ਪ੍ਰੀ ਪੁਰਸਕਾਰ ਜਿੱਤਿਆ ਜਦ ਕਿ ਲਿਬਨਾਨੀ ਫਿਲਮਸਾਜ਼ ਨਾਡਿਨ ਲਬਾਕੀ ਦੀ ਫਿਲਮ ‘ਕੈਫਰਨੌਮ’ ਨੇ ਜਿਊਰੀ ਪ੍ਰਾਈਡ ਆਪਣੇ ਨਾਂ ਕੀਤਾ। ਪੋਲੈਂਡ ਦੇ ਪਾਵੇਲ ਪਾਵਲਿਕੋਵਸਕੀ ਨੂੰ ਕਾਨ ਵਿੱਚ ਸਰਵੋਤਮ ਨਿਰਦੇਸ਼ਕ ਦਾ ਖ਼ਿਤਾਬ ਪ੍ਰਦਾਨ ਕੀਤਾ ਗਿਆ।ਉਨ੍ਹਾਂ ਨੂੰ ਫਿਲਮ ‘ਕੋਲਡ ਵਾਰ’ ਲਈ ਇਹ ਖ਼ਿਤਾਬ ਦਿੱਤਾ ਗਿਆ।
ਬੁੱਧਵਾਰ ਨੂੰ ਕਾਨ ਕ੍ਰਿਟਿਕਸ ਹਫ਼ਤੇ ਵਿੱਚ ਫਰਾਂਸੀਸੀ-ਭਾਰਤੀ ਫਿਲਮ ‘ਸਰ’ ਨੇ ‘ਗਾਨ ਫਾਊਂਡੇਸ਼ਨ ਐਵਾਰਡਜ਼ ਫਾਰ ਡਿਸਟ੍ਰੀਬਿਊਸ਼ਨ’ ਪੁਰਸਕਾਰ ਜਿੱਤਿਆ ਸੀ। ਨਵੋਦਿਤ ਨਿਰਦੇਸ਼ਕ ਰੋਹੇਨਾ ਗੇਰਾ ਵੱਲੋਂ ਨਿਰਦੇਸ਼ਤ ਇਹ ਫਿਲਮ ਮੁੰਬਈ ਦੇ ਇਕ ਅਮੀਰ ਨੌਜਵਾਨ ਅਤੇ ਉਸ ਦੀ ਘਰੇਲੂ ਸਹਾਇਕਾ ਦੀ ਕਹਾਣੀ ਹੈ। ਇਹ ਕਿਰਦਾਰ ਕ੍ਰਮਵਾਰ ਵਿਵੇਕ  ਗੋਂਬਰ  ਅਤੇ ਤਿਲੋਤਸਮਾ ਸੋਮ ਨੇ ਨਿਭਾਏ ਹਨ।
ਇਤਾਲਵੀ ਕਲਾਕਾਰ ਮਾਰਸੋਲੇ ਫੌਂਤੇ ਨੂੰ ਸਰਵੋਤਮ ਕਲਾਕਾਰ ਦਾ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੂੰ ਮੈਟਿਓ ਗੈਰੋਨ ਦੀ ਫਿਲਮ ‘ਡਾਗਮੈਨ’ ਵਿਚ ਨਿਭਾਈ ਸ਼ਾਨਦਾਰ ਭੂਮਿਕਾ ਲਈ ਇਹ ਪੁਰਸਕਾਰ ਦਿੱਤਾ ਗਿਆ। ਕਜ਼ਾਕਿਸਤਾਨ ਦੀ ਸਾਮਲ ਯੇਸਿਲਸਾਮੋਵਾ ਨੂੰ ਸਰਵੋਤਮ  ਅਦਾਕਾਰਾ ਦਾ ਖ਼ਿਤਾਬ ਮਿਲਿਆ। ਉਨ੍ਹਾਂ ਨੂੰ ਇਹ ਪੁਰਸਕਾਰ ਸਰਗੇਈ ਦਵੋਤਸਰਵੋਈ ਦੀ ਫਿਲਮ ‘ਆਈਕਾ’ ਵਿੱਚ ਉਨ੍ਹਾਂ ਦੀ ਖੂਬਸੂਰਤ ਅਦਾਕਾਰੀ ਲਈ ਦਿੱਤਾ ਗਿਆ।