ਤੱਤੀਆਂ ਹਵਾਵਾਂ ਵਿਚ ਸੀਤ ਪੌਣ ਦਾ ਬੁੱਲਾ

ਤੱਤੀਆਂ ਹਵਾਵਾਂ ਵਿਚ ਸੀਤ ਪੌਣ ਦਾ ਬੁੱਲਾ

ਗੁਰਬਚਨ ਸਿੰਘ ਭੁੱਲਰ (ਫੋਨ: 011-42502364,
ਈਮੇਲ: bhullargs0gmail.com)
ਗੱਜਣਵਾਲ਼ਾ ਸੁਖਮਿੰਦਰ ਸਿੰਘ ਨਾਲ ਮੇਰਾ ਕਈ ਦਹਾਕਿਆਂ ਦਾ ਨੇੜ ਹੈ। ਇਹ ਨੇੜ ਪਹਿਲਾਂ-ਪਹਿਲ ਕਹਾਣੀ ਦੇ ਰਚਨਾਕਾਰਾਂ ਵਜੋਂ ਸਾਡੀ ਸਾਂਝ ਵਿਚੋਂ ਉਗਮਿਆ। ਲੰਮਾ ਸਮਾਂ ਉਹ ਨਿਕਟ ਅਨੁਭਵ ਵਿਚੋਂ ਨਿੱਕਲੀਆਂ ਕਹਾਣੀਆਂ ਲਿਖਦਾ ਰਿਹਾ। ਫੇਰ ਉਹਦੀ ਰੁਚੀ ਪੰਜਾਬ ਦੇ ਪੇਂਡੂ ਸਭਿਆਚਾਰ ਦੇ ਜਾਣਕਾਰ ਇਕ ਕਾਲਮ-ਨਵੀਸ ਵਜੋਂ ਲਿਖਣ ਵੱਲ ਹੋ ਗਈ। ਹੁਣ ਉਹ ਸਿੱਖ ਇਤਿਹਾਸ ਦੇ ਖੋਜ-ਕਾਰਜ ਨਾਲ ਜੁੜਿਆ ਹੋਇਆ ਹੈ। ਕਹਾਣੀਆਂ ਹੋਣ, ਕਾਲਮ ਹੋਵੇ ਜਾਂ ਇਤਿਹਾਸ ਹੋਵੇ, ਸਿਰੜ ਉਹਦੇ ਰਚਨਾਤਮਿਕ ਸੁਭਾਅ ਦਾ ਗੁਣ ਹੈ। ਸਿੱਖ ਧਰਮ ਦੀ ਖੋਜ ਸਮੇਂ ਇਸ ਗੁਣ ਨਾਲ ਸ਼ਰਧਾ ਵੀ ਜੁੜ ਗਈ। ਸਿੱਖ ਇਤਿਹਾਸ ਦੀ ਖੋਜ ਕਰਦਿਆਂ ਉਹਦੀ ਮਿਹਨਤ ਦਾ ਇਕ ਫਲ ਪੁਸਤਕ ‘ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ’ ਦੇ ਰੂਪ ਵਿਚ ਸਾਹਮਣੇ ਆਇਆ ਹੈ।
ਧਰਮਾਂ ਤੋਂ ਤੇ ਹੋਰ ਸਭ ਫ਼ਰਕਾਂ ਤੋਂ ਪਾਰਲੀ ਨਿਰੋਲ ਮਨੁੱਖੀ ਸਾਂਝ ਦਾ ਬੀਜ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਦੇ ਸੰਗ-ਸਾਥ ਨੇ ਹੀ ਡੂੰਘਾ ਬੀਜ ਦਿੱਤਾ ਸੀ। ਅਗਲੇ ਗੁਰੂ ਸਾਹਿਬਾਨ ਨੇ ਇਸ ਮਨੁੱਖੀ ਸਾਂਝ ਨੂੰ ਏਨੇ ਸਿਦਕ ਨਾਲ ਸੰਭਾਲਿਆ-ਸਿੰਜਿਆ ਸੀ ਕਿ ਦਸਮੇਸ਼ ਪਿਤਾ ਵੱਲੋਂ ਗੁਰ-ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪੇ ਜਾਣ ਤੱਕ ਇਹ ਅਜਿਹੇ ਬਿਰਛ ਦਾ ਰੂਪ ਧਾਰ ਚੁੱਕੀ ਸੀ ਜਿਸ ਦੀਆਂ ਜੜਾਂ ਨੂੰ ਮਗਰੋਂ ਦੇ ਟਾਕਰੇ-ਟਕਰਾਵਾਂ, ਯੁੱਧਾਂ, ਸੰਕਟਾਂ ਤੇ ਘੱਲੂਘਾਰਿਆਂ ਦੇ ਝੱਖੜ-ਝਾਂਜੇ ਤੇ ਹੜ੍ਹ-ਤੂਫ਼ਾਨ ਵੀ ਹਿਲਾ ਨਹੀਂ ਸਕੇ। ਭਾਈ ਮਰਦਾਨੇ ਤੋਂ ਤੁਰ ਕੇ ਗੁਰੂ-ਘਰ ਨਾਲ ਸ਼ਰਧਾ-ਸਾਂਝ ਨਿਭਾਉਂਦੇ ਰਹੇ ਇਸਲਾਮ ਨੂੰ ਮੰਨਣ ਵਾਲ਼ੇ ਅਨੇਕ ਗੁਰਮੁਖ ਮੁਸਲਮਾਨ ਇਸ ਸਰਬ-ਸਾਂਝੀ ਮਾਲ਼ਾ ਦੇ ਹੀ ਮਣਕੇ ਹਨ। ਇਹਨਾਂ ਵਿਚੋਂ ਭਾਈ ਮਰਦਾਨਾ, ਰਬਾਬੀ ਭਰਾ ਸੱਤਾ ਤੇ ਬਲਵੰਡ, ਸੂਫ਼ੀ ਸੰਤ ਸਾਈਂ ਮੀਆਂ ਮੀਰ, ਪੈਂਦੇ ਖਾਂ ਪਠਾਣ, ਬੀਬੀ ਕੌਲਾਂ, ਨਵਾਬ ਸੈਫ਼ੁਦੀਨ, ਪੀਰ ਬੁੱਧੂ ਸ਼ਾਹ, ਨਿਹੰਗ ਖਾਨ ਅਤੇ ਨਬੀ ਖਾਂ ਗਨੀ ਖਾਂ ਇਸ ਪੁਸਤਕ ਦੇ ਨਾਇਕ ਬਣੇ ਹਨ।
ਸਿੱਖ ਧਰਮ ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ। ਪਰ ਇਸ ਦਾ ਨਿਕਾਸ ਤੇ ਵਿਕਾਸ ਮਾਨਵ ਦੀ ਸਾਰੀ ਜ਼ਾਤ ਨੂੰ ਇਕ ਸਮਝਣ ਦੀ ਅਤੇ ‘ਸੀ’ ਕੀਤੇ ਬਿਨਾਂ ਅਨਗਿਣਤ ਸੀਸ ਦਿੰਦਿਆਂ ਤੇ ਹੋਰ ਅਥਾਹ ਕੁਰਬਾਨੀਆਂ ਕਰਦਿਆਂ ਇਸ ਸਮਝ ਉੱਤੇ ਪਹਿਰਾ ਦੇਣ ਦੀ ਅਜਿਹੀ ਗਾਥਾ ਹੈ ਜਿਸ ਦੀ ਹੋਰ ਕੋਈ ਮਿਸਾਲ ਪੂਰੇ ਸੰਸਾਰ ਦੇ ਇਤਿਹਾਸ ਉੱਤੇ ਝਾਤ ਪਾਇਆਂ ਨਾ ਕਿਸੇ ਦੇਸ ਵਿਚ ਮਿਲਦੀ ਹੈ ਤੇ ਨਾ ਕਿਸੇ ਕਾਲ ਵਿਚ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਨਾ ਕਿਸੇ ਦੌਰ ਵਿਚ ਸੰਕਟ, ਮੁਸ਼ਕਿਲਾਂ, ਵਿਰੋਧ, ਜਬਰ ਤੇ ਕੁਰਬਾਨੀਆਂ ਹਰ ਧਰਮ ਦਾ ਨਸੀਬ ਰਹੀਆਂ ਹਨ। ਪਰ ਵੱਡਾ ਫ਼ਰਕ ਇਹ ਹੈ ਕਿ ਜਿਥੇ ਕਿਸੇ ਧਰਮ ਦੀ ਇਹ ਕਥਾ-ਕਹਾਣੀ ਦਰਜਨਾਂ ਪੰਨਿਆਂ ਵਿਚ ਤੇ ਕਿਸੇ ਹੋਰ ਦੀ ਸੈਂਕੜੇ ਪੰਨਿਆਂ ਵਿਚ ਲਿਖੀ ਜਾ ਸਕਦੀ ਹੈ, ਉਥੇ ਸਿੱਖ ਧਰਮ ਦੀ ਇਹ ਅਲੋਕਾਰ ਬੀਰ-ਗਾਥਾ ਲਿਖਣ ਵਾਸਤੇ ਦਰਜਨਾਂ-ਸੈਂਕੜੇ ਨਹੀਂ, ਅਨਗਿਣਤ ਪੰਨੇ ਦਰਕਾਰ ਹਨ। ਲਗਭਗ ਹਰੇਕ ਹੋਰ ਧਰਮ ਆਪਣੇ ਆਪ ਨੂੰ ਦੂਜੇ ਸਭਨਾਂ ਧਰਮਾਂ ਤੋਂ ਉੱਤਮ ਅਤੇ ਆਪਣੇ ਮਾਰਗ ਨੂੰ ਰੱਬ ਤੱਕ ਪਹੁੰਚਣ ਦਾ ਇਕੋ-ਇਕ ਸਹੀ ਮਾਰਗ ਮੰਨਦਾ ਹੈ। ਇਹ ਸੋਚ ਵੱਡੇ ਬਖੇੜੇ ਖੜ੍ਹੇ ਕਰਦੀ ਹੈ। ਇਸ ਦੇ ਉਲਟ ਸਿੱਖ ਧਰਮ ਦਾ, ਇਸ ਉੱਤੇ ਕਈ ਪਰ-ਧਰਮਾਂ ਦੇ ਅਕਹਿ-ਅਸਹਿ ਅੱਤਿਆਚਾਰਾਂ ਦੇ ਪਰਛਾਵੇਂ ਹੇਠ ਵੀ, ਇਹ ਵਿਸ਼ਵਾਸ ਕਦੀ ਨਹੀਂ ਡੋਲਿਆ ਕਿ ਕੋਈ ਰਾਮ ਰਾਮ ਬੋਲੇ ਤੇ ਕੋਈ ਖ਼ੁਦਾ ਕਹੇ, ਕੋਈ ਵੇਦ ਵਾਚੇ ਤੇ ਕੋਈ ਕਤੇਬ ਪੜ੍ਹੇ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਮੂਲ ਤੇ ਮੁੱਖ ਗੱਲ ਮਾਨਵਜਾਤ ਨੂੰ ਇਕ ਪਛਾਣਨ ਦੀ ਹੈ!
ਇਸ ਮਾਨਵਵਾਦੀ ਵਿਸ਼ਵਾਸ ਦਾ ਸਿੱਕੇਬੰਦ ਸਾਕਾਰ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਲਗਭਗ ਹਰ ਧਰਮ ਦੇ ਮੋਢੀ ਆਪਣੇ ਪੈਰੋਕਾਰਾਂ ਦੀ ਰਾਹਨੁਮਾਈ ਵਾਸਤੇ ਆਪਣੇ ਵਿਚਾਰ ਦਰਜ ਕਰ ਕੇ ਗ੍ਰੰਥ ਛੱਡ ਗਏ ਹਨ। ਇਹ ਗ੍ਰੰਥ ਸੰਬੰਧਿਤ ਧਰਮ ਦਾ ਆਧਾਰ ਬਣਿਆ ਰਹਿੰਦਾ ਹੈ। ਪਰ ਪੂਰੇ ਸੰਸਾਰ ਦੇ ਧਰਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੋ-ਇਕ ਮਿਸਾਲ ਹੈ ਜਿਸ ਵਿਚ ਹੋਰ ਧਰਮਾਂ ਦੇ ਸੰਤਾਂ-ਭਗਤਾਂ ਦੀ ਬਾਣੀ ਵੀ ਦਰਜ ਹੈ। ਵੱਡੇ ਮਹੱਤਵ ਵਾਲ਼ਾ ਤੱਥ ਇਹ ਹੈ ਕਿ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਰਦਿਆਂ ਪੰਜਵੇਂ ਗੁਰੂ ਸਾਹਿਬ ਨੇ ਸਾਰੇ ਬਾਣੀਕਾਰਾਂ ਦੀ ਬਾਣੀ ਨੂੰ ਬਰਾਬਰ ਆਦਰ-ਮਾਣ ਦੀ ਅਧਿਕਾਰੀ ਬਣਾ ਦਿੱਤਾ। ਨੌਵੇਂ ਗੁਰੂ ਸਾਹਿਬ ਦੀ ਬਾਣੀ ਸ਼ਾਮਲ ਕਰ ਕੇ ਆਦਿ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਦਿੰਦਿਆਂ ਅਤੇ ਅੱਗੇ ਚੱਲ ਕੇ ਗੁਰ-ਗੱਦੀ ਸੌਂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਦੈਵ ਗੁਰੂ ਥਾਪਦਿਆਂ ਦਸਵੇਂ ਗੁਰੂ ਸਾਹਿਬ ਨੇ ਸਾਰੇ ਬਾਣੀਕਾਰਾਂ ਦੇ ਆਦਰ-ਮਾਣ ਦੀ ਇਸ ਬਰਾਬਰੀ ਉੱਤੇ ਮੋਹਰ ਲਾ ਦਿੱਤੀ।
ਦੂਜੇ ਧਰਮਾਂ ਵੱਲ ਅਜਿਹਾ ਅਪਣੱਤੀ ਰਵਈਆ ਸਿੱਖ ਧਰਮ ਦੀ ਹੀ ਵਿਸ਼ੇਸ਼ਤਾ ਰਿਹਾ ਹੈ। ਅੰਗਰੇਜ਼ ਲੇਖਿਕਾ ਬੀਟਰਿਸ ਐਵੇਲਿਨ ਹਾਲ ਨੇ 1906 ਵਿਚ ਲਿਖੀ ਵਾਲਟੇਅਰ (1694-1778) ਦੀ ਜੀਵਨੀ ਵਿਚ ਵਿਚਾਰ-ਪਰਗਟਾਵੇ ਦੀ ਆਜ਼ਾਦੀ ਸੰਬੰਧੀ ਉਹਦੀ ਸੋਚ ਦਾ ਸਾਰ ਇਹਨਾਂ ਸ਼ਬਦਾਂ ਵਿਚ ਦੱਸਿਆ ਹੈ, ਉਮੈਂ ਤੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਪਰ ਮੈਂ ਜਾਨ ਵਾਰ ਕੇ ਵੀ ਉਹਨਾਂ ਦੇ ਪਰਗਟਾਵੇ ਦੇ ਤੇਰੇ ਹੱਕ ਦਾ ਪੱਖ ਪੂਰਦਾ ਰਹਾਂਗਾ।” ਦੂਜਿਆਂ ਦੇ ਵਿਚਾਰਾਂ ਨੂੰ ਬਰਦਾਸ਼ਤ ਨਾ ਕਰਨ ਵਾਲ਼ੇ ਅਜੋਕੇ ਅਸਹਿਣਸ਼ੀਲ ਸੰਸਾਰ ਵਿਚ ਇਹ ਟੂਕ ਅਕਸਰ ਹੀ ਵਾਲਟੇਅਰ ਦੇ ਨਾਂ ਨਾਲ ਦੁਹਰਾਈ ਜਾਂਦੀ ਰਹਿੰਦੀ ਹੈ। ਪਰ ਵਾਲਟੇਅਰ ਦੇ ਵਿਚਾਰ ਅਤੇ ਹਾਲ ਦੇ ਕਥਨ ਤੋਂ ਬਹੁਤ ਪਹਿਲਾ^ ਸ੍ਰੀ ਗੁਰੂ ਤੇਗ਼ ਬਹਾਦਰ (1621-1675) ਨੇ ਆਪਣੇ ਇਸ ਮੱਤ ਉੱਤੇ ਦ੍ਰਿੜ੍ਹ ਰਹਿੰਦਿਆਂ ਦਿੱਲੀ ਦੇ ਚੌਕ ਵਿਚ ਸਰਬ-ਉੱਚ ਕੁਰਬਾਨੀ ਦੇਣ ਦਾ ਬੇਮਿਸਾਲ ਕਾਰਨਾਮਾ ਕਰ ਦਿਖਾਇਆ ਸੀ ਕਿ ਆਪਣੇ ਵਿਸ਼ਵਾਸ ਦਾ ਪਾਬੰਦ ਰਹਿਣ ਦੀ ਆਜ਼ਾਦੀ ਹਰ ਮਨੁੱਖ ਦਾ ਹੱਕ ਹੈ।
ਇਸੇ ਸੋਚ ਦੇ ਕਲਾਵੇ ਵਿਚ ਆਉਂਦਾ ਇਕ ਨਿੱਜੀ ਅਨੁਭਵ ਮੇਰੀ ਸਿਮਰਤੀ ਵਿਚ ਲਿਖਿਆ ਨਹੀਂ ਸਗੋਂ ਡੂੰਘਾ ਉੱਕਰਿਆ ਹੋਇਆ ਹੈ। ਗੱਲ ਕਾਲ਼ੇ ਚੁਰਾਸੀ ਦੀ ਹੈ। ਸਾਕਾ ਨੀਲਾ ਤਾਰਾ ਤੇ ਦਿੱਲੀ ਦਾ ਸਿੱਖ ਕਤਲਾਮ, ਦੋਵੇਂ ਵਾਪਰ ਚੁੱਕੇ ਸਨ ਅਤੇ ਨਤੀਜੇ ਵਜੋਂ ਹਿੰਦੂਆਂ ਤੇ ਸਿੱਖਾਂ ਵਿਚਕਾਰ ਖਟਾਸ ਬਹੁਤ ਤਿੱਖੀ ਹੋ ਚੁੱਕੀ ਸੀ। ਜਦੋਂ ਹਾਲਾਤ ਯਾਤਰਾ ਕਰਨ ਜੋਗੇ ਹੋਏ, ਅਸੀਂ ਅੰਮ੍ਰਿਤਸਰ ਗਏ। ਦਰਬਾਰ ਸਾਹਿਬ ਤੇ ਪਰਕਰਮਾ ਵਿਚ ਤਾਂ ਸਿਰਾਂ ਨੂੰ ਰੁਮਾਲਾਂ ਨਾਲ ਕੱਜਣ ਵਾਲ਼ੇ ਸ਼ਰਧਾਲੂਆਂ ਦੀ ਚੰਗੀ ਵਾਹਵਾ ਹਾਜ਼ਰੀ ਹੈ ਹੀ ਸੀ, ਜਦੋਂ ਅਸੀਂ ਲੰਗਰ ਛਕਣ ਗਏ, ਉਸ ਪੰਗਤ ਵਿਚ ਵੱਡੀ ਗਿਣਤੀ ਵਿਚ ਪਰ-ਧਰਮੀ ਸੱਜਨ ਪਹਿਲਾਂ ਸਦਾ ਵਾਲ਼ੇ ਪ੍ਰੇਮ-ਭਾਵ ਤੇ ਆਦਰ-ਭਾਵ ਦੇ ਮਾਹੌਲ ਵਿਚ ਲੰਗਰ ਛਕ ਰਹੇ ਸਨ। ਮੈਂ  ਸੰਤੁਸ਼ਟੀ ਦਾ ਸਾਹ ਲਿਆ, ਬਾਬਾ ਨਾਨਕ ਦੀ ਸਾਡੇ ਲਈ ਵਿਰਸੇ ਵਿਚ ਛੱਡੀ ਮਾਨਵਵਾਦੀ ਕਰਾਮਾਤ ਦੀ ਕਿਰਪਾ ਨਾਲ ਆਖ਼ਰ ਪੰਜਾਬ ਦੇ ਇਹ ਕਾਲ਼ੇ ਦਿਨ ਜ਼ਰੂਰ ਖ਼ਤਮ ਹੋ ਜਾਣਗੇ!
ਇਸ ਵਿਚਾਰਧਾਰਾ ਦੇ ਪੰਨਿਆਂ ਵਿਚੋਂ ਲੰਘਦਿਆਂ ਪਾਠਕ ਦਾ ਉਸ ਸਮੇਂ ਹੈਰਾਨ ਹੋਣਾ ਸੁਭਾਵਿਕ ਹੈ ਜਦੋਂ ਉਹ ਦੇਖਦਾ ਹੈ ਕਿ ਆਪਣੇ ਆਪ ਨੂੰ ਇਸਲਾਮ ਧਰਮ ਦੇ ਪੈਰੋਕਾਰ, ਰਖਵਾਲੇ ਤੇ ਪ੍ਰਚਾਰਕ ਅਖਵਾਉਣ ਵਾਲ਼ੇ ਹਾਕਮਾਂ ਦੇ ਅੱਤਿਆਚਾਰ ਸਹਿੰਦਿਆਂ ਵੀ ਸਿੱਖ ਸੋਚ ਨੇ ਇਕ ਪਾਸੇ ਇਹਨਾਂ ਜਾਬਰ ਹਾਕਮਾਂ ਅਤੇ ਦੂਜੇ ਪਾਸੇ ਆਪਣੇ ਧਰਮ ਦਾ ਮਾਨਵੀ ਪੱਖ ਪਛਾਨਣ ਵਾਲੇ ਤੇ ਕਿਰਤ-ਕਮਾਈ ਕਰ ਕੇ ਪੇਟ ਪਾਲਣ ਵਾਲ਼ੇ ਮੁਸਲਮਾਨਾਂ ਵਿਚਕਾਰ ਨਿਖੇੜਾ ਕਰਨ ਵਾਲ਼ੀ ਨਜ਼ਰ ਧੁੰਦਲੀ ਨਹੀਂ ਸੀ ਪੈਣ ਦਿੱਤੀ। ਇਸ ਨਿਰੋਲ ਮਾਨਵਵਾਦੀ ਰਿਸ਼ਤੇ ਤੇ ਵਰਤੋਂ-ਵਿਹਾਰ ਦੀ ਬੁਨਿਆਦ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਨੇ ਹੀ ਏਨੀ ਪੁਖ਼ਤਾ ਰੱਖ ਦਿੱਤੀ ਸੀ ਤੇ ਨਾਨਕ-ਗੱਦੀ ਉੱਤੇ ਬਿਰਾਜੇ ਭਵਿੱਖੀ ਗੁਰੂ ਸਾਹਿਬਾਨ ਉਸ ਬੁਨਿਆਦ ਉੱਤੇ ਅਜਿਹੀ ਉਸਾਰੀ ਕਰਦੇ ਗਏ ਸਨ ਜੋ ਆਪਣੀ ਮਿਸਾਲ ਆਪ ਹੈ। ਕੀ ਇਹ ਤੱਥ ਬੇਮਿਸਾਲ ਨਹੀਂ ਕਿ ਬਾਬਰ ਦੀ ਜ਼ੁਲਮੀ ਚੱਕੀ ਪੀਹਣ ਪਿੱਛੋਂ ਵੀ ਬਾਬਾ ਨਾਨਕ ਦਾ ਸਭ ਤੋਂ ਨਿਕਟ ਸਨੇਹੀ ਮਰਦਾਨਾ ਹੀ ਰਹਿੰਦਾ ਹੈ? ਇਹ ਬਾਬਾ ਜੀ ਤੇ ਮਰਦਾਨੇ ਦੀ ਸਾਂਝ ਹੀ ਸੀ ਜਿਸ ਨੇ ਸਿੱਖਾਂ ਨੂੰ ਧਰਮ-ਪਾਰਲੇ ਮਾਨਵਵਾਦ ਦਾ ਵਿਰਸਾ ਸੌਂਪਿਆ। ਕੋਈ ਸਾਂਝ ਵਰਗੀ ਸਾਂਝ ਸੀ ਇਹ! ਮਰਦਾਨੇ ਨੂੰ ਭਾਈ ਮਰਦਾਨਾ ਬਣਾ ਕੇ ਬਾਬਾ ਜੀ ਨੇ ਸਿੱਖੀ ਵਿਚ ਭਾਈ ਦੀ ਉਪਾਧੀ ਨੂੰ ਸਰਬ-ਉੱਚ ਸਥਾਪਤ ਕਰ ਦਿੱਤਾ।
ਜਨਮ-ਸਾਖੀਆਂ ਵਾਚਦਿਆਂ ਜਿੰਨਾ ਨੇੜਿਉਂ ਇਸ ਰਿਸ਼ਤੇ ਦੇ ਦਰਸ਼ਨ ਕਰਦੇ ਜਾਈਏ, ਮਨ ਓਨਾ ਨਿਰਮਲ ਹੁੰਦਾ ਜਾਂਦਾ ਹੈ। ਜੇ ਬਾਬਾ ਨਾਨਕ ਹਰ ਬੰਦੇ ਵਿਚ ਇਕੋ ਮਹਾਂਨੂਰ ਦੀ ਕਿਰਨ ਨਾ ਦੇਖਦੇ ਹੁੰਦੇ, ਉਹ ਮਰਦਾਨੇ ਨੂੰ ਆਪਣੇ ਮੱਤ ਵੱਲ ਮੋੜਨ ਦਾ ਯਤਨ ਕਰਦੇ। ਪਰ ਅਜਿਹੀ ਸੌੜੀ ਸੋਚ ਉਹਨਾਂ ਦੀ ਵਿਰਾਟ-ਵਿਸ਼ਾਲ ਬ੍ਰਹਿਮੰਡੀ ਗਿਆਨਵਾਨਤਾ ਦੇ ਨੇੜੇ-ਤੇੜੇ ਵੀ ਨਹੀਂ ਸੀ ਢੁੱਕ ਸਕਦੀ, ਜਿਸ ਗਿਆਨਵਾਨਤਾ ਸਾਹਮਣੇ ਗਗਨ ਇਕ ਥਾਲ, ਨੂਰ ਦੇ ਸੋਮੇ ਚੰਦ-ਸੂਰਜ ਦੀਪਕ, ਅੰਬਰ ਮੱਲੀਂ ਬੈਠੇ ਤਾਰੇ ਮੋਤੀ, ਵਣ-ਬਨਸਪਤ ਦੀ ਸੁਗੰਧ ਧੂਫ਼ ਅਤੇ ਪੌਣ ਚੌਰ-ਸੇਵਿਕਾ ਬਣ ਜਾਂਦੀ ਹੈ। ਇਕ ਪਾਸੇ ਉਹ ਆਪਣੇ ਸਮਕਾਲੀ ਦੋਵਾਂ ਵੱਡੇ ਧਰਮਾਂ, ਹਿੰਦੂ ਧਰਮ ਤੇ ਇਸਲਾਮ ਵਿਚ ਆਏ ਵਿਗਾੜਾਂ ਤੋਂ ਫ਼ਿਕਰਮੰਦ ਹੋ ਕੇ ਦੋਵਾਂ ਤੋਂ ਪਾਰਲੀ ਕਿਸੇ ਵਿਚਾਰਧਾਰਾ ਬਾਰੇ ਸੋਚ ਰਹੇ ਸਨ ਤੇ ਦੂਜੇ ਪਾਸੇ ਭਾਈ ਮਰਦਾਨਾ ਪੰਜਾਂ ਵੇਲ਼ਿਆ^ ਦਾ ਨਿਮਾਜ਼ੀ, ਰਮਜ਼ਾਨ ਦੇ ਦਿਨੀਂ ਇਕ ਵੀ ਰੋਜ਼ਾ ਨਾ ਖੁੰਝਾਉਣ ਵਾਲ਼ਾ ਪੱਕਾ ਮੁਸਲਮਾਨ! ਉਦਾਸੀ ਸਮੇਂ ਭਾਈ ਜੀ ਦੀ ਨਿਮਾਜ਼ ਦਾ ਵੇਲ਼ਾ ਹੋ ਜਾਂਦਾ ਤਾਂ ਬਾਬਾ ਨਾਨਕ ਉਸੇ ਪੈਰ ਯਾਤਰਾ ਨੂੰ ਵਿਸਰਾਮ ਦੇ ਦਿੰਦੇ। ਉਹਨਾਂ ਦਾ ਪਰਮਾਤਮਾ ਨਾਲ ਲਿਵ ਲਾਉਣ ਦਾ ਵੇਲ਼ਾ ਆਉਂਦਾ ਤਾਂ ਉਹਨਾਂ ਦੀ ਬਾਣੀ ਦੀ ਸੁਰ ਤੇ ਭਾਈ ਜੀ ਦੀ ਰਬਾਬ ਦੀ ਤਾਣ ਤਾਂ ਸ਼ੀਰ-ਸ਼ੱਕਰ ਹੋ ਕੇ ਇਕ-ਮਿਕ ਹੋ ਹੀ ਜਾਂਦੀਆਂ, ਭਾਈ ਜੀ ਦਾ ਖੱਬਾ ਗੋਡਾ ਵੀ ਨਿਕਟ ਆਉਂਦਾ ਆਉਂਦਾ ਬਾਬਾ ਜੀ ਦੇ ਸੱਜੇ ਗੋਡੇ ਨਾਲ ਜੁੜ ਜਾਂਦਾ ਜਿਵੇਂ ਇਸ ਸਪਰਸ਼ ਨਾਲ ਬਾਬਾ ਜੀ ਦਾ ਅਲਾਪ ਹੀ ਦੂਜਾ ਰੂਪ ਧਾਰ ਕੇ ਰਬਾਬ ਦੀ ਤਾਣ ਬਣਨ ਲਗਦਾ ਹੋਵੇ!
ਓਸ਼ੋ ਜਪੁਜੀ ਸਾਹਿਬ ਬਾਰੇ ਲਿਖੀ ਆਪਣੀ ਪੁਸਤਕ ‘ੴ ਸਤਿਨਾਮ’ ਵਿਚ ਬਾਬਾ ਨਾਨਕ ਦੀ ਗੁੱਝੀ ਰਮਜ਼ ਪਛਾਣਦਿਆਂ ਤੇ ਉਹਨਾਂ ਦੇ ਫ਼ਲਸਫ਼ੇ ਦੇ ਤੱਤ-ਸਾਰ ਨੂੰ ਸਮਝਦਿਆਂ ਕਮਾਲ ਦੀਆਂ ਗੱਲਾਂ ਕਰਦਾ ਹੈ। ਉਹ ਕਹਿੰਦਾ ਹੈ, ਉਨਾਨਕ ਨੇ ਯੋਗ ਨਹੀਂ ਕੀਤਾ, ਤਪ ਨਹੀਂ ਕੀਤਾ, ਧਿਆਨ ਨਹੀਂ ਕੀਤਾ, ਨਾਨਕ ਨੇ ਸਿਰਫ਼ ਗਾਇਆ ਅਤੇ ਗਾ ਕੇ ਹੀ ਪਾ ਲਿਆ। ਪਰ ਗਾਇਆ ਉਹਨਾਂ ਨੇ ਪੂਰੇ ਪ੍ਰਾਣਾਂ ਨਾਲ ਕਿ ਗੀਤ ਹੀ ਧਿਆਨ ਹੋ ਗਿਆ, ਗੀਤ ਹੀ ਯੋਗ ਬਣ ਗਿਆ, ਗੀਤ ਹੀ ਤਪ ਹੋ ਗਿਆ।੩ ਪਰਮਾਤਮਾ ਦੇ ਰਾਹ ਉੱਤੇ ਨਾਨਕ ਲਈ ਗੀਤ ਅਤੇ ਫੁੱਲ ਹੀ ਵਿਛੇ ਹਨ। ਇਸ ਲਈ ਉਹਨਾਂ ਨੇ ਜੋ ਵੀ ਕਿਹਾ ਹੈ, ਗਾ ਕੇ ਕਿਹਾ ਹੈ। ਉਹਨਾਂ ਦਾ ਰਾਹ ਬਹੁਤ ਮਧੁਰ ਹੈ, ਰਸ-ਭਰਿਆ!” ਦੇਖਣ ਵਾਲ਼ੀ ਗੱਲ ਇਹ ਹੈ ਕਿ ਭਾਈ ਮਰਦਾਨਾ ਬਾਬਾ ਜੀ ਦੇ ਇਸ ਕਰਮ ਵਿਚ ਪੱਕਾ ਭਾਈਵਾਲ ਸੀ। ਜਦੋਂ ਬਾਣੀ ਉੱਤਰਦੀ, ਉਹ ਆਖਦੇ, ਉਭਾਈ ਮਰਦਾਨਿਆ, ਰਬਾਬ ਛੇੜ, ਬਾਣੀ ਆਈ ਏ!” ਤੇ ਮਸਤ ਹੋ ਕੇ ਗਾਵਣ ਲੱਗ ਪੈਂਦੇ! ਲਿਵ ਸਿੱਧੀ ਉੱਪਰ ਵਾਲੇ ਨਾਲ। ਲਿਵ ਕੀ, ਉੱਪਰ ਵਾਲੇ ਦਾ ਹੀ ਰੂਪ ਹੋ ਜਾਂਦੇ। ਤਦੇ ਤਾਂ ਭਾਈ ਮਰਦਾਨੇ ਨੇ ਪਰਮਾਤਮਾ ਦਾ ਰੂਪ ਹੋਏ ਬਾਬਾ ਜੀ ਨੂੰ ਬੜੇ ਮਾਣ ਨਾਲ ਹਸਦਿਆਂ ਆਖਿਆ ਸੀ, ਉਭਾਈ ਨਾਨਕਾ, ਤੂੰ ਤਾਂ ਰੱਬ ਦੇਖਿਆ ਹੀ ਹੈ, ਮੈਂ ਤਾਂ ਪਾਇਆ ਹੈ!”
ਵੈਸੇ ਤਾਂ ਬਾਬਾ ਨਾਨਕ ਦੀ ਹਰ ਲੀਲ੍ਹਾ ਪੜ੍ਹ ਕੇ ਹੀ ਅਸਚਰਜ ਹੁੰਦਾ ਹੈ ਪਰ ਜੋ ਆਨੰਦ ਭਾਈ ਮਰਦਾਨੇ ਤੇ ਬੇਬੇ ਨਾਨਕੀ ਨਾਲ ਉਹਨਾਂ ਦੇ ਰਿਸ਼ਤੇ ਨੂੰ ਦੇਖ ਕੇ ਆਉਂਦਾ ਹੈ, ਉਹ ਅਕਥ ਹੈ। ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ ਬਾਬਾ ਜਿਵੇਂ ਇਹਨਾਂ ਦੋਵਾਂ ਸਾਹਮਣੇ ਨਿੱਕਾ-ਨਿਆਣਾ ਬਣ ਜਾਂਦਾ ਹੈ, ਜਿਵੇਂ ਉਹਨਾਂ ਦੀ ਹਰ ਗੱਲ ਮੰਨਦਾ ਹੈ, ਜਿਵੇਂ ਉਹਨਾਂ ਦੇ ਹਰ ਕਹੇ ਉੱਤੇ ਫੁੱਲ ਚੜ੍ਹਾਉਂਦਾ ਹੈ, ਉਹ ਅਦੁਭੁਤ ਹੈ! ਇਕ ਕਿੱਸਾ ਸੁਣੋ। ਨਵੀਂ ਰਬਾਬ ਖਰੀਦਣੀ ਹੈ। ਪੈਸੇ ਹੈ ਨਹੀਂ। ਮਰਦਾਨਾ ਆਖਦਾ ਹੈ, ਉਜੀ, ਆਪਾਂ ਨੂੰ ਹੁਧਾਰ ਕੋਈ ਨਹੀਂ ਦੇਂਵਦਾ।” ਬਾਬਾ ਜੀ ਬੇਬੇ ਤੋਂ ਪੈਸੇ ਮੰਗਣੋਂ ਆਪ ਸੰਗਦੇ ਨੇ ਤੇ ਗੁੱਝੀ ਹਾਸੀ ਹਸਦੇ ਨੇ, ਉਸਵਾਲੀ ਬਣਨਾ ਠੀਕ ਤਾਂ ਨਹੀਂ, ਪਰ ਕੀ ਕਰੀਏ, ਗਰਜ਼ ਕਾਰੇ ਕਰਾਉਂਦੀ ਹੈ, ਬੇਬੇ ਨਾਨਕੀ ਜੀ ਪਾਸ ਜਾਉ, ਉਥੋਂ ਪੈਸੇ ਮਿਲਣਗੇ।” ਇਕ ਕਿੱਸਾ ਹੋਰ ਸੁਣੋ। ਉਦਾਸੀ ਚੜ੍ਹਨ ਲੱਗੇ ਤਾਂ ਸ਼ਾਇਦ ਮਿਲਣ-ਵਿਛੜਨ ਦੀ ਘੜੀ ਦੇ ਮੋਹ ਦੇ ਉਛਾਲਿਆਂ ਤੋਂ ਝਿਜਕ ਗਏ। ਤਲਵੰਡੀ ਵਾਲ਼ੇ ਪਰਿਵਾਰਕ ਜੀਆਂ ਨੂੰ ਮਿਲਣ ਤਾਂ ਕਿਥੋਂ ਜਾਣਾ ਸੀ, ਬੇਬੇ ਨੂੰ ਵੀ ਬਿਨ-ਮਿਲਿਆਂ ਹੀ ਜਾਣ ਵਾਸਤੇ ਤਿਆਰ ਹੋ ਗਏ। ਪਰ ਭਾਈ ਜੀ ਨੇ ਪੈਰ ਗੱਡ ਲਏ, ਉਬੇਬੇ ਨੂੰ ਮਿਲ ਕੇ ਫੇਰ ਜਾਵਣਾ ਏ!”  ਬਾਬਾ ਜੀ ਨੇ ਨੀਵੀਂ ਪਾਈ, ਉਤੇਰਾ ਆਖਾ ਮੋੜਨਾ ਨਹੀਂ ਭਾਈ!”
ਕਹਾਵਤ ਹੈ ਕਿ ਇਤਿਹਾਸ ਆਮ ਕਰਕੇ ਰਾਜੇ-ਰਾਣੀਆਂ ਦੇ ਚੰਗੇ-ਮੰਦੇ ਕੰਮਾਂ ਦਾ, ਕਾਰਨਾਮਿਆਂ ਤੇ ਕਰਤੂਤਾਂ ਦਾ ਉਲੇਖ ਹੁੰਦਾ ਹੈ। ਇਸ ਕਰਕੇ ਜਦੋਂ ਕੋਈ ਲੇਖਕ ਰਾਜ-ਨਾਇਕਾਂ ਦੀ ਥਾਂ ਲੋਕ-ਨਾਇਕਾਂ ਦਾ ਜੀਵਨ ਲਿਖਣਾ ਸ਼ੁਰੂ ਕਰਦਾ ਹੈ, ਬਹੁਤੀ ਵਾਰ ਉਹਨੂੰ ਸੰਪੂਰਨ ਕੱਚੀ ਸਮਗਰੀ ਇਕੋ ਥਾਂ ਤੋਂ ਪਰਾਪਤ ਨਹੀਂ ਹੁੰਦੀ। ਇਹ ਕਾਰਜ ਉਹੋ ਜਿਹੀ ਘੋਖ-ਖੋਜ ਲੋੜਦਾ ਹੈ ਜਿਸ ਦੀ ਦੱਸ ਇਸ ਪੁਸਤਕ ਵਿਚੋਂ ਪੈਂਦੀ ਹੈ। ਹਰ ਨਾਇਕ ਦੀ ਜੀਵਨ-ਗਾਥਾ ਲਿਖਦਿਆਂ ਲੇਖਕ ਨੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚੋਂ ਉਸ ਸੰਬੰਧੀ ਮਿਲੀ ਜਾਣਕਾਰੀ ਨੂੰ ਕੇਂਦਰੀ ਫੁੱਲ ਮਿਥ ਕੇ ਉਸ ਦੁਆਲ਼ੇ ਹੋਰ ਸਰੋਤਾਂ ਵਿਚਲੀ ਸੂਚਨਾ ਦੇ ਫੁੱਲ ਗੁੰਦਦਿਆਂ ਖ਼ੂਬਸੂਰਤ ਗੁਲਦਸਤਾ ਸਜਾਉਣ ਦੀ ਸਫਲਤਾ ਹਾਸਲ ਕੀਤੀ ਹੈ।
ਹੁਣ ਅਨੇਕ ਸੂਰਤਾਂ ਵਿਚ ਧਰਮਾਂ ਵਿਚਕਾਰ ਹੀ ਨਹੀਂ, ਧਰਮਾਂ ਦੇ ਅੰਦਰ ਵੀ ਵਖਰੇਵੇਂ, ਵਿਰੋਧ, ਟਕਰਾਉ, ਨਫ਼ਰਤ, ਹਿੰਸਾ, ਆਦਿ ਵਰਤਾਰੇ ਨਿੱਤ ਦਾ ਸੰਕਟ ਬਣੇ ਹੋਏ ਹਨ ਤੇ ਇਸ ਸਭ ਕੁਝ ਲਈ ਇਕ ਸਾਂਝਾ ਨਾਂ ‘ਅਸਹਿਣਸ਼ੀਲਤਾ’ ਵੀ ਪ੍ਰਚਲਿਤ ਹੋ ਗਿਆ ਹੈ। ਸਮਾਜਕ-ਭਾਈਚਾਰਕ ਸਾਂਝ ਦੀ ਥਾਂ ਹਨੇਰਾ ਵਧਦਾ ਜਾਂਦਾ ਹੈ। ਨਿੱਤ-ਦਿਨ ਸੰਘਣੇ ਹੋ ਰਹੇ ਇਸ ਹਨੇਰੇ ਵਿਚ ਸਿੱਖੀ ਦੀ ਉਪਰੋਕਤ ਪਿਰਤ ਨੂਰ ਦੇ ਸੋਮੇ ਦੀ ਭੂਮਿਕਾ ਨਿਭਾ ਸਕਦੀ ਹੈ। ਮੈਂ ਇਸ ਪੁਸਤਕ ਦਾ ਮੁੱਖ ਮਹੱਤਵ ਇਸੇ ਉਦੇਸ਼ ਵਿਚ ਦੇਖਦਾ ਹਾਂ।
ਗੱਜਣਵਾਲ਼ਾ ਸੁਖਮਿੰਦਰ ਸਿੰਘ ਲਗਨ ਤੇ ਮਿਹਨਤ ਨਾਲ ਲਿਖਣ-ਕਾਰਜ ਕੀਤਾ ਹੋਣ ਦੇ ਬਾਵਜੂਦ ਨਿਮਰਤਾ ਦਾ ਪੱਲਾ ਨਹੀਂ ਛਡਦਾ। ਉਹ ਕਹਿੰਦਾ ਹੈ, ਉਇਤਿਹਾਸ ਜਾਂ ਧਾਰਮਿਕ ਸਾਹਿਤ ਦੀ ਕਸਵੱਟੀ ‘ਤੇ ਇਹਨਾਂ ਰਚਨਾਵਾਂ ਵਿਚ ਬਹੁਤ ਉਕਾਈਆਂ ਹੋਣਗੀਆਂ।” ਆਪਣੀ ਮਿਹਨਤ ਤੋਂ ਇਲਾਵਾ ਉਹਨੇ ਇਕ ਚੰਗੀ ਗੱਲ ਇਹ ਕੀਤੀ ਹੈ ਕਿ ਪਹਿਲਾਂ ਇਹ ਲੇਖ ਪ੍ਰਸਿੱਧ ਰਸਾਲਿਆਂ ਵਿਚ ਪ੍ਰਕਾਸ਼ਿਤ ਕਰਵਾ ਦਿੱਤੇ। ਇਉਂ ਉਹਨੂੰ ਪਾਠਕਾਂ ਦੇ ਵਿਚਾਰਾਂ ਤੇ ਸੁਝਾਵਾਂ ਤੋਂ ਜਾਣੂ ਹੋਣ ਦਾ ਮੌਕਾ ਮਿਲ ਗਿਆ। ਸਿੱਖ ਇਤਿਹਾਸ ਦੇ, ਸਿੱਖ ਮਰਯਾਦਾ ਦੇ ਤੇ ਗੁਰਬਾਣੀ ਦੇ ਗਿਆਤਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਮੰਨੇ ਹੋਏ ਇਤਿਹਾਸਕਾਰ ਡਾ. ਕਿਰਪਾਲ ਸਿੰਘ, ਸਿੱਖ ਫ਼ਲਸਫ਼ੇ ਤੇ ਸਮੁੱਚੇ ਪੰਜਾਬੀ ਅਧਿਆਤਮ ਤੇ ਸਭਿਆਚਾਰ ਦੇ ਨਿਪੁੰਨ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸਿੱਖ ਰਹਿਤਲ ਦੇ ਜਾਣਕਾਰ ਤੇ ਬਰੀਕਬੀਨ ਪੱਤਰਕਾਰ ਕਰਮਜੀਤ ਸਿੰਘ ਦੀ ਬੌਧਿਕ ਛਾਨਣੀ ਵਿਚੋਂ ਇਹਨਾਂ ਲੇਖਾਂ ਦਾ ਲੰਘਣਾ ਇਹਨਾਂ ਵਿਚਲੇ ਤੱਥਾਂ ਨੂੰ ਪ੍ਰਮਾਣਿਕਤਾ ਬਖ਼ਸ਼ਦਾ ਹੈ।
ਆਸ ਹੈ, ਇਹ ਪੁਸਤਕ ਗੁਰੂ ਸਾਹਿਬਾਨ ਦੇ ਇਹਨਾਂ ਮੁਸਲਮਾਨ ਸ਼ਰਧਾਲੂਆਂ ਦੇ ਜੀਵਨ ਬਾਰੇ ਜਾਣਕਾਰੀ ਤਾਂ ਦੇਵੇਗੀ ਹੀ, ਦੇਸ ਵਿਚ ਵੱਖ ਵੱਖ ਧਰਮਾਂ ਵਿਚਕਾਰ ਵਗ ਰਹੀਆਂ ਅਸਹਿਣਸ਼ੀਲਤਾ ਦੀਆਂ ਤੱਤੀਆਂ ਹਵਾਵਾਂ ਦੇ ਮਾਹੌਲ ਵਿਚ ਸੀਤ ਪੌਣ ਦੇ ਭਰਾਤਰੀ-ਭਾਵੀ ਬੁੱਲੇ ਦਾ ਕੰਮ ਵੀ ਕਰੇਗੀ।
(ਪੁਸਤਕ SAPATRISHI PUBLICATIONS, BD/I, Industrial Area, Phase –2, Near Tribune Chowk, CHANDIGARH, Tele : 0172-5002591, Mob : 094630-88272, email : sapatrishi94@gmail.com ਤੋਂ ਮਿਲ ਸਕਦੀ ਹੈ।)