ਤਤਕਾਲ ਪਾਸਪੋਰਟਾਂ ਲਈ ਹੁਣ ਨਹੀਂ ਪਵੇਗੀ ਵੈਰੀਫਿਕੇਸ਼ਨ ਸਰਟੀਫਿਕੇਟ ਦੀ ਲੋੜ

ਤਤਕਾਲ ਪਾਸਪੋਰਟਾਂ ਲਈ ਹੁਣ ਨਹੀਂ ਪਵੇਗੀ ਵੈਰੀਫਿਕੇਸ਼ਨ ਸਰਟੀਫਿਕੇਟ ਦੀ ਲੋੜ

ਚੰਡੀਗੜ੍ਹ/ਬਿਊਰੋ ਨਿਊਜ਼:
ਤਤਕਾਲ ਪਾਸਪੋਰਟ ਬਣਾਉਣਾ ਹੁਣ ਸੌਖਾ ਹੋ ਗਿਆ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਤਤਕਾਲ ਪਾਸਪੋਰਟ ਬਣਾਉਣ ਲਈ ਵੈਰੀਫਿਕੇਸ਼ਨ ਸਰਟੀਫਿਕੇਟ ਮੁਹੱਈਆ ਕਰਨ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਇਸ ਨਾਲ ਹੁਣ ਆਮ ਆਦਮੀ ਵੀ ਆਸਾਨੀ ਨਾਲ ਪਾਸਪੋਰਟ ਬਣਾਉਣ ਦੇ ਸਮਰੱਥ ਹੋ ਗਿਆ ਹੈ।
ਗ੍ਰਹਿ ਵਿਭਾਗ ਨੇ ਇਸ ਸਬੰਧੀ ਦੇਸ਼ ਦੇ ਸਮੂਹ ਖੇਤਰੀ ਪਾਸਪੋਰਟ ਦਫਤਰਾਂ ਨੂੰ ਆਦੇਸ਼ ਜਾਰੀ ਕੀਤੇ ਹਨ। ਇਹ ਫੈਸਲਾ ਸਮੂਹ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂਨੀਅਨ ਟੈਰੀਟਰੀਜ਼) ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਤਤਕਾਲ ਪਾਸਪੋਰਟ ਬਣਾਉਣ ਲਈ ਬਿਨੈਕਾਰ ਨੂੰ ਵੈਰੀਫਿਕੇਸ਼ਨ ਸਰਟੀਫਿਕੇਟ ਦੇਣਾ ਪੈਂਦਾ ਸੀ। ਇਸ ਲਈ ਖੇਤਰ ਦੇ ਥਾਣੇ ਦਾ ਐਸਐਚਓ ਹੀ ਅਧਿਕਾਰਤ ਸੀ। ਐਸਐਚਓ ਨੂੰ ਆਪਣੇ ਲੈਟਰ ਹੈੱਡ ਉਪਰ ਬਕਾਇਦਾ ਇੱਕ ਗਾਰੰਟਰ ਵਾਂਗ ਵੈਰੀਫਿਕੇਸ਼ਨ ਸਰਟੀਫਿਕੇਟ ਦੇਣਾ ਪੈਂਦਾ ਸੀ, ਜਿਸ ਕਾਰਨ ਐਸਐਚਓਜ਼ ਆਪਣੀ ਨਿੱਜੀ ਜ਼ਿੰਮੇਵਾਰੀ ‘ਤੇ ਕਿਸੇ ਆਮ ਆਦਮੀ ਨੂੰ ਵੈਰੀਫਿਕੇਸ਼ਨ ਸਰਟੀਫਿਕੇਟ ਦੇਣ ਤੋਂ ਝਿਜਕਦੇ ਸਨ। ਨਜ਼ਦੀਕੀ ਲਈ ਹੀ ਉਹ ਅਜਿਹਾ ਵੈਰੀਫਿਕੇਸ਼ਨ ਸਰਟੀਫਿਕੇਟ ਜਾਰੀ ਕਰਦੇ ਸਨ। ਭਾਵੇਂ ਤਤਕਾਲ  ਪਾਸਪੋਰਟ ਬਣਾਉਣ ਲਈ ਵੈਰੀਫਿਕੇਸ਼ਨ ਸਰਟੀਫਿਕੇਟ ਦੇਣ ਲਈ ਆਈਏਐਸ, ਆਈਪੀਐਸ, ਤਹਿਸੀਲਦਾਰ, ਪੀਸੀਐਸ ਤੇ ਐਚਸੀਐਸ ਅਧਿਕਾਰੀ ਵੀ ਅਧਿਕਾਰਤ ਸਨ ਪਰ ਅਜਿਹੇ ਉੱਚ ਅਧਿਕਾਰੀ ਵੀ ਸਿਰਫ਼ ਨੇੜਲੇ ਵਿਅਕਤੀਆਂ ਨੂੰ ਹੀ ਇਹ ਸਰਟੀਫਿਕੇਟ ਦਿੰਦੇ ਸਨ। ਇਸ ਕਾਰਨ ਤਤਕਾਲ ਸਰਟੀਫਿਕੇਟ ਕੇਵਲ ਉੱਚ ਪਹੁੰਚ ਵਾਲੇ ਹੀ ਹਾਸਲ ਕਰਨ ਦੇ ਸਮਰੱਥ ਹੁੰਦੇ ਸਨ ਅਤੇ ਆਮ ਆਦਮੀ ਨੂੰ ਨਾਮਾਤਰ ਹੀ ਇਹ ਲਾਭ ਮਿਲਦਾ ਸੀ।
ਇਸ ਬਾਰੇ ਖੇਤਰੀ ਪਾਸਪੋਰਟ ਅਫਸਰ (ਆਰਪੀਓ) ਚੰਡੀਗੜ੍ਹ ਸਿਬਾਸ਼ ਕਬੀਰਾਜ (ਆਈਪੀਐਸ) ਨੇ ਦੱਸਿਆ ਕਿ ਕੇਂਦਰੀ ਗ੍ਰਹਿ ਵਿਭਾਗ ਦੇ ਨਵੇਂ ਫੈਸਲੇ ਨੂੰ ਉਨ੍ਹਾਂ ਆਪਣੇ ਦਫਤਰ ਵਿਚ ਲਾਗੂ ਕਰ ਦਿੱਤਾ ਹੈ ਅਤੇ ਹੁਣ ਬਗੈਰ ਵੈਰੀਫਿਕੇਸ਼ਨ ਸਰਟੀਫਿਕੇਟ ਦੇ ਹੀ ਹੋਰ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਬਿਨੈਕਾਰਾਂ ਨੂੰ ਤਤਕਾਲ ਪਾਸਪੋਰਟ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਲਈ ਆਧਾਰ ਨੰਬਰ?ਆਧਾਰ ਆਈਡੀ ਦੇਣੀ ਪਵੇਗੀ। ਇਸ ਤੋਂ ਇਲਾਵਾ 12 ਦਸਤਾਵੇਜ਼ਾਂ ਫੋਟੋ ਵਾਲਾ ਵੋਟਰ ਪਛਾਣ ਪੱਤਰ, ਸਰਵਿਸ ਦਾ ਫੋਟੋ ਪਛਾਣ ਪੱਤਰ, ਐਸਸੀ, ਐਸਟੀ,ਬੀਸੀ ਸਰਟੀਫਿਕੇਟ, ਆਰਮਜ਼ ਲਾਇਸੈਂਸ, ਪੈਨਸ਼ਨ ਦਸਤਾਵੇਜ਼, ਆਪਣਾ ਪਾਸਪੋਰਟ, ਪੈਨ ਕਾਰਡ, ਬੈਂਕ, ਡਾਕਘਰ ਤੇ ਕਿਸਾਨ ਪਾਸਬੁੱਕ, ਵਿਦਿਆਰਥੀ ਦਾ ਫੋਟੋ ਪਛਾਣ ਪੱਤਰ, ਡਰਾਈਵਿੰਗ ਲਾਇਸੈਂਸ, ਜਨਮ ਸਰਟੀਫਿਕੇਟ ਅਤੇ ਰਾਸ਼ਨ ਕਾਰਡ ਵਿਚੋਂ ਕੋਈ ਦੋ ਦਸਤਾਵੇਜ਼ ਮੁਹੱਈਆ ਕਰਨ ‘ਤੇ ਤਤਕਾਲ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ। ਸ੍ਰੀ ਕਬੀਰਾਜ ਨੇ ਹੋਰ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਧਾਰ ਦੇ ਦਸਤਾਵੇਜ਼ਾਂ ਸਮੇਤ ਤਿੰਨ ਦਸਤਾਵੇਜ਼ਾਂ ਵਿਦਿਆਰਥੀ ਫੋਟੋ ਪਛਾਣ ਪੱਤਰ, ਜਨਮ ਸਰਟੀਫਿਕੇਟ ਅਤੇ ਰਾਸ਼ਨ ਕਾਰਡ ਵਿਚੋਂ ਕੋਈ ਇਕ ਦਸਤਾਵੇਜ਼ ਮੁਹੱਈਆ ਕਰਕੇ ਤਤਕਾਲ ਪਾਸਪੋਰਟ ਹਾਸਲ ਕੀਤਾ ਜਾ ਸਕਦਾ ਹੈ। ਪਾਸਪੋਰਟ ਦਫਤਰ ਦੇ ਸੂਤਰਾਂ ਅਨੁਸਾਰ ਹੁਣ ਤਤਕਾਲ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਣ ਦੇ ਆਸਾਰ ਬਣ ਗਏ ਹਨ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਦੇਸ਼ ਦੇ ਸਮੂਹ ਥਾਣਿਆਂ ਨੂੰ ਸਬੰਧਤ ਖੇਤਰੀ ਪਾਸਪੋਰਟ ਦਫਤਰਾਂ ਨਾਲ ਇੰਟਰਨੈੱਟ ਨਾਲ ਜੋੜ ਕੇ ਪੁਲੀਸ ਵੈਰੀਫਿਕੇਸ਼ਨਾਂ ਦਾ ਆਨਲਾਈਨ ਅਦਾਨ ਪ੍ਰਦਾਨ ਕਰਨ ਦਾ ਵੱਡਾ ਫੈਸਲਾ ਲਿਆ ਗਿਆ ਹੈ।