ਭਗਵੰਤ ਮਾਨ ਸੰਗਰੂਰ ਤੋਂ ਹੀ ਲੜੇਗਾ ਲੋਕ ਸਭਾ ਚੋਣ

ਭਗਵੰਤ ਮਾਨ ਸੰਗਰੂਰ ਤੋਂ ਹੀ ਲੜੇਗਾ ਲੋਕ ਸਭਾ ਚੋਣ

ਅਸਪਾਲ ਕਲਾਂ ਵਿੱਚ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਭਗਵੰਤ ਮਾਨ।
ਰੂੜੇਕੇ ਕਲਾਂ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ 2019 ਦੀ ਲੋਕ ਸਭਾ ਚੋਣ ਸੰਗਰੂਰ ਤੋਂ ਹੀ ਲੜਨ ਦਾ ਐਲਾਨ ਕੀਤਾ ਹੈ।  ਹਲਕਾ ਭਦੌੜ ਦੇ ਅੱਠ ਪਿੰਡਾਂ ਦੇ ਦੌਰੇ ‘ਆਪ ਆਪਣਿਆਂ ਨਾਲ’ ਤਹਿਤ ਪਿੰਡ ਅਸਪਾਲ ਕਲਾਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਾਨ ਨੇ ਆਖਿਆ ਕਿ ਸੰਗਰੂਰ ਦੇ ਲੋਕਾਂ ਨੇ 2.5 ਲੱਖ ਵੋਟਾਂ ਨਾਲ ਜਿਤਾ ਕੇ ਉਨ੍ਹਾਂ ‘ਤੇ ਜੋ ਭਰੋਸਾ ਪ੍ਰਗਟ ਕੀਤਾ ਹੈ, ਉਸਨੂੰ ਉਹ ਕਦੇ ਨਹੀਂ ਤੋੜਨਗੇ। ਦੱਸਣਯੋਗ ਹੈ ਕਿ ਸਿਆਸੀ ਗਲਿਆਰਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਗਵੰਤ ਮਾਨ ਵੱਲੋਂ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਹਨ। ਉਨ੍ਹਾਂ ਆਖਿਆ ਕਿ ਸੰਸਦ ਮੈਂਬਰ ਨੂੰ ਮਿਲਦੇ ਫੰਡ ਉਨ੍ਹਾਂ ਨੇ ਪਹਿਲ ਦੇ ਆਧਾਰ ‘ਤੇ ਵਰਤੇ ਹਨ ਅਤੇ ਸੰਸਦ ਵਿੱਚ ਉਨ੍ਹਾਂ ਦੀ ਹਾਜ਼ਰੀ ਪਹਿਲੇ ਪੰਜ ਸੰਸਦ ਮੈਂਬਰਾਂ ਵਿੱਚ ਸ਼ੁਮਾਰ ਹੈ।
ਦਿੱਲੀ ਵਿੱਚ ਅਯੋਗ ਕਰਾਰ ਦਿੱਤੇ ਵਿਧਾਇਕਾਂ ਦੇ ਮਾਮਲੇ ਵਿੱਚ ਸ੍ਰੀ ਮਾਨ ਨੇ ਆਖਿਆ ਕਿ ਇਹ ਇਕਪਾਸੜ ਕਾਰਵਾਈ ਹੈ। ਉਨ੍ਹਾਂ ਆਖਿਆ ਕਿ ਇਹ ਨਰਿੰਦਰ ਮੋਦੀ ਵੱਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਚੱਲੀਆਂ ਜਾ ਰਹੀਆਂ ਚਾਲਾਂ ਜਿਹੀ ਹੀ ਇੱਕ ਚਾਲ ਹੈ। ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸ੍ਰੀ ਮਾਨ ਨੇ ਸਖ਼ਤ ਲਹਿਜ਼ੇ ਵਿੱਚ ਆਖਿਆ ਕਿ ਇੰਜ ਲੱਗਦਾ ਹੈ ਕਿ ਜਿਵੇਂ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਦੀ ਇਸ ਤੋਂ ਵੱਡੀ ਨਲਾਇਕੀ ਕੀ ਹੋ ਸਕਦੀ ਹੈ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਹੀ ਹਕੂਮਤ ਵਿਰੁੱਧ ਮੋਰਚਾ ਖੋਲ੍ਹਣਾ ਪਿਆ ਹੈ। ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਜਿਮ, ਆਰ.ਓ. ਪਾਣੀ ਵਾਲੀ ਟੈਂਕੀ ਆਦਿ ਮੰਗਾਂ ਨੂੰ ਸੰਸਦ ਮੈਂਬਰ ਨੇ ਪ੍ਰਵਾਨ ਕਰ ਲਿਆ। ਇਸ ਮੌਕੇ ਹਲਕਾ ਵਿਧਾਇਕ ਪਿਰਮਲ ਸਿੰਘ ਖ਼ਾਲਸਾ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਤਰਸੇਮ ਸਿੰਘ ਕਾਹਨੇ ਕੇ, ਰੌਸ਼ਨ ਲਾਲ, ਸੋਮਾ ਸਿੰਘ ਆਦਿ ਹਾਜ਼ਰ ਸਨ।