ਲੰਡਨ ‘ਚ ਖ਼ਾਲਸਾ ਰਾਜ ਦੀਆਂ ਦੁਰਲੱਭ ਵਸਤੂਆਂ ਦੀ ਪ੍ਰਦਰਸ਼ਨੀ

ਲੰਡਨ ‘ਚ ਖ਼ਾਲਸਾ ਰਾਜ ਦੀਆਂ ਦੁਰਲੱਭ ਵਸਤੂਆਂ ਦੀ ਪ੍ਰਦਰਸ਼ਨੀ

ਲੰਡਨ/ਬਿਊਰੋ ਨਿਊਜ਼ :

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਨਾਲ ਸਬੰਧਿਤ ਸੈਂਕੜੇ ਦੁਰਲੱਭ ਵਸਤੂਆਂ ਦੀ ਇਕ ਸ਼ਾਨਦਾਰ ਪ੍ਰਦਰਸ਼ਨੀ ਲੰਡਨ ‘ਚ ਸ਼ੁਰੂ ਕੀਤੀ ਗਈ ਹੈ। ਲੰਡਨ ਸਕੂਲ ਦੇ ਬਰੂਨੀ ਗੈਲਰੀ ਵਿਚ ਸ਼ੁਰੂ ਕੀਤੀ ਇਸ ਪ੍ਰਦਰਸ਼ਨੀ ਬਾਰੇ ਪੰਜਾਬ ਹੈਰੀਟੇਜ ਐਸੋਸੀਏਸ਼ਨ ਦੇ ਚੇਅਰਮੈਨ ਅਮਨਦੀਪ ਸਿੰਘ ਮਾਦਰਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਬਹੁਤ ਸਾਰੀਆਂ ਵਸਤੂਆਂ ਨੂੰ ਨਿੱਜੀ ਸੰਗ੍ਰਹਿਕਾਰਾਂ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ। ਇਨ੍ਹਾਂ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਨਿੱਜੀ ਚੀਜ਼ਾਂ ਹਨ, ਜਿਸ ਵਿਚ ਫ਼ੌਜ, ਵਿਦੇਸ਼ੀ ਅਧਿਕਾਰੀਆਂ, ਲੋਕਾਂ ਅਤੇ ਅਣਵੰਡੇ ਪੰਜਾਬ (ਸੰਨ 1799 ਤੋਂ ਸੰਨ 1849 ਤੱਕ) ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਸ਼ੇਰ ਸਿੰਘ ਵਲੋਂ ਕੋਹੇਨੂਰ ਹੀਰੇ ਨੂੰ ਬਾਂਹ ‘ਤੇ ਬੰਨ੍ਹਣ ਵਾਲਾ ਬੰਨ੍ਹਣਾ ਵੀ ਸ਼ਾਮਿਲ ਹੈ, ਜਿਸ ਨੂੰ ਮਹਾਰਾਣੀ ਤੋਂ ਉਧਾਰ ਲਿਆ ਗਿਆ ਹੈ। ਖ਼ਾਲਸਾ ਰਾਜ ਵੇਲੇ ਦੇ ਗਹਿਣੇ ਅਤੇ ਹਥਿਆਰਾਂ ਤੋਂ ਇਲਾਵਾ ਮਹਾਰਾਣੀ ਜਿੰਦ ਕੌਰ ਦੇ ਕੰਨਾਂ ਦੀਆਂ ਵਾਲੀਆਂ ਪਹਿਲੀ ਵਾਰ ਪ੍ਰਦਰਸ਼ਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਯੂਕੇ. ਦੇ ਸਿੱਖ ਦਵਿੰਦਰ ਸਿੰਘ ਤੂਰ ਨੇ 1 ਲੱਖ 82 ਹਜ਼ਾਰ ਪੌਂਡ (ਲਗਪਗ 1 ਕਰੋੜ 69 ਲੱਖ ਰੁਪਏ) ਦਾ ਖਰੀਦਿਆ ਸੀ। ਮਹਾਰਾਣੀ ਮਹਿਤਾਬ ਕੌਰ ਦੀ ਪੇਂਟਿੰਗ, ਮਹਾਰਾਜਾ ਰਣਜੀਤ ਸਿੰਘ ਦੀ ਸਟੀਲ ਅਤੇ ਸੋਨੇ ਦੀ ਤਲਵਾਰ ਵੀ ਇਸ ‘ਚ ਸ਼ਾਮਿਲ ਹੈ। ‘ਦਾ ਲਾਇਨ ਆਫ਼ ਫਰੰਗੀ’ ਦੇ ਸਿਰਲੇਖ ਹੇਠ ਵਿਸ਼ਵ ਨਕਸ਼ਾ ਵੀ ਹੈ ਜਿਸ ਵਿਚ ਦਰਸਾਇਆ ਗਿਆ ਹੈ ਕਿ ਮਹਾਰਾਜਾ ਦੇ ਲਾਹੌਰ ਦੇ ਕਿਲ੍ਹੇ ਵਿਚ ਕਿਹੜੇ-ਕਿਹੜੇ ਦੇਸ਼ ਦੇ ਵਾਸੀ ਨੌਕਰੀ ਕਰਦੇ ਸਨ।
ਅਮਨਦੀਪ ਸਿੰਘ ਮਾਦਰਾ ਨੇ ਕਿਹਾ ਕਿ ਖੋਜ ਅਨੁਸਾਰ ਰੂਸੀ, ਇਟਾਲੀਅਨ, ਸਪੈਨਿਸ਼, ਫਰਾਂਸੀਸੀ, ਯੂਰੇਸ਼ੀਅਨ, ਅਮਰੀਕੀ, ਐਾਗਲੋ ਡੁਚ, ਐਂਗਲੋ ਇੰਡੀਅਨ ਗਰੀਕ, ਜਰਮਨ, ਆਇਰਿਸ਼ ਸਮੇਤ ਖ਼ਾਲਸਾ ਰਾਜ ਵਿਚ ਕੰਮ ਕਰਨ ਵਾਲੇ 73 ਵਿਦੇਸ਼ੀਆਂ ਦੀ ਪਹਿਚਾਣ ਹੋ ਗਈ ਹੈ, ਜਦ ਕਿ 11 ਹੋਰ ਵਿਦੇਸ਼ੀ ਨਾਗਰਿਕਾਂ ਬਾਰੇ ਅਜੇ ਖੋਜ ਜਾਰੀ ਹੈ। ਸਿੱਖ ਰਾਜ ਬਾਰੇ ਕਈ ਕਹਾਣੀਆਂ ਦੱਸਣ ਵਾਲੀ ਇਸ ਪ੍ਰਦਰਸ਼ਨੀ ਵਿਚ ਮਹਾਰਾਜਾ ਰਣਜੀਤ ਸਿੰਘ, ਉਨ੍ਹਾਂ ਦੀਆਂ ਪਤਨੀਆਂ ਅਤੇ ਬੇਟੇ ਮਹਾਰਾਜਾ ਦਲੀਪ ਸਿੰਘ ਦੀਆਂ ਦੁਰਲੱਭ ਵਸਤੂਆਂ ਨੂੰ ਪਹਿਲੀ ਵਾਰ ਇਕੱਠਿਆਂ ਇਕ ਥਾਂ ਪ੍ਰਦਰਸ਼ਿਤ ਕੀਤਾ ਗਿਆ ਹੈ।