ਖਹਿਰਾ ਕਹਿੰਦਾ : ਆਸ਼ਾ ਕੁਮਾਰੀ ਮੁਆਫੀ ਮੰਗੇ

ਖਹਿਰਾ ਕਹਿੰਦਾ : ਆਸ਼ਾ ਕੁਮਾਰੀ ਮੁਆਫੀ ਮੰਗੇ

‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਸਵਰਗੀ ਡਾ. ਦਲਜੀਤ ਸਿੰਘ ਦੇ ਪੁੱਤਰ ਨਾਲ ਦੁੱਖ ਸਾਂਝਾ ਕਰਦੇ ਹੋਏ।
ਅੰਮ੍ਰਿਤਸਰ/ਬਿਊਰੋ ਨਿਊਜ਼:
ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਖਿਆ  ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਆਗੂ ਆਸ਼ਾ ਕੁਮਾਰੀ ਵੱਲੋਂ ਸ਼ਿਮਲਾ ਵਿੱਚ ਪੁਲੀਸ ਮਹਿਲਾ ਕਰਮਚਾਰੀ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।  ਉਹ ਅੱਜ ਇੱਥੇ ਅੱਖਾਂ ਦੇ ਉਘੇ ਸਰਜਨ ਡਾ. ਦਲਜੀਤ ਸਿੰਘ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ।
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਸ੍ਰੀਮਤੀ ਆਸ਼ਾ ਕੁਮਾਰੀ ਨੂੰ ਨਾ ਸਿਰਫ ਪੁਲੀਸ ਮਹਿਲਾ ਕਰਮਚਾਰੀ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਸਗੋਂ ਇਸ ਮਾਮਲੇ ਵਿੱਚ ਮਹਿਲਾ ਕਰਮਚਾਰੀ ਨੂੰ ਢੁਕਵਾਂ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਮਹਿਲਾ ਪੁਲੀਸ ਕਰਮਚਾਰੀ ਸੂਬਾ ਸਰਕਾਰ ਦੀ ਪ੍ਰਤੀਨਿਧ ਹੈ ਅਤੇ ਉਸ  ਨਾਲ ਅਜਿਹਾ ਵਤੀਰਾ ਠੀਕ ਨਹੀਂ।
‘ਆਪ’ ਆਗੂ ਨੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸ਼ਰਮਨਾਕ ਕਾਰਵਾਈ ਹੈ। ਇਸ ਮਾਮਲੇ ਵਿੱਚ ਅਕਾਲ ਤਖ਼ਤ ਵੱਲੋਂ ਚੱਢਾ ਖਿਲਾਫ ਕੀਤੀ ਕਾਰਵਾਈ ਨੂੰ ਉਨ੍ਹਾਂ ਨਰਮ ਫੈਸਲਾ ਆਖਿਆ। ਪਦਮਸ੍ਰੀ ਡਾ. ਦਲਜੀਤ ਸਿੰਘ ਨੂੰ ਅਹਿਮ ਸ਼ਖ਼ਸੀਅਤ ਦੱਸਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਉਹ ‘ਆਪ’ ਨਾਲ ਵੀ ਜੁੜੇ ਰਹੇ ਹਨ। ਉਨ੍ਹਾਂ ਡਾ. ਦਲਜੀਤ ਸਿੰਘ ਦੇ ਪੁੱਤਰ ਡਾ. ਰਵੀਜੀਤ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਮੰਤਰੀ ਲੁੱਟ ਟਹੇ ਨੇ ਸਰਕਾਰੀ ਖ਼ਜ਼ਾਨਾ : ਖਹਿਰਾ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਹੋਰ ਚਹੇਤਿਆਂ ਵੱਲੋਂ ਆਪਣੀਆਂ ਆਲੀਸ਼ਾਨ ਸਰਕਾਰੀ ਕੋਠੀਆਂ ਦੇ ਸੁੰਦਰੀਕਰਨ ‘ਤੇ ਲੱਖਾਂ ਰੁਪਏ ਖ਼ਰਚੇ ਜਾ ਰਹੇ ਹਨ ਤੇ ਦੂਜੇ ਪਾਸੇ ਮੁਲਾਜ਼ਮ ਤਨਖ਼ਾਹਾਂ ਨੂੰ ਤਰਸ ਰਹੇ ਹਨ। ਸ੍ਰੀ ਖਹਿਰਾ ਨੇ ਆਰਟੀਆਈ ਤਹਿਤ ਹਾਸਲ ਜਾਣਕਾਰੀ  ਦੇ ਆਧਾਰ ‘ਤੇ ਦੋਸ਼ ਲਾਇਆ ਕਿ ਐਡਵੋਕੇਟ ਜਨਰਲ ਨੇ ਆਪਣੀ ਸਰਕਾਰੀ ਕੋਠੀ ਦੀ ਮੁਰੰਮਤ ਅਤੇ ਕੈਂਪ ਦਫ਼ਤਰ ਬਣਾਉਣ ਉਪਰ ਇਕ ਕਰੋੜ ਰੁਪਏ ਤੋਂ ਵੱਧ ਖ਼ਰਚਾ ਕੀਤਾ ਹੈ। ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਕੋਠੀ ‘ਤੇ 50 ਲੱਖ ਰੁਪਏ  ਅਤੇ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀ ਕੋਠੀ ਉਪਰ 35 ਲੱਖ ਰੁਪਏ ਖ਼ਰਚੇ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਸਰਕਾਰੀ ਕੋਠੀ ਉਪਰ 25 ਲੱਖ ਰੁਪਏ ਖ਼ਰਚ ਕੀਤੇ ਹਨ।