ਹਿਮਾਚਲ ਦੇ ਮੁੱਖ ਮੰਤਰੀ ਬਾਰੇ ਭਾਜਪਾ ਵਿਚਲਾ ਰੇੜਕਾ ਮੁਕਿਆ

ਹਿਮਾਚਲ ਦੇ ਮੁੱਖ ਮੰਤਰੀ ਬਾਰੇ ਭਾਜਪਾ ਵਿਚਲਾ ਰੇੜਕਾ ਮੁਕਿਆ
ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਐਤਵਾਰ ਨੂੰ ਸ਼ਿਮਲਾ ਵਿੱਚ ਜੈਰਾਮ ਠਾਕੁਰ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣੇ ਜਾਣ ‘ਤੇ ਵਧਾਈ ਦਿੰਦੇ ਹੋਏ।

ਸ਼ਿਮਲਾ/ਬਿਊਰੋ ਨਿਊਜ਼:
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਦੌੜ ਵਿੱਚ ਪੁਰਾਣੇ ਘਾਗ ਆਗੂਆਂ ਨੂੰ ਪਛਾੜ ਕੇ ਮੁੱਖ ਮੰਤਰੀ ਦੇ ਅਹੁਦੇ ਲਈ ਭਾਜਪਾ ਵਿਧਾਇਕ ਦਲ ਦੇ ਆਗੂ ਚੁਣੇ ਗਏ ਜੈਰਾਮ ਠਾਕੁਰ ਬਹੁਤ ਹੀ ਮਿੱਠ ਬੋਲੜੇ ਅਤੇ ਭਾਜਪਾ ਦੇ ਹੇਠਲੇ ਪੱਧਰ ਤੋਂ ਉੱਠੇ ਆਗੂ ਹਨ। ਉਨ੍ਹਾਂ ਦਾ ਸਬੰਧ ਰਾਜਸੀ ਤੌਰ ਉੱਤੇ ਅਹਿਮ ਮੰਨੇ ਜਾਂਦੇ ਮੰਡੀ ਖੇਤਰ ਦੇ ਨਾਲ ਹੈ। 52 ਸਾਲਾ ਜੈਰਾਮ ਠਾਕੁਰ ਮੰਡੀ ਦੇ ਚਚਿਓਟ (ਸੇਰਾਜ) ਵਿਧਾਨ ਸਭਾ ਹਲਕੇ ਤੋਂ ਪੰਜਵੀਂ ਵਾਰ ਵਿਧਾਇਕ ਚੁਣੇ ਗਏ ਹਨ।
ਆਪਣੀ ਨਰਮਾਈ ਸਦਕਾ ਉਹ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੇ ਮਾਹਿਰ ਮੰਨੇ ਜਾਦੇ ਹਨ। ਪਿਛਲੇ ਹਫ਼ਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਦੇ ਹਾਰਨ ਬਾਅਦ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਆਗੂਆਂ ਵਿੱਚ ਜੈਰਾਮ ਠਾਕੁਰ ਦਾ ਨਾਂਅ ਮੋਹਰੀ ਦਾਅਵੇਦਾਰਾਂ ਵਿੱਚ ਸ਼ਾਮਲ ਹੋ ਗਿਆ ਸੀ। ਸ੍ਰੀ ਧੂਮਲ ਜੋ ਵਿਧਾਨ ਸਭਾ ਚੋਣ ਹਾਰ ਗਏ ਹਨ, ਦੇ ਸਮਰਥਕਾਂ ਨੂੰ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀ ਆਸ ਬੀਤੀ ਰਾਤ ਤਕ ਬਣੀ ਹੋਈ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਲਈ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਜੈਰਾਮ ਠਾਕੁਰ ਦੇ ਨਾਵਾਂ ਉੱਤੇ ਚਰਚਾ ਭਖ ਗਈ ਅਤੇ ਇਸ ਦੌੜ ਵਿੱਚ ਜੈਰਾਮ ਠਾਕੁਰ ਨੇ ਆਖ਼ਿਰ ਨੂੰ ਨੱਡਾ ਨੂੰ ਪਛਾੜ ਦਿੱਤਾ।
ਐਤਵਾਰ ਨੂੰ ਭਾਜਪਾ ਦੇ ਵਿਧਾਇਕਾਂ ਦੀ ਹੋਈ ਮੀਟਿੰਗ ਵਿੱਚ ਸੁਰੇਸ਼ ਭਾਰਦਵਾਜ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਜੈਰਾਮ ਠਾਕੁਰ ਦਾ ਨਾਂ ਪੇਸ਼ ਕੀਤਾ ਅਤੇ ਇਸ ਦੀ ਤਾਈਦ ਮਹਿੰਦਰ ਸਿੰਘ ਨੇ ਕੀਤੀ ਅਤੇ ਹੋਰਨਾਂ ਵਿਧਾਇਕਾਂ ਨੇ ਵੀ ਇਸ ਦੀ ਹਮਾਇਤ ਕੀਤੀ। ਸ੍ਰੀ ਠਾਕੁਰ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਹਨ ਅਤੇ ਸੂਬੇ ਦੇ ਸਾਬਕਾ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਰਹੇ ਹਨ। ਉਹ ਭਾਜਪਾ ਦੇ ਵਿਦਿਆਰਥੀ ਸੰਗਠਨ ਵਿੱਚ ਵੀ ਸਰਗਰਮ ਰਹੇ ਹਨ ਅਤੇ ਰਾਸ਼ਟਰੀਯ ਸੋਇਮ ਸੰਘ ਆਰਐੱਸਐੱਸ ਦੇ ਵੀ ਨੇੜੇ ਰਹੇ ਹਨ। ਇਹ ਜ਼ਿਕਰਯੋਗ ਹੈ ਕਿ ਕੱਲ੍ਹ ਭਾਜਪਾ ਦੇ ਵਿਧਾਇਕਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਸਹਿਮਤੀ ਨਾ ਬਣਨ ਕਾਰਨ ਪਾਰਟੀ ਦੇ ਕੇਂਦਰੀ ਅਬਜ਼ਰਵਰ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਨਰੇਂਦਰ ਸਿੰਘ ਤੋਮਰ ਕੇਂਦਰੀ ਲੀਡਰਸ਼ਿਪ ਦੀ ਰਾਏ ਲੈਣ ਵਾਪਿਸ ਦਿੱਲੀ ਚਲੇ ਗਏ ਸਨ।