ਪੱਤਝੜੀ ਲੈਂਡਸਕੇਪ

ਪੱਤਝੜੀ ਲੈਂਡਸਕੇਪ

ਸਿੱੱਧੂ ਦਮਦਮੀ
ਸੰਪਰਕ: 94170-13869

ਪਿਛਲੇ ਹਫ਼ਤੇ ਚੰਡੀਗੜ੍ਹ ਤੋਂ ਮੋਗੇ ਦੇ ਪਿੰਡ ਲੰਡੇ ਕੇ ਨੂੰ ਦੌੜ ਰਹੀ ਕਾਰ ਵਿੱਚੋਂ ਅਸੀਂ ਪੰਜਾਬ ਦੇ ਪੱਤਝੜੀ ਲੈਂਡਸਕੇਪ ਦਾ ਚਲਚਿੱਤਰ ਵੇਖਦੇ ਜਾ ਰਹੇ ਸਾਂ। ਨੰਗੇ ਰੁੱਖ, ਗਿੱਠ ਗਿੱਠ ਕਣਕਾਂ, ਬੁੱਕਲ ਮਾਰੀ ਖੜ੍ਹੇ ਦਰਵੇਸ਼ਾਂ ਵਾਂਗ ਦਿਸਦੇ ਬੰਬੀਆਂ ਦੇ ਕੋਠੇ ਤੇ ਮਾੜੀ ਆਰਥਿਕਤਾ ਨੇ ਪਿੰਜਰ ਬਣਾਏ ਕਿਸਾਨਾਂ ਜਿਹੇ ਖੇਤਾਂ ‘ਚ ਗੱਡੇ ਡਰਨੇ।
ਫੋਟੋ ਕਲਾਕਾਰ ਦੇਵ ਇੰਦਰ ਦਾ ਕਹਿਣਾ ਸੀ, ”ਪੰਜਾਬ ਦਾ ਲੈਂਡਸਕੇਪ ਨਿਰਾਲਾ ਹੈ।” ਚੰਦਨ ਨੇ ਕਿਹਾ, ”ਇਹ ਜਿੰਨਾ ਚਿਤਰਿਆ ਜਾਣਾ ਚਾਹੀਦਾ ਸੀ ਓਨਾ ਚਿਤਰਿਆ ਨਹੀਂ ਗਿਆ।” ਕਵੀ ਸਰਬਜੀਤ ਬੇਦੀ ਬੋਲਿਆ, ”ਜੇ ਪੰਜਾਬੀ ਸਭਿਆਚਾਰਕ ਚਿੰਨ੍ਹਾਂ ਦੀ ਰਵਾਇਤੀ ਮੂਰਤਕਾਰੀ ਨੂੰ ਪਾਸੇ ਛੱਡ ਦੇਈਏ ਤਾਂ ਆਧੁਨਿਕ ਚਿੱਤਰਕਾਰੀ ਵਿੱਚ ਪੰਜਾਬੀ ਜੀਵਨ ਬਹੁਤਾ ਨਹੀਂ ਦਿਸਦਾ।” ਮੇਰੇ ਮੂੰਹੋਂ ਨਿਕਲ ਗਿਆ, ”ਇਸ ਪੱਖ ਤੋਂ ਮਲਕੀਤ ਲਗਪਗ ‘ਲੋਨ ਰੇਂਜਰ’ ਸੀ। ਪਰ ਹੁਣ ਤਾਂ ਉਹ ਵੀ!”
ਘੜੀ ਬਿੰਦ ਲਈ ਚੁੱਪ ਵਰਤ ਗਈ। ‘ਲੰਡੇ ਕੇ’ ਆਉਣ ਵਾਲਾ ਸੀ ਜਿੱਥੇ ਅਸੀਂ ਮਲਕੀਤ ਚਿੱਤਰਕਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਜਾ    ਰਹੇ ਸਾਂ। ਦੋ ਦਹਾਕਿਆਂ ਦੌਰਾਨ ਮਲਕੀਤ ਨਾਲ ਬਿਤਾਏ ਸਮੇਂ ਦੇ ਟੋਟਿਆਂ ਦੀ ਰੀਲ੍ਹ ਮੇਰੀ ਸਿਮਰਤੀ ਵਿੱਚ ਚੱਲ ਪਈ: ਲੰਬਾ-ਲੰਝਾ ਦਰਸ਼ਨੀ ਸਰੀਰ ਪਰ ਸੂਖ਼ਮ ਆਵਾਜ਼, ਮੋਟੀਆਂ ਬਲੌਰੀ ਅੱਖਾਂ ਪਰ ਭਿਜੂੰ ਭਿਜੂੰ ਕਰਦੀਆਂ੩, ਪੰਜਾਬ ਦੇ ਲੋਕਾਂ, ਜਾਨਵਰਾਂ-ਜਨੌਰਾਂ, ਖੇਤਾਂ-ਪਿੰਡਾਂ,   ਦੁੱਖਾਂ-ਖ਼ੁਸ਼ੀਆਂ, ਉਮੀਦਾਂ-ਨਿਰਾਸਤਾਵਾਂ ਨਾਲ ਧੜਕਦੇ ਉਸ ਦੇ ਕੈਨਵਸ੩ ਬੁਰਸ਼ ਅਤਿ-ਯਥਾਰਥਵਾਦੀ, ਪਰ ਕਲਮ ਯਥਾਰਥਕ੩। ਸਿਰਜਨਾ ਲਈ ਲੋੜੀਂਦੀ ਜਿਸਮਾਨੀ ਤੇ ਮਾਨਸਿਕ ਸਪੇਸ ਬਣਾਉਣ ਲਈ ਮਲਕੀਤ ਵੱਲੋਂ ਖ਼ੁਦ ਸਹੇੜੀਆਂ ਉਦਾਸੀਆਂ ਤੇ ਇਕੱਲਤਾਵਾਂ ਯਾਦ ਆਈਆਂ।
ਸੜਕ ‘ਤੇ ਰੋਡੇ ਪਿੰਡ ਦਾ ਸਾਇਨਬੋਰਡ ਪੜ੍ਹਿਆ ਤਾਂ ਮਲਕੀਤ ਦੇ ਜੀਵਨ ਨੂੰ ਆਧਾਰ ਬਣਾ ਕੇ ਗੁਜਰਾਤੀ ਵਿੱਚ ਨਾਵਲ ਲਿਖੇ ਜਾਣ ਦਾ ਮਾਜਰਾ ਚੇਤੇ ਆ ਗਿਆ: ਖਾੜਕੂਵਾਦ ਦੇ ਦਿਨ ਸਨ। ਮੈਂ ਤੇ ਵਿਨੇਸ਼ ਅੰਤਾਨੀ ਅਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ‘ਤੇ ਕੰਮ ਕਰਦੇ ਸਾਂ। ਗੁਜਰਾਤੀ ਦਾ ਚਰਚਿਤ ਤੇ ਸਨਮਾਨਿਤ ਨਾਵਲਕਾਰ ਅੰਤਾਨੀ ਹਾਲੇ ਤਾਜ਼ਾ ਤਾਜ਼ਾ ਹੀ ਬਦਲ ਕੇ ਚੰਡੀਗੜ੍ਹ ਆਇਆ ਸੀ। ਮੇਰੇ ਕਾਰਨ ਮਲਕੀਤ ਅਕਸਰ ਕੇਂਦਰ ‘ਤੇ ਆਉਂਦਾ ਜਾਂਦਾ ਰਹਿੰਦਾ ਸੀ। ਜਦੋਂ ਅੰਤਾਨੀ ਨਾਲ ਮਲਕੀਤ ਦੀ ਜਾਣ ਪਛਾਣ ਮੈਂ ਇਹ ਕਹਿ ਕੇ ਕਰਵਾਈ ਕਿ ਉਸਦੇ ਜੱਦੀ ਪਿੰਡ (ਲੰਡੇ ਕੇ) ਦੀ ਜੂਹ ਸੰਤ ਭਿੰਡਰਾਂ ਵਾਲਿਆਂ ਦੇ ਪਿੰਡ (ਰੋਡੇ) ਨਾਲ ਲੱਗਦੀ ਹੈ ਤਾਂ ਅੰਤਾਨੀ ਦੇ ਲੇਖਕ ਮਨ ਅੰਦਰ  ਪੰਜਾਬ ਦੀ ਪਿੱਠਭੂਮੀ ਵਾਲੇ ਇੱਕ ਨਾਵਲ ਦਾ ਪਲਾਟ ਰੌਸ਼ਨ ਹੋ ਗਿਆ- ਪੰਜਾਬ ਦੀ ਪੀੜ ਸਮਝਣ ਵਾਲੇ ਚਿੱਤਰਕਾਰ ਰਾਹੀਂ ਦੱਸੀ ਜਾਣ ਵਾਲੀ ਖ਼ੂਨ ਭਰੇ ਪੰਜਾਬ ਦੀ ਕਹਾਣੀ; ਸਰਕਾਰੀ ਤੇ ਖਾੜਕੂ ਦਮਨ ਵਿਚਕਾਰ ਫਸੇ ਇੱਕ ਸੂਖ਼ਮ-ਚਿੱਤ ਪੰਜਾਬੀ ਦਾ ਦੁਖਾਂਤ। ਨਤੀਜਨ ਵਿਨੇਸ਼ ਅੰਤਾਨੀ ਨੇ ਮਲਕੀਤ ਦੇ ਜੀਵਨ ਨੂੰ ਆਧਾਰ ਬਣਾ ਕੇ ‘ਧੁੰਦਾਭਰੀ ਖਿਨ’ ਦੇ ਸਿਰਲੇਖ  ਹੇਠ ਗੁਜਰਾਤੀ ਵਿੱਚ ਇੱਕ ਮਾਰਮਿਕ ਨਾਵਲ ਰਚਿਆ।
ਦਰਅਸਲ, ਮਲਕੀਤ ਦੀ ਜੀਵਨ ਕਹਾਣੀ ਫਿੱਕੇ ਰੰਗਾਂ ਵਾਲੀ ਛੋਟੀ ਕਿਸਾਨੀ ਵਿੱਚ ਜਨਮੇ ਇੱਕ ਸੰਗਾਲੂ ਸੁਪਨਸਾਜ਼ ਦੀ ਕਹਾਣੀ ਹੈ ਜੋ ਆਪਣੇ ਸੁਪਨੇ ਸਾਕਾਰ ਕਰਨ ਲਈ ਕਤਾਰ ਤੋੜ ਕੇ ਅੱਗੇ ਵਧਣ ਵਾਲੀ ਨੀਤੀ ਅਪਨਾਉਣ ਦੀ ਥਾਂ ਧੀਰਜ ਨਾਲ ਆਪਣੀ ਵਾਰੀ ਦੀ ਉਡੀਕ ਕਰਦਾ ਰਹਿੰਦਾ ਸੀ। ਬਹੁਤੀ ਵਾਰ ਉੁਸ ਦੀ ਵਾਰੀ ਆਉਣ ਤਕ ਪਤੀਲਾ ਖੜਕ ਜਾਂਦਾ ਰਿਹਾ, ਪਰ ਉਸ ਨੂੰ ਸਬਰ ਦਾ ਘੁੱਟ ਭਰਨਾ ਆਉਂਦਾ ਸੀ। ਕਮਾਲ ਇਹ ਕਿ ਮੁਕਾਬਲੇਬਾਜ਼ੀ ਦੇ ਪੰਜੇ ਵਿੱਚ ਫਸੀ ਕਲਾ ਦੀ ਦੁਨੀਆਂ ਵਿੱਚ ਵੀ ਇਹ ਸਬਰ ਉਸ ਦੀ ਪਛਾਣ ਰਿਹਾ।
ਮਲਕੀਤ ਪੜ੍ਹਨ ਲਈ ਪਿੰਡ ਤੋਂ ਬਾਹਰ ਜਾਣ ਵਾਲਾ ਆਪਣੇ ਪਰਿਵਾਰ ਦਾ ਪਹਿਲਾ ਮੈਂਬਰ ਸੀ। ਉਸ ਦਾ ਪਰਿਵਾਰ ਉਨ੍ਹਾਂ ਵਿੱਚੋਂ ਸੀ ਜਿੱਥੇ ਖੇਤੀ ਦਾ ਕੰਮ ਕਰਵਾਉਣ ਲਈ ਮੁੰਡਿਆਂ ਨੂੰ ਵਹਿੜਕਿਆਂ ਵਾਂਗ ਹਾਲੀ ਕੱਢਿਆ ਜਾਂਦਾ ਸੀ, ਪਰ ਦਿਲਚਸਪ ਗੱਲ ਇਹ ਹੈ ਕਿ ਮਲਕੀਤ ਨੂੰ ਹਲ-ਪੰਜਾਲੀ ਦੀ ਥਾਂ ਬੁਰਸ਼ ਤੇ  ਕੈਨਵਸ ਸੈਨਤਾਂ ਮਾਰ ਰਹੇ ਸਨ। ਉਹ ਵੀ ਉਦੋਂ ਜਦੋਂ ਨਾ ਮਲਕੀਤ ਨੂੰ ਕਲਾ ਵਿਰਸੇ ਵਿੱਚ ਮਿਲੀ ਸੀ ਤੇ ਨਾ ਸੰਸਕਾਰ ਵਿੱਚ। ਉਸ ਨੇ ਹਲ ਦੀ ਹੱਥੀ ਛੱਡ ਕੇ ਸ਼ਿਮਲੇ ਦੇ ਆਰਟ ਸਕੂਲ ਵਿੱਚ ਬੁਰਸ਼ ਜਾ ਫੜਿਆ ਸੀ, ਪਰ ਜ਼ਿੰਦਗੀ ਦੀਆਂ ਨਵੀਆਂ ਸਿੰਮਤਾਂ ਗਾਹੁਣ ਲਈ ਘਰ-ਬਾਰ ਛੱਡਣ ਲੱਗਿਆਂ ਉਹ ਆਪਣੇ ਮਨ ਦੇ ਧਾਗੇ ਦਾ ਇੱਕ ਸਿਰਾ ਪਿੰਡ ਨਾਲ ਬੰਨ੍ਹ ਆਇਆ ਸੀ। ਉਹ ਕਿਹਾ ਕਰਦਾ ਸੀ, ”ਮੇਰੀ ਜ਼ਿੰਦਗੀ ਦੇ ਬਹੁਤੇ ਅਹਿਮ ਫ਼ੈਸਲੇ ਇਸੇ ਧਾਗੇ ਦੇ ਖਿਚਾਅ ਜਾਂ ਢਿੱਲ ਅਨੁਸਾਰ ਹੁੰਦੇ ਰਹੇ ਹਨ। ਇਹੀ ਕਾਰਨ ਹੈ ਕਿ ਚੰਡੀਗੜ੍ਹ ਜਿਹੇ ਆਧੁਨਿਕ ਸ਼ਹਿਰ ਵਿੱਚ ਏਨੇ ਦਹਾਕੇ ਬਿਤਾਉਣ  ਦੇ ਬਾਵਜੂਦ ਮੈਥੋਂ ਇਹ ਧਾਗਾ ਖੁੱਲ੍ਹ ਨਹੀਂ ਸਕਿਆ।”
ਚਿੰਤਨੀ ਘੜੀਆਂ ਵਿੱਚ ਕਦੇ ਕਦਾਈਂ ਉਹ ਇਹ ਵੀ ਕਿਹਾ ਕਰਦਾ ਸੀ, ”ਚੰਡੀਗੜ੍ਹ ਵਿੱਚ ਮੈਂ ਰਹਿਣਾ ਚਾਹੁੰਨਾ, ਚਿੱਤਰਕਾਰੀ ਕਰਦਾ ਰਹਿਣਾ ਚਾਹੁੰਨਾ ਪਰ ਪੂਰਾ ਪਿੰਡ ਵਿੱਚ ਹੀ ਹੋਣਾ ਚਾਹੁੰਨਾ੩।” ਮਲਕੀਤ ਚੰਡੀਗੜ੍ਹ ਦੇ ਕਲਾ ਜਗਤ ਦੀ ਅਹਿਮ ਸ਼ਖ਼ਸੀਅਤ ਸੀ ਜਿਸ ਦੀ ਹਾਜ਼ਰੀ ਬਿਨਾਂ ਇਸ ‘ਖ਼ੂਬਸੂਰਤ ਸ਼ਹਿਰ’ ਦੀ ਕਲਾ ਨਾਲ ਸਬੰਧਿਤ ਕੋਈ ਵੀ ਗਤੀਵਿਧੀ ਪੂਰੀ ਨਹੀਂ ਸੀ ਹੋਇਆ ਕਰਦੀ। ਫਿਰ ਵੀ ਆਪਣੀਆਂ ਆਖ਼ਰੀ ਇੱਛਾਵਾਂ ਵਿੱਚ ਮਰਨ ਲਈ ਚੰਡੀਗੜ੍ਹ ਦੀ ਥਾਂ ਉਸ ਨੇ ਆਪਣੇ ਪਿੰਡ ਨੂੰ ਹੀ ਪਹਿਲ ਦਿੱਤੀ। ਖ਼ੂਬਸੂਰਤ ਦੋਸਤੀਆਂ, ਅਹਿਮ ਵਾਕਫ਼ੀਆਂ, ਮਘਦੀਆਂ ਮਹਿਫ਼ਿਲਾਂ ਤੇ ਨਿੱਘੀਆਂ ਸਾਂਝਾਂ ਦੇ ਬਾਵਜੂਦ  ਚੰਡੀਗੜ੍ਹ ਤੇ ਮਲਕੀਤ ਧੁਰ ਅੰਦਰੋਂ ਇੱਕ-ਦੂਜੇ ਲਈ ਬੇਗਾਨੇ ਹੀ ਰਹੇ।
ਜਿੰਨਾ ਚਿਰ ਮਲਕੀਤ ਪੀਜੀਆਈ ਦੀ ਨੌਕਰੀ ਤੋਂ ਸੇਵਾਮੁਕਤ ਨਹੀਂ ਸੀ ਹੋਇਆ ਉਹ ਆਪਣੇ ਗਰਾਈਆਂ, ਕਲਾਕਾਰਾਂ, ਲੇਖਕਾਂ ਤੇ ਮੀਡੀਆ ਕਰਮੀਆਂ ਲਈ ਹੀ ਨਹੀਂ ਸਗੋਂ ਉਨ੍ਹਾਂ ਦੇ ਅਗਾਂਹ ਸੈਂਕੜੇ ਜਾਣੂੰਆਂ ਲਈ ਵੀ ਪੀਜੀਆਈ ਅੰਦਰਲੇ ਕੰਮ ਕਰਵਾਉਣ ਲਈ ਸਹਾਇਤਾ ਕਰਦਾ ਰਿਹਾ। ਕਈ ਵਾਰੀ ਮਰੀਜ਼ ਪੀਜੀਆਈ ਵਿੱਚ ਦਾਖਲ ਹੋ ਜਾਂਦੇ ਤੇ ਨਾਲ ਆਏ ਵਿਅਕਤੀ ਮਲਕੀਤ ਦੇ ਘਰ ਡੇਰਾ ਲਾ ਲੈਂਦੇ। ਮਲਕੀਤ ਦੇ ਇਸ ਸਮਾਜ ਸੇਵੀ ਕੰਮ ਦੀ ਚਰਚਾ ਲੰਡੇ ਕੇ ਦੇ ਸਿਵਿਆਂ ‘ਚ ਸਸਕਾਰ ਵੇਲੇ ਜੁੜੇ ਭਾਰੀ ਇਕੱਠ ਵਿੱਚ ਚੁਫ਼ੇਰੇ ਹੋ ਰਹੀ ਸੀ। ਤੁਰ ਗਏ ਦੀ ਗੱਲ ਉਹ ਚਿੱਤਰਕਾਰ ਵਜੋਂ ਨਹੀਂ ਸਗੋਂ ‘ਡਾਕਟਰ ਸਾਹਿਬ’ ਵਜੋਂ ਕਰ ਰਹੇ ਸਨ।
ਮਲਕੀਤ ਮੂੰਹ-ਕੂਲ਼ ਸੀ। ਇਸੇ ਲਈ ਉਸ ਲਈ ਜਾਣੂੰ ਨੂੰ ਦੋਸਤ ਤੇ ਦੋਸਤ ਨੂੰ ਭਰਾ ਬਣਾ ਲੈਣ ਵਿੱਚ ਜ਼ਿਆਦਾ ਸਮਾਂ ਨਹੀਂ ਸੀ ਲੱਗਦਾ। 1983 ਵਿੱਚ ਮੇਰੇ ਚੰਡੀਗੜ੍ਹ ਆਉਣ ਪਿੱਛੋਂ ਅਸੀਂ ਸ਼ਹਿਰ ਦੀਆਂ ਨੁਮਾਇਸ਼ਾਂ, ਗੋਸ਼ਟੀਆਂ, ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਇਕੱਠੇ ਜਾਣਾ ਸ਼ੁਰੂ ਕੀਤਾ। ਭਾਵੇਂ ਮਾਮੂਲੀ ਹੀ ਸਹੀ ਮੇਰਾ ਤੇ ਮਲਕੀਤ ਦਾ ਮੜ੍ਹੰਗਾ ਮਿਲਦਾ ਸੀ। ਅਸੀਂ ਆਰਟ ਕੌਂਸਲ ‘ਚ ਹੋਏ ਇੱਕ ਪ੍ਰੋਗਰਾਮ ‘ਚੋਂ ਪਰਤੇ ਤਾਂ ਇੱਕ ਪੰਜਾਬੀ ਲੇਖਿਕਾ ਦਾ ਨਾਂ ਲੈ ਕੇ ਮਲਕੀਤ ਨੇ ਕਿਹਾ, ”ਪੁੱਛਦੀ ਸੀ ਕਿ ਕੀ ਦੋਵੇਂ ਭਰਾ ਹੋ? ਪਤੈ ਮੈਂ ਕੀ ਕਿਹਾ? ਮੈਂ ਕਿਹਾ, ਹਾਂ!” ਗੱਲ ਸਾਡੀ ਜੱਫੀ ‘ਚ ਰੂਪਾਂਤਰ ਹੋ ਗਈ। ਉਸ ਦਿਨ ਤੋਂ ਮੈਂ ਲਾਡ ਨਾਲ ਮਲਕੀਤ ਨੂੰ ਭਰਾ ਜੀ ਕਹਿ ਕੇ ਬੁਲਾਉਣ ਲੱਗ ਪਿਆ ਸਾਂ।
ਉਸ ਨਾਲ ਮੇਰੀ ਆਖ਼ਰੀ ਮੁਲਾਕਾਤ ਮੁਹਾਲੀ ਦੇ ਉਸ ਹਸਪਤਾਲ ‘ਚ ਹੋਈ ਜਿੱਥੇ ਉਹ ਆਪਣੇ ਆਖ਼ਰੀ ਦਿਨ ਗਿਣ ਰਿਹਾ ਸੀ। ਉਦੋਂ ਤਕ ਉਸ ਦੇ ਦੋਵੇਂ ਗੁਰਦੇ ਲਗਪਗ ਪੂਰੇ ਖ਼ਰਾਬ ਹੋਣ ਦੀ ਗੱਲ ਬਾਹਰ ਨਿਕਲ ਆਈ ਸੀ। ਉਹ ਸੀ ਤਾਂ ਸੁਰਤ ਵਿੱਚ, ਪਰ ਹੌਸਲਾ ਪਸਤ ਹੋ ਗਿਆ ਜਾਪ ਰਿਹਾ ਸੀ। ਕੰਬਦੇ ਹੱਥਾਂ ਵਿੱਚ ਮੇਰਾ ਹੱਥ ਲਈ ਉਹ ਮੇਰੇ ਵੱਲ ਇਕ-ਟਕ ਵੇਖਦਾ ਰਿਹਾ। ਮੈਂ ਨਜ਼ਰ ਮਿਲਾਏ ਬਿਨਾਂ ਉਸ ਦਾ ਧੀਰਜ ਬੰਨ੍ਹਾਉਂਦਾ ਰਿਹਾ। ਮੌਤ ਦੀ ਪੈੜ ਚਾਲ ਸੁਣ ਰਹੇ ਬੰਦੇ ਨਾਲ ਅੱਖ ਮਿਲਾਉਣ ਲਈ ਕਿਸੇ ਰਿਸ਼ੀ ਦਾ ਜਿਗਰਾ ਚਾਹੀਦਾ ਹੈ।
ਜਿਉਂ ਹੀ ਸਾਡੀਆਂ ਨਜ਼ਰਾਂ ਮਿਲੀਆਂ ਤਾਂ ਉਹ ਫਿੱਕਾ ਜਿਹਾ ਮੁਸਕਰਾਇਆ ਤੇ ਜਿਵੇਂ ਖੂਹ ‘ਚੋਂ  ਬੋਲਿਆ, ”ਤੇਰਾ ਭਰਾ ਜਾ ਰਿਹੈ!!” ਮੇਰੀਆਂ ਅੱਖਾਂ ਹੰਝੁਆਂ ਨਾਲ ਲਬਲਬਾ ਗਈਆਂ ਤੇ ਚੁਫ਼ੇਰਾ ਧੁੰਦਲਾ ਗਿਆ।