‘ਆਪ’ ਨੂੰ ਝਟਕਾ : ਮਾਝਾ ਜ਼ੋਨ ਦੇ ਪ੍ਰਧਾਨ ਨੇ ਸਾਥੀਆਂ ਸਮੇਤ ਦਿੱਤਾ ਅਸਤੀਫ਼ਾ

‘ਆਪ’ ਨੂੰ ਝਟਕਾ : ਮਾਝਾ ਜ਼ੋਨ ਦੇ ਪ੍ਰਧਾਨ ਨੇ ਸਾਥੀਆਂ ਸਮੇਤ ਦਿੱਤਾ ਅਸਤੀਫ਼ਾ

ਕੈਪਸ਼ਨ- ਆਪ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਸਾਥੀਆਂ ਸਮੇਤ ਅਸਤੀਫ਼ਾ ਦੇਣ ਦਾ ਐਲਾਨ ਕਰਦੇ ਹੋਏ।
ਗੁਰਦਾਸਪੁਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਨੂੰ ਅੱਜ ਉੁੱਦੋਂ ਵੱਡਾ ਝਟਕਾ ਲਗਾ ਜਦੋਂ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਅਤੇ ਬੀਸੀ ਸੈੱਲ ਦੇ ਸਾਬਕਾ ਚੇਅਰਮੈਨ ਡਾ. ਮਨਮੋਹਣ ਸਿੰਘ ਭਾਗੋਵਾਲੀਆ ਨੇ ਸਾਥੀਆਂ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਹ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਪਾਰਟੀ ਵੱਲੋਂ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਟਿਕਟ ਦੇਣ ‘ਤੇ ਨਰਾਜ਼ ਸਨ।
ਆਗੂਆਂ ਨੇ ਕਿਹਾ ਕਿ ਪਾਰਟੀ ਆਪਣੇ ਸਿਧਾਤਾਂ ਤੋਂ ਉੱਖੜ ਚੁੱਕੀ ਹੈ ਅਤੇ ਰਿਵਾਇਤੀ ਪਾਰਟੀਆਂ ਵਾਂਗ ਹੀ ਜਾਤੀ ਸਮੀਕਰਨਾਂ ਦੇ ਆਧਾਰ ਉੱਤੇ ਸਿਧਾਂਤਹੀਣ ਫੈਸਲੇ ਲੈ ਰਹੀ ਹੈ। ਸ੍ਰੀ ਕਾਕੀ ਨੇ ਕਿਹਾ, ”ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਲੰਟੀਅਰਾਂ ਨੇ ਟਿਕਟ ਲਈ ਲਖਮੀਰ ਸਿੰਘ ਪਠਾਨਕੋਟ ਅਤੇ ਡਾ. ਮਨਮੋਹਣ ਸਿੰਘ ਭਾਗੋਵਾਲੀਆ ਦਾ ਨਾਂ ਪੇਸ਼ ਕੀਤਾ ਸੀ, ਪਰ ਪਾਰਟੀ ਨੇ ਉਸ ਨੂੰ ਟਿਕਟ ਦਿੱਤੀ ਹੈ, ਜਿਸ ਦੀ ਨਾ ਤਾਂ ਪਾਰਟੀ ਨੂੰ ਕੋਈ ਦੇਣ ਹੈ ਅਤੇ ਨਾ ਹੀ ਪਾਰਟੀ ਦੀ ਕਿਸੇ ਸਰਗਰਮੀ ਵਿੱਚ ਹਿੱਸਾ ਲਿਆ ਹੈ।” ਉਨ੍ਹਾਂ ਕਿਹਾ ਕਿ ਸੁਰੇਸ਼ ਖਜੂਰੀਆ ਨੂੰ ਉਮੀਦਵਾਰ ਐਲਾਣਨ ਮੌਕੇ ਉਨ੍ਹਾਂ ਦੀ ਕੋਈ ਸਲਾਹ ਨਹੀਂ ਲਈ ਗਈ।
ਉਨ੍ਹਾਂ ਕਿਹਾ ਕਿ ਇਤਿਹਾਸਕ ਗੁਰਦੁਆਰਾ ਘੱਲੂਘਾਰਾ ਸਾਹਿਬ ਵਿੱਚ ਵਾਪਰੀ ਘਟਨਾ ਕਾਰਨ ਪਾਰਟੀ ਦੇ 11 ਵਲੰਟੀਅਰਾਂ ਉੱਤੇ ਹੋਏ ਪਰਚੇ ‘ਤੇ ਵੀ ਕੋਈ ਪ੍ਰਤੀਕਰਮ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਸਰਗਰਮੀਆਂ ਕਾਰਨ ਮਾਣ-ਸਨਮਾਨ ਨੂੰ ਲੱਗੀ ਠੇਸ ਕਰਨ ਅਸਤੀਫ਼ੇ ਦਿੱਤੇ ਗਏ ਹਨ।
ਪਾਰਟੀ ਨੇ ਕਿਹਾ – ਕਾਕੀ ਨੂੰ ਮਿਲਿਆ ਸੀ ਕਾਰਨ ਦੱਸੋਂ ਨੋਟਿਸ:
‘ਆਪ’ ਦੇ ਮਾਝਾ ਜ਼ੋਨ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ ਦੇ ਅਸਤੀਫ਼ੇ ‘ਤੇ ਪਾਰਟੀ ਦੇ ਸਕੱਤਰ ਗੁਲਸ਼ਨ ਛਾਬੜਾ ਨੇ ਪ੍ਰਤਿਕਿਰਿਆ ਕਰਦਿਆਂ ਕਿਹਾ ਕਿ ਸ੍ਰੀ ਕਾਕੀ 22 ਅਗਸਤ ਤੋਂ ਕਾਰਨ ਦੱਸੋ ਨੋਟਿਸ ਉੱਤੇ ਸਨ। ਉਸੇ ਦਿਨ ਤੋਂ ਪ੍ਰਧਾਨ ਵਜੋਂ ਉਨ੍ਹਾਂ ਦੇ ਅਖ਼ਤਿਆਰ ਮੁੱਅਤਲ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਕਾਕੀ ਨੇ 21 ਅਗਸਤ ਨੂੰ ਅੰਮ੍ਰਿਤਸਰ ਵਿਖੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ਸ੍ਰੀ ਮਜੀਠੀਆ ਤੇ ਹੋਰ ਅਕਾਲੀਆਂ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਸੀ।