‘ਫੁੱਲਾਂ ਦੀਏ ਕੱਚੀਏ ਵਪਾਰਨੇ’ ਨਾਲ ਮਸ਼ਹੂਰ ਹੋਏ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਦਾ ਦਿਹਾਂਤ

‘ਫੁੱਲਾਂ ਦੀਏ ਕੱਚੀਏ ਵਪਾਰਨੇ’ ਨਾਲ ਮਸ਼ਹੂਰ ਹੋਏ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਦਾ ਦਿਹਾਂਤ

ਬਠਿੰਡਾ/ਬਿਊਰੋ ਨਿਊਜ਼:
ਬਠਿੰਡਾ ਦੀ ਸ਼ਾਨ ਤੇ ਗੀਤਕਾਰੀ ਵਿਚ ਉਸਤਾਦ ਪੱਧਰ ਹਾਸਲ ਕਰਨ ਵਾਲੇ ‘ਫੁੱਲਾਂ ਦੀਏ ਕੱਚੀਏ ਵਪਾਰਨੇ’ ਸਮੇਤ 300 ਤੋਂ ਵਧ ਹਿੱਟ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਉਣ ਵਾਲੇ ਉੱਘੇ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਮੌਕੇ ਜਿਥੇ ਵੱਡੀ ਗਿਣਤੀ ਵਿਚ ਵੱਖ-ਵੱਖ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਤਿਵਾੜੀ ਨੂੰ ਅੰਤਿਮ ਵਿਦਾਇਗੀ ਦਿੱਤੀ, ਉੱਥੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਵਿਸ਼ੇਸ਼ ਤੌਰ ‘ਤੇ ਸ਼ਰਧਾਂਜਲੀ ਦਿੱਤੀ। ਪ੍ਰੀਤ ਮਹਿੰਦਰ ਤਿਵਾੜੀ ਪਿਤਾ ਪਰਸਰਾਮ ਤਿਵਾੜੀ ਅਤੇ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਿੰਡ ਬੱਲੂਆਣਾ ਵਿਚ 69 ਸਾਲ ਪਹਿਲਾਂ ਜਨਮੇ ਪ੍ਰੀਤ ਮਹਿੰਦਰ ਤਿਵਾੜੀ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਬੱਲੂਆਣਾ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਨੇਕਾਂ ਹੀ ਸਟੇਜ ਪੇਸ਼ਕਾਰੀਆਂ ਕਰਕੇ ਨਾਮਣਾ ਖੱਟਿਆ। ਕਲਮ ਦੇ ਧਨੀ ਪ੍ਰੀਤ ਮਹਿੰਦਰ ਤਿਵਾੜੀ ਜਿਸ ਦੇ ਗੀਤ ‘ਫੁੱਲਾਂ ਦੀਏ ਕੱਚੀਏ ਵਪਾਰਨੇ’, ‘ਮੈਂ ਚਾਦਰ ਕੱਢਦੀ ਨੀ’, ਨੇ ਪੂਰੀ ਦੁਨੀਆ ਵਿਚ ਉਸ ਦੇ ਕਲਮ ਦਾ ਲੋਹਾ ਮਨਵਾਇਆ। ਤਿਵਾੜੀ ਨੇ ਕਦੇ ਵੀ ਹੋਛੀ ਗੀਤਕਾਰੀ ਨੂੰ ਆਪਣੇ ਜੀਵਨ ਵਿਚ ਕੋਈ ਸਥਾਨ ਨਹੀਂ ਦਿੱਤਾ ਤੇ ਨਾ ਹੀ ਆਪਣੇ ਗੀਤਾਂ ਨੂੰ ਕਦੇ ਲੱਚਰਤਾ ਦਾ ਰੰਗ ਚੜ੍ਹਨ ਦਿੱਤਾ। ਤਿਵਾੜੀ ਨੇ ਆਪਣੀ ਕਲਮ ਦੇ ਸਿਰ ‘ਤੇ ਵਿਸ਼ਵ ਦੇ ਸਾਰੇ ਉਨ੍ਹਾਂ ਦੇਸ਼ਾਂ ਦਾ ਦੌਰਾ ਕੀਤਾ, ਜਿੱਥੇ ਪੰਜਾਬੀ ਵੱਸਦੇ ਹਨ। ਤਿਵਾੜੀ ਨੇ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਸੰਗੀਤ ਦਿੱਤਾ, ਜਿਸ ਨੂੰ ਬਹੁਤ ਹੀ ਪਸੰਦ ਕੀਤਾ ਗਿਆ। ਪ੍ਰੀਤ ਮਹਿੰਦਰ ਤਿਵਾੜੀ ਦੀ ਕਲਮ ਦੀ ਇਹ ਵਿਸ਼ੇਸ਼ਤਾ ਸੀ ਕਿ ਨਾਮਵਰ ਗਾਇਕ ਵੀ ਉਸ ਦੇ ਗੀਤ ਗਾਉਣ ਲਈ ਲੰਬਾ ਇੰਤਜ਼ਾਰ ਕਰਕੇ ਉਸ ਤੋਂ ਆਪਣੀ ਨਵੀਂ ਐਲਬਮ ਲਈ ਗੀਤਾਂ ਦੀ ਮੰਗ ਕਰਦੇ ਰਹਿੰਦੇ ਸਨ।
ਉਨ੍ਹਾਂ ਦੀ ਪੰਜਾਬੀ ਸੱਭਿਆਚਾਰ ਨੂੰ ਵੱਡੀ ਦੇਣ ਸਦਕਾ ਉਨ੍ਹਾਂ ਦਾ ਕਈ ਨਾਮਵਰ ਵੱਡੇ ਮੇਲਿਆਂ ਵਿਚ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਵੇਲਿਆਂ ਵਿਚ ਤਿਵਾੜੀ ਪਹਿਲੇ ਅਜਿਹੇ ਗੀਤਕਾਰ ਸਨ ਜਿਨ੍ਹਾਂ ਦਾ ਸਨਮਾਨ ਮਾਰੂਤੀ ਕਾਰ ਨਾਲ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਹਮੇਸ਼ਾ ਹੀ ਸਨਮਾਨ ਚਿੰਨ੍ਹ ਵਜੋਂ ਸਾਂਭ ਕੇ ਰੱਖਿਆ। ਦੋ ਸਾਲ ਪਹਿਲਾਂ ਉਨ੍ਹਾਂ ਮੁਹਾਲੀ ਦੇ ਫੇਸ-5 ਵਿਚ ਗੀਤ ਰਿਕਾਰਡਿੰਗ ਐਂਡ ਫਿਲਮ ਸਟੂਡੀਓ ਖੋਲ੍ਹ ਕੇ ਪੰਜਾਬੀ ਸਭਿਆਚਾਰ ਦੇ ਪ੍ਰਸਾਰ ਲਈ ਸੇਵਾ ਵੀ ਸ਼ੁਰੂ ਕੀਤੀ ਸੀ। ਮਰਹੂਮ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਸੁਰੀਲੀ ਆਵਾਜ਼ ਵਿਚ ਉਸ ਦੀ ਕਲਮ ਵਿਚੋਂ ਰਚਿਆ ਧੀਆਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਦਾ ਗੀਤ ‘ਮੈਂ ਚਾਦਰ ਕੱਢਦੀ ਨੀ’ ਅਤੇ ਸਰਦੂਲ ਸਿਕੰਦਰ ਦੀ ਆਵਾਜ਼ ਵਿਚ ‘ਫੁੱਲਾਂ ਦੀਏ ਕੱਚੀਏ ਵਪਾਰਨੇ, ਕੰਡਿਆਂ ਦੇ ਭਾਅ ‘ਚ ਸਾਨੂੰ ਤੋਲਣਾ’ ਗੀਤ ਸੰਗਤ ਪ੍ਰੇਮੀਆਂ ਦੇ ਚੇਤਿਆਂ ਵਿਚ ਅੱਜ ਵੀ ਵਸੇ ਹੋਏ ਨੇ। ਗੀਤਕਾਰ ਤਿਵਾੜੀ ਨੇ ਐਮ.ਏ. ਹਿਸਟਰੀ, ਲਿਟਰੇਚਰ ਤੇ ਮਿਊਜ਼ਿਕ ਦੀ ਐਮ.ਏ. ਕੀਤੀ ਅਤੇ ਕੁਝ ਸਮਾਂ ਪ੍ਰੋਫ਼ੈਸਰ ਵੀ ਰਹੇ ਪਰ ਇਸ ਤੋਂ ਬਾਅਦ ਮੁੰਬਈ ਜਾ ਕੇ ਗਾਇਕ ਮੁਹੰਮਦ ਰਫ਼ੀ ਨੂੰ ਗੁਰੂ ਧਾਰ ਕੇ ਮਿਊਜ਼ਿਕ ਡਾਇਰੈਕਟਰ ਮਦਨ ਮੋਹਨ ਦਾ ਸਹਾਇਕ ਰਹਿ ਕੇ 6-7 ਸਾਲ ਮੁੰਬਈ ਦੇ ਫੁੱਟ ਪਾਥਾਂ ‘ਤੇ ਰਾਤਾਂ ਗੁਜ਼ਾਰੀਆਂ। ਕੁਲਦੀਪ ਮਾਣਕ ਦੀ ਆਵਾਜ਼ ਵਿਚ ਉਸ ਦੇ ਲਿਖੇ ਗੀਤ ‘ਇਕ ਤੂੰ ਹੀ ਜਚੀ ਏਂ, ਤੂੰ ਤਾਂ ਤੁਰ ਗਿਓਂ ਚੰਨਾ, ਹੱਟ ਪਿੱਛੇ ਫੇਰ ਮਿਲਾਂਗੇ, ਵੀਰਾ ਡਾਕਦਾਰਾ ਵੇ, ਗੁਰਦਾਸ ਮਾਨ ਦੀ ਪੰਜਾਬੀ ਫਿਲਮ ‘ਕੀ ਬਣੂੰ ਦੁਨੀਆ ਦਾ’ ਦੇ ਸਾਰੇ ਗੀਤ ਹੀ ਤਿਵਾੜੀ ਦੇ ਲਿਖੇ ਹਨ। ਇਸ ਤੋਂ ਇਲਾਵਾ ਹੰਸ ਰਾਜ ਹੰਸ, ਸਰਦੂਲ ਸਿਕੰਦਰ ਦੇ ਗਾਏ ‘ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ’, ਮੌਸਮ ਖ਼ਰਾਬ ਹੈ, ਦਿਲ ਫ਼ੱਕਰਾਂ ਦੀ ਕੋਣੀ ਵਾਂਗੂੰ, ਡਿਸਕੋ ਵਿਚਾਰੀ, ਬਟੂਆ, ਜਦੋਂ ਦੀਆਂ ਲਾਈਆਂ ਅੱਖੀਆਂ, ਗੱਲਾਂ ਸੋਹਣੇ ਯਾਰ ਦੀਆਂ, ਕੋਕਾ ਤੇਰਾ ਸੱਤ ਰੰਗ ਦਾ, ਸੁਰਮੇ ਦੀ ਡੱਬੀ ‘ਚ ਰੱਖ ਮੁੰਡਿਆ, ਪਤੰਗ ਵਾਲੀ ਡੋਰ, ਰੋਂਦਾ ਰਹਿ ਗਿਆ ਨੀ ਰਾਂਝਾ, ਰਾਂਝਾ ਜੋਗੀ ਹੋਇਆ ਵਰਗੇ ਗੀਤਾਂ ਨੂੰ ਗੁਰਦਾਸ ਮਾਨ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਕੁਲਦੀਪ ਮਾਣਕ, ਹਰਦੀਪ, ਸੁਰਿੰਦਰ ਛਿੰਦਾ, ਅਮਰ ਨੂਰੀ, ਸੁਰਜੀਤ ਬਿੰਦਰਖੀਆ, ਲਾਭ ਜੰਜੂਆ, ਰੰਜਨਾ, ਮਲਕੀਤ ਸਿੰਘ, ਦਿਲਸ਼ਾਦ ਸਾਹਿਬ, ਸਾਬਰਕੋਟੀ ਤੋਂ ਇਲਾਵਾ ਫਿਲਮੀ ਗਾਇਕ ਮਹਿੰਦਰ ਕਪੂਰ, ਆਸ਼ਾ ਭਾਸਲੇ, ਦਿਲਰਾਜ ਨਾਮੀ ਕਲਾਕਾਰਾਂ ਨੇ ਗਾਏ। ਉਸ ਨੇ ਗੀਤਾਂ ਦੇ ਨਾਲ-ਨਾਲ ਨਾਵਲ, ਕਵਿਤਾ, ਦੂਰਦਰਸ਼ਨ ਜਲੰਧਰ ਲਈ ਸੀਰੀਅਲ ਵੀ ਪੇਸ਼ ਕੀਤੇ। ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਲਾਰਾ ਲੱਪਾ, ਬੱਲੇ-ਬੱਲੇ ਸ਼ਾਵਾ ਸ਼ਾਵਾ, ਹਈ ਸ਼ਾਵਾ ਬਈ ਹਈ ਸ਼ਾਵਾ, ਬਚ ਕੇ ਮੋੜ ਤੋਂ, ਮੁਬਾਰਕਾਂ ਨਵਾਂ ਸਾਲ, ਸੌਗਾਤ ਇਹ ਸਾਰੇ ਪ੍ਰੋਗਰਾਮ ਪ੍ਰੀਤ ਮਹਿੰਦਰ ਤਿਵਾੜੀ ਦੀ ਪੇਸ਼ਕਸ਼ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਪ੍ਰੀਤ ਮਹਿੰਦਰ ਤਿਵਾੜੀ ਉਹ ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਕਲਮ ਵਿਚੋਂ ਜਨਮੇ ਗੀਤ ਹਰ ਸਾਲ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮ ਦਾ ਲਗਾਤਾਰ ਸ਼ਿੰਗਾਰ ਬਣਦੇ ਰਹੇ। 18 ਅਗਸਤ ਨੂੰ ਉਸ ਨੂੰ ਬਠਿੰਡਾ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਦਿਲ ਦਾ ਦੌਰਾ ਪੈ ਗਿਆ, ਜਿਸ ਕਰਕੇ ਉਸ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ। ਉਸ ਦਾ ਅੰਤਿਮ ਸੰਸਕਾਰ ਬਠਿੰਡਾ ਦੀ ਅਨਾਜ ਮੰਡੀ ਸਾਹਮਣੇ ਰਾਮਬਾਗ ਵਿਚ ਕੀਤਾ ਗਿਆ ਹੈ। ਪ੍ਰੀਤ ਮਹਿੰਦਰ ਤਿਵਾੜੀ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਨਵ-ਸੰਗੀਤ ਤਿਵਾੜੀ ਨੇ ਦਿੱਤੀ।