ਸੰਤ ਸੀਚੇਵਾਲ ਹੁਣ ਪਤਾਲਪੁਰੀ ਦੇ ਅਸਥਘਾਟ ਦੀ ਸਫ਼ਾਈ ਲਈ ਵਿੱਢਣਗੇ ਮੁਹਿੰਮ

ਸੰਤ ਸੀਚੇਵਾਲ ਹੁਣ ਪਤਾਲਪੁਰੀ ਦੇ ਅਸਥਘਾਟ ਦੀ ਸਫ਼ਾਈ ਲਈ ਵਿੱਢਣਗੇ ਮੁਹਿੰਮ

ਕੈਪਸ਼ਨ-ਸੰਤ ਬਲਵੀਰ ਸਿੰਘ ਸੀਚੇਵਾਲ ਵਾਲੇ ਕੀਰਤਪੁਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ।
ਕੀਰਤਪੁਰ ਸਾਹਿਬ/ਬਿਊਰੋ ਨਿਊਜ਼ :
ਕਾਫੀ ਸਮੇਂ ਤੋਂ ਕੀਰਤਪੁਰ ਸਾਹਿਬ ਵਿੱਚ ਸਥਿਤ ਗੁਰਦੁਆਰਾ ਪਤਾਲਪੁਰੀ ਦੇ ਅਸਥਘਾਟ ਵਿੱਚ ਡਿੱਗ ਰਹੇ ਸ਼ਹਿਰ ਦੇ ਸੀਵਰੇਜ ਨਾਲ ਪਲੀਤ ਹੋਏ ਪਾਣੀ ਦਾ ਮਸਲਾ ਸਰਕਾਰਾਂ ਵੱਲੋਂ ਅਣਗੋਲਿਆਂ ਕਰਨ ਤੋਂ ਬਾਅਦ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਇਸ ਮਸਲੇ ਨੂੰ ਹੱਲ ਕਰਨ ਦਾ ਬੀੜਾ ਚੁੱਕਦੇ ਹੋਏ ਇਹ ਐਲਾਨ ਕੀਤਾ ਕਿ ਜੇ ਪੰਜਾਬ ਸਰਕਾਰ ਨਗਰ ਪੰਚਾਇਤ ਤੋਂ ਪੰਜ ਏਕੜ ਜ਼ਮੀਨ ਸਾਨੂੰ ਲੈ ਕੇ ਦੇ ਦੇਵੇ ਤਾਂ ਗੁਰਦੁਆਰਾ ਪਤਾਲਪੁਰੀ  ਨਜ਼ਦੀਕ ਸਤਲੁਜ ਦਰਿਆ ਵਿੱਚ ਡਿੱਗਦੇ ਗੰਦੇ ਪਾਣੀ ਨੂੰ ਰੋਕਣ ਲਈ ਵਾਟਰ ਟਰੀਟਮੈਂਟ ਪਲਾਟ ਲਗਾਇਆ ਜਾਵੇਗਾ ਅਤੇ ਪਾਣੀ ਨੂੰ ਸਾਫ ਕਰਕੇ ਖੇਤੀਬਾੜੀ ਲਈ ਵਰਤਿਆ ਜਾਵੇਗਾ। ਇਸ ਨਾਲ ਫਸਲਾਂ ਦੀ ਪੈਦਾਵਾਰ ਵੀ ਵੱਧ ਹੋਵੇਗੀ। ਇਹ ਵਿਚਾਰ ਇੱਥੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਗੁਰਦੁਆਰਾ ਪਤਾਲਪੁਰੀ ਅਸਥਘਾਟ ਨਜ਼ਦੀਕ ਸਤਲੁਜ ਦਰਿਆ ਵਿੱਚ ਡਿੱਗਦੇ ਗੰਦੇ ਪਾਣੀ ਦਾ ਮੌਕਾ ਦੇਖਣ ਮਗਰੋਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਕੀਰਤਪੁਰ ਸਾਹਿਬ ਇਲਾਕੇ ਦੀ ਅਬਾਦੀ ਦਾ ਗੰਦਾ ਪਾਣੀ ਦੋ ਗੰਦੇ ਨਾਲਿਆਂ ਰਾਹੀਂ ਹੋ ਕੇ ਸਤਲੁਜ ਦਰਿਆ ਵਿੱਚ ਡਿੱਗ ਰਿਹਾ ਹੈ ਜੋ ਕਿ ਅੱਗੇ ਗੁਰਦੁਆਰਾ ਪਤਾਲਪੁਰੀ ਦੇ ਅਸਥਘਾਟ ਤੋਂ ਹੋ ਕੇ ਗੁਜ਼ਰਦਾ ਹੈ। ਲੋਕ ਸ਼ਰਧਾ ਨਾਲ ਇਸ ਪਾਣੀ ਨੂੰ ਪਵਿੱਤਰ ਸਮਝ ਕੇ ਆਪਣੇ ਘਰਾਂ ਨੂੰ ਵੀ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਸਰਕਾਰ ਨਾਲ ਗੱਲ ਕਰਨਗੇ। ਜੇ ਸਰਕਾਰ ਦੀ ਸਹਿਮਤੀ ਬਣੀ ਤਾਂ ਇੱਕ ਮਹੀਨੇ ਦੇ ਅੰਦਰ ਵਾਟਰ ਟਰੀਟਮੈਂਟ ਪਲਾਂਟ ਲਗਾ ਕੇ ਗੰਦੇ ਪਾਣੀ ਸਾਫ਼ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਦਸੂਹਾ ਵਿੱਚ ਵੀ ਅਜਿਹਾ ਟਰੀਟਮੈਂਟ ਪਲਾਂਟ ਲਾਇਆ ਗਿਆ ਹੈ ਜਿੱਥੇ ਸਾਫ ਕੀਤੇ ਪਾਣੀ ਨੂੰ ਖੇਤੀਬਾੜੀ ਲਈ ਵਰਤਿਆ ਜਾ ਰਿਹਾ ਹੈ।