ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਆਖਰੀ ਮਹਾਰਾਣੀ ਰਾਜ ਮਾਤਾ ਮਹਿੰਦਰ ਕੌਰ ਪੰਜ ਤੱਤਾਂ ਵਿੱਚ ਵਿਲੀਨ

ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਆਖਰੀ ਮਹਾਰਾਣੀ ਰਾਜ ਮਾਤਾ ਮਹਿੰਦਰ ਕੌਰ ਪੰਜ ਤੱਤਾਂ ਵਿੱਚ ਵਿਲੀਨ

ਪਟਿਆਲਾ/ਬਿਊਰੋ ਨਿਊਜ਼ :
ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਆਖਰੀ ਮਹਾਰਾਣੀ ਸ੍ਰੀਮਤੀ ਮਹਿੰਦਰ ਕੌਰ (ਰਾਜ ਮਾਤਾ) ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਸਥਾਨਕ ‘ਸ਼ਾਹੀ ਸਮਾਧਾਂ’ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਾ ਮਾਲਵਿੰਦਰ ਸਿੰਘ ਨੇ ਚਿਖਾ ਨੂੰ ਅਗਨੀ ਵਿਖਾਈ। ਪੋਤਰਾ ਰਣਇੰਦਰ ਸਿੰਘ ਟਿੱਕੂ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸੀ। ਅੰਤਿਮ ਰਸਮਾਂ ਮੌਕੇ ਵੱਡੀ ਗਿਣਤੀ ਆਮ ਲੋਕਾਂ ਸਮੇਤ ਰਾਜਪਾਲ, ਮੰਤਰੀ, ਵਿਧਾਇਕ ਤੇ ਅਫ਼ਸਰਸ਼ਾਹ ਹਾਜ਼ਰ ਸਨ। ਇਸ ਤੋਂ ਪਹਿਲਾਂ ਰਾਜਮਾਤਾ ਦੀ ਅੰਤਿਮ ਯਾਤਰਾ ਮੋਤੀ ਮਹਿਲ ਤੋਂ ਸ਼ੁਰੂ ਹੋ ਕੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ਼ਾਹੀ ਸਮਾਧਾਂ ਤੱਕ ਪੁੱਜੀ। ਲੋਕਾਂ ਨੇ ਰਸਤੇ ਵਿਚ ਥਾਂ ਥਾਂ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਪਰਨੀਤ ਕੌਰ, ਹਰਪ੍ਰਿਯਾ ਕੌਰ, ਬੀਬਾ ਜੈ ਇੰਦਰ ਕੌਰ, ਗੁਰਪਾਲ ਸਿੰਘ, ਹੇਮਇੰਦਰ ਕੌਰ, ਰੁਪਿੰਦਰ ਕੌਰ, ਕੰਵਰ ਨਟਵਰ ਸਿੰਘ, ਮੇਜਰ ਕੰਵਲਜੀਤ ਸਿੰਘ ਢਿੱਲੋਂ, ਇੰਦਰਜੀਤ ਸਿੰਘ ਜੇਜੀ, ਗੁਰਸ਼ਰਨ ਸਿੰਘ ਜੇਜੀ, ਸਿਮਰਨਜੀਤ ਸਿੰਘ ਮਾਨ, ਇਨਾਇਤਇੰਦਰ ਕੌਰ ਤੇ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਮੌਜੂਦ ਸਨ।
ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਡੀ.ਜੀ.ਪੀ. ਸੁਰੇਸ਼ ਅਰੋੜਾ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੇ ਭੁਪਿੰਦਰ ਸਿੰਘ ਹੁੱਡਾ ਕਾਂਗਰਸੀ ਆਗੂ ਲਾਲ ਸਿੰਘ ਅਤੇ ਉਨ੍ਹਾਂ ਦਾ ਵਿਧਾਇਕ ਪੁੱਤਰ ਰਜਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਅਕਾਲੀ  ਦਲ ਤੋਂ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਕੋਹਲੀ, ਐਨ.ਕੇ. ਸ਼ਰਮਾ, ਹਰਵਿੰਦਰ ਹਰਪਾਲਪੁਰ, ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਮੰਤਰੀ ਬ੍ਰਹਮ ਮਹਿੰਦਰਾ, ਨਵਜੋਤ ਸਿੱਧੂ, ਮਨਪ੍ਰੀਤ ਬਾਦਲ, ਰਾਣਾ ਗੁਰਜੀਤ ਸਿੰਘ ਆਦਿ ਆਗੂਆਂ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਵੇਂ ਅੰਤਿਮ ਰਸਮਾਂ ਵਿੱਚ ਸ਼ਾਮਲ ਨਾ ਹੋ ਸਕੇ, ਪਰ ਉਨ੍ਹਾਂ ਸ਼ਾਮ ਸਮੇਂ ਨਿਊ ਮੋਤੀ ਬਾਗ ਪੈਲੇਸ ਵਿੱਚ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਤੋਤਾ ਸਿੰਘ, ਖਾਦੀ ਬੋਰਡ ਦੇ ਸੀ.ਵਾਈਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਅਤੇ ਯੂਥ ਵਿੰਗ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਹਰਪਾਲ ਜੁਨੇਜਾ ਮੌਜੂਦ ਸਨ।