ਹਾਕੀ ਦੀ ਨਰਸਰੀ ਸੰਸਾਰਪੁਰ ਦੇ ਖੇਡ ਸੰਸਾਰ ਨੂੰ ਸਮਰਪਤ ਹੈ ਪੰਜਾਬੀ ਫ਼ਿਲਮ ‘ਖਿੱਦੋ ਖੂੰਡੀ’

ਹਾਕੀ ਦੀ ਨਰਸਰੀ ਸੰਸਾਰਪੁਰ ਦੇ ਖੇਡ ਸੰਸਾਰ ਨੂੰ ਸਮਰਪਤ ਹੈ ਪੰਜਾਬੀ ਫ਼ਿਲਮ ‘ਖਿੱਦੋ ਖੂੰਡੀ’

ਚੰਡੀਗੜ੍ਹ/ਬਿਊਰੋ ਨਿਊਜ਼
ਰਵਾਇਤੀ ਪੇਂਡੂ ਲੋਕ ਖੇਡ ਵਜੋਂ ਹਰਮਨਪਿਆਰੀ ‘ਖਿੱਦੋ ਖੂੰਡੀ’ ਦੇ ਨਾਂ ਵਾਲੀ ਪੰਜਾਬੀ ਦੀ ਨਵੀਂ ਬਣੀ ਫਿਲਮ ਮਹਿਜ਼ ਹਾਕੀ ਨੂੰ ਨਹੀਂ ਬਲਕਿ ਹਾਕੀ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਸੰਸਾਰਪੁਰ ਦੇ ਖੇਡ ਸੰਸਾਰ ਨੂੰ ਸਮਰਪਤ ਹੈ । ਗੇਂਦ ਅਤੇ ਹਾਕੀ ਸਟਿਕ ਵਾਲੀ ਹਰਮਨਪਿਆਰੀ ਖੇਡ ਹਾਕੀ  ਪੰਜਾਬੀਆਂ ਦੇ ਦਿਲਾਂ ਦੀ ਧੜਕਣ ਹੈ ਅਤੇ ਅਜਿਹੀ ਕੌਮਾਂਤਰੀ ਖੇਡ ਹੈ ਜਿਹੜੀ ਦੁਨੀਆਂ ਦੇ 140 ਦੇਸ਼ਾਂ ਵਿੱਚ ਖੇਡੀ ਜਾਂਦੀ ਹੈ।।
ਹੈਰੇ ਪ੍ਰੋਡਕਸ਼ਨਜ਼, ਰੋਹਿਤ ਜੁਗਰਾਜ ਅਤੇ ਸਗੁਨ ਵਾਘ ਵਲੋਂ ਤਿਆਰ ਕੀਤੀ ਗਈ ਫ਼ਿਲਮ ‘ਖਿੰਦੋ ਖੂੰਡੀ’ ਮਾਰਚ 2018 ‘ਚ ਜਾਰੀ ਕਰਨ ਦੀ ਯੋਜਨਾ ਹੈ। ਫ਼ਿਲਮ ਦੀ ਮਾਰਕੀਟਿੰਗ ਅਤੇ ਪ੍ਰਮੋਸ਼ਨ ਦੀ ਜ਼ਿੰਮੇਦਾਰੀ ਯੂਨੀਸਿਸ ਇਨਫ਼ੋਸਾਲਿਊਸ਼ਨਜ਼ ਐਂਡ ਸਾਗਾ ਮਿਊਜ਼ਿਕ ‘ਤੇ ਰਹੇਗੀ।
ਫਿਲਮ ਦਾ ਨਿਰਦੇਸ਼ਨ ਖ਼ੁਦ ਜੁਗਰਾਜ ਕਰ ਰਹੇ ਹਨ। ਇਸ ਫ਼ਿਲਮ ਨਾਲ ਉਹ ਫਿਲਮ ਨਿਰਮਾਣ ‘ਚ ਵੀ ਪੈਰ ਰੱਖ ਰਹੇ ਹਨ। ਫਿਲਮ ਦੀ ਸਟਾਰ ਕਾਸਟ, ਨਿਰਮਾਣ ਟੀਮ ਅਤੇ ਕੁੱਝ ਹਾਕੀ ਓਲੰਪਿਕ ਖਿਡਾਰੀਆਂ ਨੇ ਪੰਜਾਬੀ ਦੀ ਇਸ ਅਨੋਖੀ ਸਪੋਰਟਸ ਫ਼ਿਲਮ ਬਾਰੇ ਗੱਲਬਾਤ ਕਰਨ ਲਈ ਹੋਟਲ ਜੇ ਡਬਲਿਊ ਮੈਰੀਅਟ ‘ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਹ ਫ਼ਿਲਮ ਜਲੰਧਰ ਨੇੜੇ ਵੱਸੇ ਇਕ ਛੋਟੇ ਜਿਹੇ ਪਿੰਡ ਸੰਸਾਰਪੁਰ ਦੀ ਕਹਾਣੀ ਦਸਦੀ ਹੈ, ਜਿਥੋਂ ਦੇਸ਼ ਨੂੰ 14 ਹਾਕੀ ਓਲੰਪੀਅਨ ਮਿਲ ਚੁੱਕੇ ਹਨ।
ਜਲੰਧਰ ‘ਚ 2013 ਤੋਂ ਕਬੱਡੀ ਲੀਗ ਦਾ ਪ੍ਰਬੰਧ ਕਰਨ ਲਈ ਪ੍ਰਸਿਧ ਕੰਪਨੀ, ਹੈਰੇ ਐਂਟਰਟੇਨਮੈਂਟ ਦੇ ਸੀਈਓ, ਤਲਵਿੰਦਰ ਹੈਰੇ ਨੇ ਕਿਹਾ, ‘ਖੇਡਾਂ ਦੀ ਸਮਾਜ ‘ਚ ਇਕ ਮਹੱਤਵਪੂਰਣ ਭੂਮਿਕਾ ਹੁੰਦੀ ਹੈ, ਇਸ ਲਈ ਅਸੀਂ ਵੀ ਇਨ੍ਹਾਂ ਨੂੰ ਹੁੰਗਾਰਾ ਦੇਣ ‘ਚ ਵਿਸ਼ਵਾਸ ਰਖਦੇ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਫ਼ਿਲਮ ਇਸੇ ਸੋਚ ‘ਤੇ ਖਰੀ ਉਤਰੇਗੀ।’
ਮਿੱਟੀ ਦਾ ਬਾਵਾ ਐਲਬਮ ਨਾਲ ਧੁੰਮਾਂ ਪਾ ਚੁੱਕੇ, ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਇਸ ਫ਼ਿਲਮ ਦੇ ਮੁੱਖ ਹੀਰੋ ਹਨ, ਜਦਕਿ ਇਸਦੀ ਨਾਇਕਾ ਹਨ ਮੈਂਡੀ ਤੱਖੜ, ‘ਸਰਦਾਰਜੀ’ ਅਤੇ ‘ਮਿਰਜ਼ਾ’ ਜਿਹੀਆਂ ਫਿਲਮਾਂ ਤੋਂ ਆਪਣੀ ਪਛਾਣ ਬਣਾ ਚੁਕੀ। ਉਡਤਾ ਪੰਜਾਬ ਅਤੇ ਨਾਮ ਸ਼ਬਾਨਾ ਜਿਹੀਆਂ ਬਾਲੀਵੁੱਡ ਫਿਲਮਾਂ ਦੇ ਲਈ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੇ ਕਲਾਕਾਰ ਮਾਨਵ ਵਿਜ ਵੀ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਦਿਸਣਗੇ। ਇਰਾਨੀ ਮਾਡਲ ਨਾਜ ਨੋਰੌਜੀ ਇਸ ਫ਼ਿਲਮ ਤੋਂ ਅਪਣੇ ਅਦਾਕਾਰੀ ਕੈਰੀਅਰ ਦੀ ਸ਼ੁਰੂਆਤ ਕਰੇਗੀ।