ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਕੰਮਾਂ ‘ਚ ਸੁਧਾਰ ਲਿਆਉਣ ਲਈ ਜ਼ਿੰਮੇਵਾਰੀਆਂ ‘ਚ ਫੇਰ ਬਦਲ

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਕੰਮਾਂ ‘ਚ ਸੁਧਾਰ ਲਿਆਉਣ ਲਈ ਜ਼ਿੰਮੇਵਾਰੀਆਂ ‘ਚ ਫੇਰ ਬਦਲ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਮੁੜ ਕੰਮ ਵੰਡ ਕੀਤੀ ਗਈ ਹੈ। ਇਸ ਤਹਿਤ ਧਰਮ ਪ੍ਰਚਾਰ ਕਮੇਟੀ ਦਾ ਕੰਮ ਵਧੀਕ ਸਕੱਤਰ ਸੁਖਦੇਵ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ, ਜੋ ਪਹਿਲਾਂ ਪ੍ਰਧਾਨ ਦੇ ਪੀਏ ਵਜੋਂ ਨਿਯੁਕਤ ਸਨ। ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਵਜੋਂ ਕੰਮ ਕਰਦੇ ਹਰਭਜਨ ਸਿੰਘ ਮਨਾਵਾਂ ਨੂੰ ਸੈਕਸ਼ਨ 85 ਦੇ ਗੁਰਦੁਆਰੇ ਤੇ ਇਮਾਰਤੀ ਕੰਮਕਾਜ ਸੌਂਪੇ ਗਏ ਹਨ।
ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਮੁੱਖ ਸਕਤਰ, ਸਕੱਤਰ, ਵਧੀਕ ਸਕੱਤਰ ਤੇ ਮੀਤ ਸਕੱਤਰਾਂ ਦੀ ਕੰਮ ਵੰਡ ਵਿੱਚ ਤਬਦੀਲੀ ਕੀਤੀ ਗਈ ਹੈ। ਮੁੱਖ ਸਕੱਤਰ ਹਰਚਰਨ ਸਿੰਘ ਨੂੰ ਦਫ਼ਤਰ ਦੇ ਸਾਰੇ ਪ੍ਰਬੰਧਕੀ ਮਾਮਲੇ, ਆਰਡਰ ਤੇ ਏਜੰਡਾ ਬੁੱਕ ਤੇ ਸਾਰੇ ਵਿਭਾਗਾਂ ਦੇ ਕੰਮ ਦੀ ਨਿਗਰਾਨੀ ਦਾ ਜ਼ਿੰਮਾ ਸੌਂਪਿਆ ਹੈ। ਪ੍ਰਧਾਨ ਨੂੰ ਭੇਜੀਆਂ ਜਾਣ ਵਾਲੀਆਂ ਸਾਰੀਆਂ ਫਾਈਲਾਂ ਵੀ ਮੁੱਖ ਸਕੱਤਰ ਰਾਹੀਂ ਹੀ ਜਾਣਗੀਆਂ। ਸਕੱਤਰ ਰੂਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਂਦੇ ਟਰਸੱਟ, ਗੁਰਦੁਆਰਾ ਸੈਕਸ਼ਨ 87, ਸਿੱਖ ਇਤਿਹਾਸ ਖੋਜ ਬੋਰਡ, ਅਕਾਊਂਟਸ, ਆਡਿਟ, ਬਜਟ, ਖ਼ਰੀਦ, ਪਬਲੀਕੇਸ਼ਨ, ਪ੍ਰੈੱਸ, ਯਾਤਰਾ ਵਿਭਾਗ, ਵਿਦੇਸ਼ ਵਿਭਾਗ ਤੇ ਇੰਟਰਨੈਟ ਵਿਭਾਗ ਸੌਂਪੇ ਗਏ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਲਗਭਗ ਤਿੰਨ ਮਹੀਨੇ ਦੀ ਛੁੱਟੀ ‘ਤੇ ਹਨ। ਉਨ੍ਹਾਂ ਦੀ ਛੁੱਟੀ ਦੀ ਸਥਿਤੀ ਵਿੱਚ ਇਹ ਕੰਮ ਚੰਡੀਗੜ੍ਹ ਤੋਂ ਤਬਦੀਲ ਕੀਤੇ ਗਏ ਸਕੱਤਰ ਅਵਤਾਰ ਸਿੰਘ ਨੂੰ ਸੌਂਪੇ ਗਏ ਹਨ। ਸਕੱਤਰ ਮਨਜੀਤ ਸਿੰਘ, ਜਿਨ੍ਹਾਂ ਨੂੰ ਪਹਿਲਾਂ ਚੰਡੀਗੜ੍ਹ ਤਬਦੀਲ ਕੀਤਾ ਗਿਆ ਸੀ, ਨੂੰ ਹਰਿਆਣਾ ਦੇ ਗੁਰਦੁਆਰਿਆਂ ਦਾ ਕੰਮ ਅਤੇ ਕੁਰੂਕਸ਼ੇਤਰ ਸਬ ਆਫਿਸ ਸਮੇਤ ਸਿੱਖ ਮਿਸ਼ਨ ਹਰਿਆਣਾ ਦਾ ਕੰਮ ਸੌਂਪਿਆ ਗਿਆ ਹੈ। ਸਕੱਤਰ ਅਵਤਾਰ ਸਿੰਘ, ਜੋ ਪਹਿਲਾਂ ਚੰਡੀਗੜ੍ਹ ਉਪ ਦਫ਼ਤਰ ਵਿੱਚ ਸਨ, ਨੂੰ ਹੁਣ ਅੰਮ੍ਰਿਤਸਰ ਤਬਦੀਲ ਕਰਕੇ ਨਿੱਜੀ ਸਕੱਤਰ ਸਮੇਤ ਅਮਲਾ ਵਿਭਾਗ ਤੇ ਖੇਡ ਵਿਭਾਗ ਦਾ ਕੰਮ ਦਿੱਤਾ ਗਿਆ ਹੈ। ਮੁੱਖ ਸਕੱਤਰ ਦੇ ਛੁੱਟੀ ਉਤੇ ਹੋਣ ‘ਤੇ ਆਰਡਰ ਬੁਕ ਦਾ ਕੰਮ ਵੀ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਧੀਕ ਸਕੱਤਰ ਮਹਿੰਦਰ ਸਿੰਘ ਆਹਲੀ ਨੂੰ ਸਿੱਖਿਆ, ਲਾਅ ਵਿਭਾਗ ਅਤੇ ਆਰਟੀਆਈ ਦਾ ਕੰਮ, ਵਧੀਕ ਸਕੱਤਰ ਦਲਜੀਤ ਸਿੰਘ ਬੇਦੀ ਨੂੰ ਗੁਰਦੁਆਰਾ ਗਜਟ ਤੇ ਮੁੱਖ ਸਕੱਤਰ ਦੇ ਨਾਲ ਜੋੜਿਆ ਗਿਆ ਹੈ। ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘ ਨੂੰ ਸੈਕਸ਼ਨ 87 ਦੇ ਗੁਰਦੁਆਰੇ ਅਤੇ ਖ਼ਰੀਦ ਵਿਭਾਗ, ਕੇਵਲ ਸਿੰਘ ਨੂੰ ਖੇਡਾਂ, ਖੇਤੀਬਾੜੀ, ਜਾਇਦਾਦਾਂ ਤੇ ਵਾਤਾਵਰਣ ਦਾ ਕੰਮ ਸੌਂਪਿਆ ਗਿਆ ਹੈ। ਪਰਮਜੀਤ ਸਿੰਘ ਵਧੀਕ ਸਕੱਤਰ, ਜੋ ਪਹਿਲਾਂ ਪੀਏ ਸਨ, ਨੂੰ ਸਬ ਆਫਿਸ ਚੰਡੀਗੜ੍ਹ ਦਾ ਕੰਮ ਅਤੇ ਸਿੱਖ ਇਤਿਹਾਸ ਬੋਰਡ ਦਾ ਕੰਮ, ਬਿਜੈ ਸਿੰਘ ਨੂੰ ਪਬਲੀਕੇਸ਼ਨ ਤੇ ਟਰੱਸਟ ਵਿਭਾਗ, ਪ੍ਰਤਾਪ ਸਿੰਘ ਨੂੰ ਯਾਤਰਾ, ਵਿਦੇਸ਼, ਕੈਂਸਰ ਤੇ ਸਟੇਸ਼ਨਰੀ ਵਿਭਾਗ ਦਾ ਕੰਮ ਦਿੱਤਾ ਹੈ। ਇਸੇ ਤਰ੍ਹਾਂ ਮੀਤ ਸਕੱਤਰਾਂ ਦੇ ਕੰਮ ਵਿੱਚ ਵੀ ਤਬਦੀਲੀ ਕੀਤੀ ਗਈ ਹੈ।