ਟਰੱਕ ਅਪਰੇਟਰਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਵਿੱਢਿਆ ਸੰਘਰਸ਼

ਟਰੱਕ ਅਪਰੇਟਰਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਵਿੱਢਿਆ ਸੰਘਰਸ਼

ਕੈਪਸ਼ਨ- ਟਰੱਕ ਅਪਰੇਟਰਾਂ ਵੱਲੋਂ ਕੀਤੀ ਰੈਲੀ ਦਾ ਦ੍ਰਿਸ਼।
ਪਟਿਆਲਾ/ਬਿਊਰੋ ਨਿਊਜ਼ :
ਕੈਪਟਨ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਖ਼ਿਲਾਫ਼ ਪੰਜਾਬ ਦੇ ਹਜ਼ਾਰਾਂ ਟਰੱਕ ਅਪਰੇਟਰਾਂ ਨੇ ਇੱਥੇ ਰੈਲੀ ਕਰ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ ਹੈ। ਟਰੱਕ ਯੂਨੀਅਨਾਂ ਨਾਲ ਸਬੰਧਤ ਕਾਂਗਰਸ, ਅਕਾਲੀ ਦਲ ਤੇ ‘ਆਪ’ ਸਮੇਤ ਹੋਰ ਸਿਆਸੀ ਧਿਰਾਂ ਦੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਪ੍ਰਣ ਲਿਆ। ਰੈਲੀ ਦੌਰਾਨ 9 ਜੁਲਾਈ ਨੂੰ ਢੋਆ-ਢੁਆਈ ਦਾ ਬਾਈਕਾਟ ਕਰ ਕੇ 134 ਯੂਨੀਅਨਾਂ ਵਿਚਲੇ 93 ਹਜ਼ਾਰ ਟਰੱਕਾਂ ਦਾ ਚੱਕਾ ਜਾਮ ਰੱਖਣ ਦਾ ਐਲਾਨ ਕੀਤਾ ਗਿਆ।
‘ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ’ ਦੇ ਸੂਬਾ ਪ੍ਰਧਾਨ ਹੈਪੀ ਸੰਧੂ ਅਤੇ ਸਥਾਨਕ ਪ੍ਰਧਾਨ ਹਰਵਿੰਦਰ ਸਿੰਘ ਨੀਟਾ ਦੀ ਅਗਵਾਈ ਵਿੱਚ ਇੱਥੇ ਨਵੀਂ ਅਨਾਜ ਮੰਡੀ ਵਿਚ ਹੋਈ ਇਸ ਰੈਲੀ ਵਿੱਚ ਕਈ ਹਜ਼ਾਰ ਟਰੱਕ ਅਪਰੇਟਰ ਸ਼ਾਮਲ ਹੋਏ। ਕਈ ਬੁਲਾਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ‘ਤੇ ਵੀ ਜ਼ੋਰ ਦਿੱਤਾ ਪਰ ਸੂਬਾ ਪ੍ਰਧਾਨ ਹੈਪੀ ਸੰਧੂ ਦਾ ਕਹਿਣਾ ਸੀ ਕਿ ਕੋਈ ਵੀ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਸਰਕਾਰ ਨੂੰ ਸੋਚਣ ਦਾ ਮੌਕਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ। ਵੱਡੇ ਇਕੱਠ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਆਪਣਾ ਫ਼ੈਸਲਾ ਨਾ ਬਦਲਿਆ ਤਾਂ ਉਸ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ। ਸੂਬਾਈ ਆਗੂ ਰਾਮਪਾਲ ਸਿੰਘ ਬਹਿਣੀਵਾਲ ਨੇ ਸਰਕਾਰ ਵੱਲੋਂ ਇਹ ਫ਼ਰਮਾਨ ਵਾਪਸ ਲਏ ਜਾਣ ਦੀ ਮੰਗ ਰੱਖੀ।
ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਚੇਅਰਮੈਨ ਕੁਲਤਾਰਨ ਸਿੰਘ ਅਟਵਾਲ ਅਤੇ ਹਿਮਾਚਲ ਇਕਾਈ ਤੋਂ ਪੁੱਜੇ ਬੱਦੀ ਟਰੱਕ ਯੂਨੀਅਨ ਦੇ ਸਕੱਤਰ ਕ੍ਰਿਸ਼ਨ ਸੈਣੀ ਨੇ ਵੀ ਇਨ੍ਹਾਂ ਟਰੱਕ ਅਪਰੇਟਰਾਂ ਦੀ ਹਮਾਇਤ ਦਾ ਐਲਾਨ ਕੀਤਾ।
‘ਆਪ’ ਟਰੱਕ ਅਪਰੇਟਰਾਂ ਦੇ ਹੱਕ ‘ਚ ਆਈ :
ਟਰੱਕ ਅਪਰੇਟਰਾਂ ਦੀ ਪਟਿਆਲਾ ਰੈਲੀ ਵਿੱਚ ਪੁੱਜੇ ਗੜ੍ਹਸ਼ੰਕਰ ਤੋਂ ‘ਆਪ’ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਇਸ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਸ੍ਰੀ ਰੋੜੀ ਨੇ ਕਿਹਾ ਕਿ ‘ਆਪ’ ਟਰੱਕ ਅਪਰੇਟਰਾਂ ਦੀ ਆਵਾਜ਼ ਬਣੇਗੀ ਤੇ ਉਹ ਇਹ ਮਾਮਲਾ ਵਿਧਾਨ ਸਭਾ ਵਿੱਚ ਉਠਾਉਣਗੇ।