ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੂੰ ਮਿਲਿਆ ਧਮਕੀ ਪੱਤਰ

ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੂੰ ਮਿਲਿਆ ਧਮਕੀ ਪੱਤਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਧਮਕੀ ਪੱਤਰ ਭੇਜਿਆ ਗਿਆ ਹੈ। ਇਹ ਧਮਕੀ ਪੱਤਰ ਉਨ੍ਹਾਂ ਦੇ ਜੱਦੀ ਘਰ ਪਿੰਡ ਆਰਿਫਕੇ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਭੇਜਿਆ ਗਿਆ। ਪੱਤਰ ਬਾਰੇ ਉਨ੍ਹਾਂ ਪੰਜਾਬ ਪੁਲੀਸ ਦੇ ਡੀਜੀਪੀ, ਪੁਲੀਸ ਕਮਿਸ਼ਨਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੂੰ ਸੂਚਿਤ ਕੀਤਾ ਹੈ।
ਦੋ ਸਫ਼ਿਆਂ ਦਾ ਇਹ ਪੱਤਰ ਸਕੂਲੀ ਕਾਪੀ ਦੇ ਪੰਨਿਆਂ ‘ਤੇ ਪੰਜਾਬੀ ਵਿਚ ਲਿਖਿਆ ਹੋਇਆ ਹੈ। ਇਹ ਪੱਤਰ ਉਨ੍ਹਾਂ ਦੇ ਜੱਦੀ ਘਰ ਦੇ ਬਾਹਰ ਲੱਗੇ ਤਾਲੇ ਨਾਲ ਲਟਕੇ ਥੈਲੇ ਵਿਚ ਸੀ, ਜਿਸ ਨੂੰ ਉਨ੍ਹਾਂ ਦੇ ਭਰਾ (ਤਾਏ ਦੇ ਪੁੱਤ) ਨੇ ਦੇਖਿਆ ਅਤੇ ਇਸ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਹੈ। ਇਸ ਪੱਤਰ ਵਿਚ ਸਾਬਕਾ ਜਥੇਦਾਰ ਦਾ ਨਾਂ ਨਹੀਂ ਲਿਖਿਆ ਗਿਆ ਪਰ ਭੱਦੀ ਸ਼ਬਦਾਵਲੀ ਲਿਖੀ ਗਈ ਹੈ। ਪੱਤਰ ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ‘ਗੁਰੂ ਜੀ’ ਆਖਿਆ ਗਿਆ ਹੈ। ਪੱਤਰ ਵਿਚ ਧਮਕੀ ਦਿੱਤੀ ਹੈ ਕਿ ਸਾਬਕਾ ਜਥੇਦਾਰ ਆਪਣੇ ਪਿੰਡ ਵਿਚ ਮੁੜ ਗੁਰਮਤਿ ਸਮਾਗਮ ਕਰ ਕੇ ਦੇਖਣ। ਇਸ ਸਬੰਧੀ ਭਾਈ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਪੱਤਰ ਬਾਰੇ ਉਸ ਦੇ ਭਰਾ ਨੇ ਪਿੰਡ ਤੋਂ ਸੂਚਿਤ ਕੀਤਾ ਹੈ ਅਤੇ ਪੱਤਰ ਦੀ ਕਾਪੀ ਭੇਜ ਦਿੱਤੀ ਹੈ, ਜਿਸ ਬਾਰੇ ਉਨ੍ਹਾਂ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ, ਸ਼ਹਿਰ ਦੇ ਪੁਲੀਸ ਕਮਿਸ਼ਨਰ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੂੰ ਪੱਤਰ ਦੀਆਂ ਕਾਪੀਆਂ ਭੇਜ ਕੇ ਜਾਣੂ ਕਰਵਾ ਦਿੱਤਾ ਹੈ, ਜਿਨ੍ਹਾਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਆਪਣੇ ਪਿੰਡ ਤੇ ਹੋਰ ਥਾਵਾਂ ‘ਤੇ ਗੁਰਮਤਿ ਸਮਾਗਮਾਂ ਅਤੇ ਡੇਰੇ ਦੇ ਭੰਡੀ ਪ੍ਰਚਾਰ ਖ਼ਿਲਾਫ਼ ਕੀਤੇ ਸਮਾਗਮਾਂ ਕਾਰਨ ਹੀ ਸ਼ਾਇਦ ਇਹ ਧਮਕੀ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਉਨ੍ਹਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਆਖਿਆ ਕਿ ਉਹ ਆਪਣੇ ਜੱਦੀ ਪਿੰਡ ਤੇ ਹੋਰ ਥਾਵਾਂ ‘ਤੇ ਪਹਿਲਾਂ ਵਾਂਗ ਹੀ ਗੁਰਮਤਿ ਸਮਾਗਮ ਜਾਰੀ ਰੱਖਣਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਆਖਿਆ ਕਿ ਪੱਤਰ ਬਾਰੇ ਜਾਣਕਾਰੀ ਮਿਲੀ ਹੈ ਅਤੇ ਸਾਬਕਾ ਜਥੇਦਾਰ ਦੀ ਸੁਰੱਖਿਆ ਲਈ ਲੋੜ ਮੁਤਾਬਕ ਕਦਮ ਚੁੱਕੇ ਜਾਣਗੇ।