ਸਿੱਖ ਕਤਲੇਆਮ : ਹਾਈ ਕੋਰਟ ਨੇ ਕਿਹਾ- ਪੰਜ ਕੇਸਾਂ ਦੀ ਮੁੜ ਸੁਣਵਾਈ ਦੀ ਲੋੜ

ਸਿੱਖ ਕਤਲੇਆਮ  : ਹਾਈ ਕੋਰਟ ਨੇ ਕਿਹਾ- ਪੰਜ ਕੇਸਾਂ ਦੀ ਮੁੜ ਸੁਣਵਾਈ ਦੀ ਲੋੜ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਹਾਈ ਕੋਰਟ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਪੰਜ ਕੇਸਾਂ ਦੀ ਮੁੜ ਸੁਣਵਾਈ ਤੇ ਮੁੜ ਪੜਤਾਲ ਬਾਰੇ ਸੀਬੀਆਈ ਦਾ ਪੱਖ ਸੁਣਨ ਦੀ ਲੋੜ ਹੈ। ਇਨ੍ਹਾਂ ਕੇਸਾਂ ਵਿੱਚ ਸਾਰੇ ਪੰਜ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਅਤੇ ਇਨ੍ਹਾਂ ਪੰਜ ਕੇਸਾਂ ਵਿੱਚ ਉਸ ਦਾ ਜਵਾਬ ਮੰਗਿਆ ਹੈ। ਇਨ੍ਹਾਂ ਮਾਮਲਿਆਂ ਦੇ ਮੁਲਜ਼ਮਾਂ ਤੇ ਸ਼ਿਕਾਇਤਕਰਤਾਵਾਂ ਨੂੰ ਪਹਿਲਾਂ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਅਦਾਲਤ ਨੂੰ ਦੱਸਿਆ ਗਿਆ ਕਿ ਸਾਰੇ ਮੁਲਜ਼ਮਾਂ ਤੇ ਸ਼ਿਕਾਇਤਕਰਤਾਵਾਂ ਨੂੰ ਨੋਟਿਸ ਜਾਰੀ ਨਹੀਂ ਕੀਤਾ ਗਿਆ ਕਿਉਂਕਿ ਕੁਝ ਮੁਲਜ਼ਮਾਂ ਦੀ ਮੌਤ ਹੋ ਚੁੱਕੀ ਹੈ ਜਾਂ ਉਨ੍ਹਾਂ ਦੇ ਸਿਰਨਾਵੇਂ ਗਲਤ ਹਨ।
ਅਦਾਲਤ ਨੇ ਦਿੱਲੀ ਛਾਉਣੀ ਥਾਣੇ ਦੇ ਐਸਐਚਓ ਨੂੰ ਆਦੇਸ਼ ਦਿੱਤਾ ਕਿ ਜਿਹੜੇ ਨੋਟਿਸ ਵਾਪਸ ਆਏ ਹਨ, ਉਹ ਸਹੀ ਪਤੇ ਉਤੇ ਭੇਜਣੇ ਯਕੀਨੀ ਬਣਾਏ ਜਾਣ। ਬੈਂਚ ਨੇ ਸਾਬਕਾ ਕੌਂਸਲਰ ਬਲਵਾਨ ਖੋਖਰ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਸਣੇ 11 ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਸੀ। ਇਹ ਨੋਟਿਸ ਦਿੱਲੀ ਛਾਉਣੀ ਇਲਾਕੇ ਵਿੱਚ 1 ਤੇ 2 ਨਵੰਬਰ 1984 ਨੂੰ ਹੋਏ ਕਤਲੇਆਮ ਬਾਰੇ ਸ਼ਿਕਾਇਤਾਂ ਉਤੇ ਜਾਰੀ ਹੋਏ।