ਕੈਪਟਨ ਦੇ ਰਾਜ ‘ਚ ਹੁਣ ‘ਹਲਕਾ ਸੇਵਾਦਾਰ’ ਹੋਏ ਪ੍ਰਗਟ
ਕੈਪਸ਼ਨ-ਫਾਇਰ ਬ੍ਰਿਗੇਡ ਦੀ ਨਵੀਂ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੀ ਹੋਈ ਕਾਂਗਰਸੀ ਆਗੂ ਮੰਜੂ ਬਾਂਸਲ।
ਬਠਿੰਡਾ ਚਰਨਜੀਤ ਭੁੱਲਰ :
ਕੈਪਟਨ ਹਕੂਮਤ ਵਿੱਚ ਹੁਣ ‘ਹਲਕਾ ਸੇਵਾਦਾਰ’ ਪ੍ਰਗਟ ਹੋ ਗਏ ਹਨ। ਗੱਠਜੋੜ ਸਰਕਾਰ ਸਮੇਂ ‘ਹਲਕਾ ਇੰਚਾਰਜ’ ਸਨ, ਜਿਨ੍ਹਾਂ ਦੀ ਥਾਂ ਹੁਣ ‘ਹਲਕਾ ਸੇਵਾਦਾਰ’ ਲੈਣ ਲੱਗੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਹਲਕਾ ਇੰਚਾਰਜ ਦੀ ਪ੍ਰਥਾ ਖ਼ਤਮ ਕੀਤੀ ਜਾਵੇਗੀ। ਕਾਂਗਰਸ ਸਰਕਾਰ ਨੇ ਥਾਣਿਆਂ ਦੀ ਪੁਰਾਣੀ ਹੱਦਬੰਦੀ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਭਾਵੇਂ ‘ਹਲਕਾ ਇੰਚਾਰਜ’ ਦਾ ਗੈਰ ਸੰਵਿਧਾਨਕ ਅਹੁਦਾ ਖ਼ਤਮ ਕਰ ਦਿੱਤਾ ਗਿਆ ਹੈ ਪਰ ਕਾਂਗਰਸ ਦੇ ਹਾਰੇ ਹੋਏ ਉਮੀਦਵਾਰ ਹੁਣ ਬਤੌਰ ‘ਹਲਕਾ ਸੇਵਾਦਾਰ’ ਕੰਮ ਕਰਨ ਲੱਗੇ ਹਨ।
ਬਠਿੰਡਾ, ਮਾਨਸਾ, ਫ਼ਰੀਦਕੋਟ ਤੇ ਬਰਨਾਲਾ ਦੇ ਹਾਰੇ ਹੋਏ ਕਾਂਗਰਸੀ ਉਮੀਦਵਾਰ ਲੋਕ ਇਕੱਠਾਂ ਵਿੱਚ ਆਪਣੇ ਆਪ ਨੂੰ ‘ਹਲਕਾ ਸੇਵਾਦਾਰ’ ਵਜੋਂ ਪੇਸ਼ ਕਰਦੇ ਹਨ। ਅਪ੍ਰੈਲ ਦੇ ਦੂਜੇ ਹਫ਼ਤੇ ਜਦੋਂ ਖਰੀਦ ਕੇਂਦਰਾਂ ਵਿੱਚ ਕਣਕ ਦੀ ਫਸਲ ਪੁੱਜੀ ਤਾਂ ਕਾਂਗਰਸ ਦੇ ਹਾਰੇ ਹੋਏ ਉਮੀਦਵਾਰਾਂ ਨੇ ਖਰੀਦ ਏਜੰਸੀਆਂ ਦੇ ਅਫ਼ਸਰਾਂ ਦੀ ਹਾਜ਼ਰੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਾਈ। ਪੰਜ ਜ਼ਿਲ੍ਹਿਆਂ ਦੇ ਕਰੀਬ ਸੱਤ ਅੱਠ ਹਾਰੇ ਕਾਂਗਰਸੀ ਉਮੀਦਵਾਰਾਂ ਨੇ ਖਰੀਦ ਅਫਸਰਾਂ ਨੂੰ ਜ਼ੁਬਾਨੀ ਹਦਾਇਤਾਂ ਵੀ ਦਿੱਤੀਆਂ। ਪੁਲੀਸ ਅਫਸਰ ਵੀ ਇਨ੍ਹਾਂ ਹਲਕਾ ਸੇਵਾਦਾਰਾਂ ਦੇ ਫੋਨ ਉਡੀਕਦੇ ਹਨ। ਸਰਕਾਰੀ ਅਫਸਰ ਹਲਕੇ ਵਿਚਲੇ ਕਿਸੇ ਵੀ ਖਾਸ ਕੰਮ ਨੂੰ ਹਲਕਾ ਸੇਵਾਦਾਰਾਂ ਤੋਂ ਪੁੱਛੇ ਬਿਨਾਂ ਨਹੀਂ ਕਰਦੇ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਰੇ ਹੋਏ ਉਮੀਦਵਾਰ ਹੀ ਪੁਲੀਸ ਅਤੇ ਸਿਵਲ ਅਫਸਰਾਂ ਨੂੰ ਹਦਾਇਤਾਂ ਦਿੰਦੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਜਿਨ੍ਹਾਂ ਮਾਨਸਾ ਹਲਕੇ ਤੋਂ ਚੋਣ ਲੜੀ ਸੀ, ਦਾ ਪ੍ਰਤੀਕਰਮ ਸੀ ਕਿ ਹੁਣ ਕਾਂਗਰਸੀ ਨੇਤਾ ਨਵੀਂ ਸਰਕਾਰ ਦੇ ‘ਹਲਕਾ ਸੇਵਾਦਾਰ’ ਬਣ ਕੇ ਹਰ ਤਰ੍ਹਾਂ ਦੇ ਪ੍ਰਸ਼ਾਸਨਿਕ ਕੰਮਾਂ ਵਿੱਚ ਦਖ਼ਲ ਦੇ ਰਹੇ ਹਨ। ਪੇਂਡੂ ਵਿਕਾਸ ਮਹਿਕਮੇ ਦੇ ਅਫ਼ਸਰਾਂ ਨੂੰ ਕਾਂਗਰਸ ਦੇ ਹਾਰੇ ਉਮੀਦਵਾਰ ਹਦਾਇਤਾਂ ਜਾਰੀ ਕਰ ਰਹੇ ਹਨ ਅਤੇ ਥਾਣੇਦਾਰ ਉਨ੍ਹਾਂ ਨੂੰ ਪੁੱਛ ਕੇ ਫੈਸਲੇ ਲੈਂਦੇ ਹਨ। ‘ਆਪ’ ਦੀ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਹਲਕੇ ਵਿੱਚ ਵਿਸਾਖੀ ਮੇਲੇ ਮੌਕੇ ਆਮ ਲੋਕਾਂ ਲਈ ਕੀਤੇ ਗਏ ਪ੍ਰਸ਼ਾਸਨਿਕ ਪ੍ਰਬੰਧਾਂ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੀ ਥਾਂ ਹਾਰੇ ਹੋਏ ਕਾਂਗਰਸੀ ਉਮੀਦਵਾਰ ਨੂੰ ਅਫਸਰਾਂ ਨੇ ਮਾਣ-ਸਨਮਾਨ ਦਿੱਤਾ। ਹਲਕਾ ਤਲਵੰਡੀ ਸਾਬੋ ਦੇ ਕਾਂਗਰਸੀ ਉਮੀਦਵਾਰ ਖੁਸ਼ਬਾਜ ਜਟਾਣਾ ਨੇ ਸਪਸ਼ਟ ਕੀਤਾ ਕਿ ਉਹ ਤਾਂ ਚੋਣ ਲੜਨ ਤੋਂ ਪਹਿਲਾਂ ਵੀ ਕਿਸਾਨਾਂ ਦੀ ਹਮਾਇਤ ਵਿੱਚ ਮੰਡੀਆਂ ਵਿੱਚ ਜਾਂਦਾ ਸੀ ਅਤੇ ਹੁਣ ਵੀ ਉਹ ਬਤੌਰ ਕਾਂਗਰਸੀ ਆਗੂ ਖਰੀਦ ਕੇਂਦਰਾਂ ਵਿੱਚ ਆੜ੍ਹਤੀਆਂ ਦੇ ਸੱਦੇ ‘ਤੇ ਜਾਂਦਾ ਹੈ।
ਮਾਨਸਾ ਵਿੱਚ ਕਾਂਗਰਸ ਦੀ ਹਾਰੀ ਉਮੀਦਵਾਰ ਮੰਜੂ ਬਾਂਸਲ ਵੱਲੋਂ ਨਗਰ ਕੌਂਸਲ ਨੂੰ ਮਿਲੀ ਨਵੀਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਿਸ ‘ਤੇ ਇਤਰਾਜ਼ ਵੀ ਉੱਠੇ ਸਨ। ਹਲਕਾ ਭਦੌੜ ਤੋਂ ‘ਆਪ’ ਵਿਧਾਇਕ ਪਿਰਮਲ ਸਿੰਘ ਦਾ ਕਹਿਣਾ ਹੈ ਕਿ ਕੁਝ ਵੀ ਨਹੀਂ ਬਦਲਿਆ ਹੈ ਅਤੇ ਹਾਰੇ ਉਮੀਦਵਾਰ ਆਪਣੇ ਆਪ ਨੂੰ ‘ਹਲਕਾ ਸੇਵਾਦਾਰ’ ਵਜੋਂ ਪੇਸ਼ ਕਰ ਕੇ ਪਿੰਡਾਂ ਵਿੱਚੋਂ ਲੋਕਾਂ ਤੋਂ ਹੋਣ ਵਾਲੇ ਵਿਕਾਸ ਕੰਮਾਂ ਦੀਆਂ ਸੂਚੀਆਂ ਮੰਗ ਰਹੇ ਹਨ। ਵਿਰੋਧੀ ਧਿਰ ਦੇ ਵਿਧਾਇਕਾਂ ਨੇ ਕਿਹਾ ਕਿ ਕੇਵਲ ਥਾਣਿਆਂ ਦੀ ਹੱਦਬੰਦੀ ਬਦਲਣ ਨਾਲ ‘ਹਲਕਾ ਇੰਚਾਰਜ’ ਪ੍ਰਬੰਧ ਖ਼ਤਮ ਹੋਣ ਵਾਲਾ ਨਹੀਂ ਹੈ।
ਉਨ੍ਹਾਂ ਆਖਿਆ ਕਿ ਜਦੋਂ ਤੱਕ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾਂਦਾ ਅਤੇ ਵਿਕਾਸ ਦੇ ਕੰਮਾਂ ਵਿੱਚ ਭਾਈਵਾਲ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਹਲਕਾ ਇੰਚਾਰਜੀ ਸਿਸਟਮ ਖ਼ਤਮ ਨਹੀਂ ਹੋਵੇਗਾ।
Comments (0)