ਕੈਪਟਨ ਸਰਕਾਰ ਨੇ ਸ਼ਰਾਬ ‘ਤੇ ‘ਗਊ ਸੈੱਸ’ ਤੋਂ ਟਾਲਾ ਵੱਟਿਆ, ‘ਵਿਕਾਸ ਸੈੱਸ’ ਠੋਕਿਆ

ਕੈਪਟਨ ਸਰਕਾਰ ਨੇ ਸ਼ਰਾਬ ‘ਤੇ ‘ਗਊ ਸੈੱਸ’ ਤੋਂ ਟਾਲਾ ਵੱਟਿਆ, ‘ਵਿਕਾਸ ਸੈੱਸ’ ਠੋਕਿਆ

ਬਠਿੰਡਾ/ਬਿਊਰੋ ਨਿਊਜ਼ :
ਕੈਪਟਨ ਸਰਕਾਰ ਨੇ ਸ਼ਰਾਬ ‘ਤੇ ‘ਗਊ ਸੈੱਸ’ ਲਾਉਣ ਤੋਂ ਪਾਸਾ ਵੱਟ ਲਿਆ ਹੈ ਜਦੋਂ ਕਿ ਸ਼ਰਾਬ ਉਤੇ ਲਾਏ ‘ਵਿਕਾਸ ਸੈੱਸ’ ਵਿੱਚ ਵਾਧਾ ਕਰ ਦਿੱਤਾ ਹੈ। ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਐਤਕੀਂ ਆਟਾ ਦਾਲ ਸੈੱਸ, ਸਿੱਖਿਆ ਤੇ ਖੇਡ ਸੈੱਸ, ਕਲਚਰਲ ਸੈੱਸ ਨਹੀਂ ਲਾਇਆ ਗਿਆ। ਐਕਸਾਈਜ਼ ਨੀਤੀ 2017-18 ਵਿਚ ‘ਸਪੈਸ਼ਲ ਵਿਕਾਸ ਫੀਸ’ ਲਾਈ ਗਈ ਹੈ। ਗਠਜੋੜ ਸਰਕਾਰ ਨੇ ਪਹਿਲਾਂ ਕਈ ਤਰ੍ਹਾਂ ਦੇ ਸੈੱਸ ਲਾਏ ਸਨ, ਜੋ 29 ਰੁਪਏ ਪ੍ਰਤੀ ਪਰੂਫ ਲਿਟਰ ਬਣਦੇ ਸਨ। ਕੈਪਟਨ ਸਰਕਾਰ ਨੇ 29 ਰੁਪਏ ਤੋਂ ਵਧਾ ਕੇ 40 ਰੁਪਏ ਪ੍ਰਤੀ ਪਰੂਫ ਲਿਟਰ ‘ਸਪੈਸ਼ਲ ਵਿਕਾਸ ਫੀਸ’ ਲਗਾ ਦਿੱਤੀ ਹੈ। ਪਰ ‘ਗਊ ਸੈੱਸ’ ਦਾ ਤਕਰੀਬਨ 200 ਕਰੋੜ ਦਾ ਭਾਰ ਪਾਉਣ ਤੋਂ ਕਿਨਾਰਾ ਕਰ ਲਿਆ ਹੈ।
ਗਠਜੋੜ ਸਰਕਾਰ ਸਮੇਂ ਸ਼ਰਾਬ ‘ਤੇ ‘ਗਊ ਸੈੱਸ’ ਲਾਏ ਜਾਣ ਦਾ ਨੋਟੀਫਿਕੇਸ਼ਨ ਕੀਤਾ ਗਿਆ ਸੀ ਪਰ ਠੇਕੇਦਾਰਾਂ ਨੇ ਇਹ ਭਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਐਕਸਾਈਜ਼ ਨੀਤੀ ਵਿੱਚ ਇਸ ਦੀ ਵਿਵਸਥਾ ਨਹੀਂ ਕੀਤੀ ਗਈ। ਹੁਣ ਮਾਲੀ ਵਰ੍ਹੇ 2017-18 ਦੀ ਐਕਸਾਈਜ਼ ਨੀਤੀ ਵਿੱਚ ‘ਗਊ ਸੈੱਸ’ ਦੀ ਵਿਵਸਥਾ ਨਹੀਂ ਕੀਤੀ ਗਈ, ਜਿਸ ਤੋਂ ਸਪਸ਼ਟ ਹੈ ਕਿ ਸ਼ਰਾਬ ਉਤੇ ‘ਗਊ ਸੈੱਸ’ ਨਹੀਂ ਲੱਗੇਗਾ। ਪੰਜਾਬ ਰਾਜ ਗਊ ਕਮਿਸ਼ਨ ਦੇ ਚੇਅਰਮੈਨ ਕੀਮਤੀ ਲਾਲ ਭਗਤ ਨੇ ਕਿਹਾ ਕਿ ਪਿਛਲੇ ਵਰ੍ਹੇ ਵੀ ਆਬਕਾਰੀ ਮਹਿਕਮੇ ਨੇ ਸ਼ਰਾਬ ਤੋਂ ‘ਗਊ ਸੈੱਸ’ ਦੇ 200 ਕਰੋੜ ਰੁਪਏ ਨਹੀਂ ਵਸੂਲੇ ਸਨ ਅਤੇ ਐਤਕੀਂ ਵੀ ਇਸ ਮਾਮਲੇ ‘ਤੇ ਪਾਲਸੀ ਚੁੱਪ ਹੈ। ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਵੀ ਲਿਖਿਆ ਹੈ ਅਤੇ ਖ਼ੁਦ ਵੀ ਉਹ ਮੁੱਖ ਮੰਤਰੀ ਨੂੰ ਮਿਲਣਗੇ ਤਾਂ ਜੋ ਗਊ ਧਨ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਜਾਰੀ ਰਹਿਣ।
ਸੂਤਰਾਂ ਮੁਤਾਬਕ ਨਵੇਂ ਠੇਕੇ ਲੈਣ ਦੇ ਚਾਹਵਾਨ ਇਸ ਗੱਲੋਂ ਖੁਸ਼ ਹਨ ਕਿ ਉਨ੍ਹਾਂ ਦਾ ਬਚਾਅ ਹੋ ਗਿਆ ਹੈ। ਦੂਜੇ ਪਾਸੇ ਸ਼ਰਾਬੀਆਂ ਨੂੰ ਐਤਕੀਂ ਭਲਾਈ ਸਕੀਮਾਂ ਦਾ ਬੋਝ ਜ਼ਿਆਦਾ ਚੁੱਕਣਾ ਪਵੇਗਾ। ਨਜ਼ਰ ਮਾਰੀਏ ਤਾਂ ਪਹਿਲਾਂ ਹਰ ਤਰ੍ਹਾਂ ਦਾ 23 ਰੁਪਏ ਪ੍ਰਤੀ ਪਰੂਫ ਲਿਟਰ ਸੈੱਸ ਵਸੂਲ ਕੀਤਾ ਜਾਂਦਾ ਸੀ, ਜਿਸ ਵਿੱਚ ਸਾਲ 2016-17 ਵਿੱਚ ਵਾਧਾ ਕਰਕੇ 29 ਰੁਪਏ ਕਰ ਦਿੱਤਾ। ਹੁਣ ਇਸ ਸੈੱਸ ਦੀ ਥਾਂ ‘ਸਪੈਸ਼ਲ ਵਿਕਾਸ ਫੀਸ’ 40 ਰੁਪਏ ਪ੍ਰਤੀ ਪਰੂਫ ਲਿਟਰ ਲਗਾ ਦਿੱਤੀ ਹੈ। ਪਹਿਲਾਂ ਇਹ ਸੈੱਸ ‘ਐਡੀਸ਼ਨਲ ਲਾਇਸੈਂਸ ਫੀਸ’ ਤਹਿਤ ਵਸੂਲੇ ਜਾਂਦੇ ਸਨ। ਇਸੇ ਤਰ੍ਹਾਂ ਬੀਅਰ ‘ਤੇ ਵੀ 10 ਰੁਪਏ ਪ੍ਰਤੀ ਬਲਕ ਲਿਟਰ ‘ਸਪੈਸ਼ਲ ਫੀਸ’ ਲਾਈ ਗਈ ਹੈ। ਐਡੀਸ਼ਨਲ ਕਰ ਅਤੇ ਆਬਕਾਰੀ ਕਮਿਸ਼ਨਰ ਦਾ ਕਹਿਣਾ ਸੀ ਕਿ ‘ਗਊ ਸੈੱਸ’ ਦੀ ਨਵੀਂ ਨੀਤੀ ਵਿੱਚ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ ਅਤੇ ‘ਸਪੈਸ਼ਲ ਲਾਇਸੈਂਸ ਫੀਸ’ 40 ਰੁਪਏ ਪ੍ਰਤੀ ਪਰੂਫ ਲਿਟਰ ਲਾਈ ਗਈ ਹੈ।