ਲੰਡਨ ‘ਚ ਹੋਵੇਗੀ ਸਿੱਖ ਰਾਜ ਦੀਆਂ ਸ਼ਾਹੀ ਵਸਤਾਂ ਦੀ ਨਿਲਾ

ਲੰਡਨ ‘ਚ ਹੋਵੇਗੀ ਸਿੱਖ ਰਾਜ ਦੀਆਂ ਸ਼ਾਹੀ ਵਸਤਾਂ ਦੀ ਨਿਲਾ

ਲੰਡਨ/ਬਿਊਰੋ ਨਿਊਜ਼ :

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਬਣਾਏ ਗਏ ਸੋਨੇ ਦੀ ਕਢਾਈ ਅਤੇ ਮਖਮਲੀ ਚਮੜੇ ਵਾਲੇ ਤਰਕਸ਼ ਅਤੇ ਮਹਾਰਾਣੀ ਜਿੰਦਾਂ ਵੱਲੋਂ ਪਹਿਨੇ ਗਏ ਸੁੱਚੇ ਮੋਤੀਆਂ ਦੇ ਹਾਰ ਦੀ ਬੋਲੀ ਲੱਗੇਗੀ। ਇਹ ਨਿਲਾਮੀ ਲੰਡਨ ‘ਚ ਇਸ ਮਹੀਨੇ ਦੇ ਅਖੀਰ ‘ਚ ਹੋਵੇਗੀ। ਮੰਨਿਆ ਜਾਂਦਾ ਹੈ ਕਿ ਇਹ ਖਾਸ ਤਰਕਸ਼ ਜੰਗ ‘ਚ ਵਰਤਣ ਦੀ ਬਜਾਏ ਸ਼ਾਨੋ- ਸ਼ੌਕਤ ਵਾਸਤੇ ਉਚੇਚੇ ਸਮਾਗਮਾਂ ਲਈ ਬਣਾਇਆ ਗਿਆ ਸੀ। ਨਿਲਾਮੀ ਦੌਰਾਨ ਇਸ ਬੇਸ਼ਕੀਮਤੀ ਤਰਕਸ਼ ਦੀ ਬੋਲੀ 80 ਹਜ਼ਾਰ ਪੌਂਡ ਤੋਂ ਲੈ ਕੇ ਇਕ ਲੱਖ 20 ਹਜ਼ਾਰ ਪੌਂਡ ਦਰਮਿਆਨ ਲੱਗਣ ਦਾ ਅੰਦਾਜ਼ਾ ਹੈ। ਬੋਨਹਾਮਸ ਇਸਲਾਮਿਕ ਅਤੇ ਇੰਡੀਅਨ ਆਰਟ ਸੇਲ ਵੱਲੋਂ 23 ਅਕਤੂਬਰ ਨੂੰ ਇਸ ਤਰਕਸ਼ ਦੀ ਨਿਲਾਮੀ ਕੀਤੀ ਜਾਵੇਗੀ।
ਇਸ ਦੌਰਾਨ ਮਹਾਰਾਣੀ ਜਿੰਦਾਂ ਵੱਲੋਂ ਪਹਿਨੇ ਗਏ ਸੁੱਚੇ ਮੋਤੀਆਂ ਦੇ ਹਾਰ ਦੀ ਬੋਲੀ ਵੀ ਲੱਗੇਗੀ। ਭਾਰਤੀ ਅਤੇ ਇਸਲਾਮਿਕ ਕਲਾ ਦੇ ਬੋਨਹਾਮਸ ਮੁਖੀ ਓਲੀਵਰ ਵ੍ਹਾਈਟ ਨੇ ਕਿਹਾ ਕਿ ਤਰਕਸ਼ ਲਾਹੌਰ ਦੇ ਪੁਰਾਤਨ ਖ਼ਜ਼ਾਨੇ ਦਾ ਅਦਭੁੱਤ ਹਿੱਸਾ ਹੈ ਅਤੇ ਜਾਣਕਾਰੀ ਮੁਤਾਬਕ ਇਹ ਸੰਨ 1838 ‘ਚ ਬਣਾਇਆ ਗਿਆ ਸੀ। ਉਸ ਨੇ ਕਿਹਾ ਕਿ ਇਹ ਤਰਕਸ਼ ਖਾਸ ਸਮਾਗਮਾਂ ਦੌਰਾਨ ਹੀ ਪਹਿਨਿਆ ਜਾਂਦਾ ਹੋਵੇਗਾ ਜਿਸ ਕਾਰਨ ਇਸ ਦੀ ਹਾਲਤ ਬਹੁਤ ਵਧੀਆ ਹੈ। ਬੋਨਹਾਮਸ ਇਤਿਹਾਸਕਾਰਾਂ ਮੁਤਾਬਕ ਤੀਰਅੰਦਾਜ਼ੀ ਨੇ ਸਿੱਖ ਇਤਿਹਾਸ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਤੀਰ ਕਮਾਨਾਂ ਮਗਰੋਂ ਭਾਵੇਂ ਵੱਧ ਆਧੁਨਿਕ ਹਥਿਆਰ ਆ ਗਏ ਸਨ ਪਰ ਰਸਮੀ ਤੌਰ ‘ਤੇ ਤੀਰ ਕਮਾਨਾਂ ਦੀ ਵਰਤੋਂ ਕੀਤੀ ਜਾਂਦੀ ਰਹੀ। ਨਿਲਾਮ ਘਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵੱਡੇ ਪੁੱਤਰ ਅਤੇ ਜਾਨਸ਼ੀਨ ਖੜਕ ਸਿੰਘ ਦੇ ਵਿਆਹ ਮੌਕੇ ਸੰਨ 1838 ‘ਚ ਇਸ ਤਰਕਸ਼ ਨੂੰ ਪਹਿਨਿਆ ਸੀ। ਉਸੇ ਸਾਲ ਫਰਾਂਸੀਸੀ ਕਲਾਕਾਰ ਅਲਫਰੇਡ ਡੀ ਡਰੀਓਕਸ ਨੇ ਇਸ ਦੀ ਪੇਂਟਿੰਗ ਬਣਾਈ ਜੋ ਹੁਣ ਪੈਰਿਸ ਦੇ ਅਜਾਇਬਘਰ ਦਾ ਸ਼ਿੰਗਾਰ ਬਣੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਸੰਨ 1839 ‘ਚ ਹੋ ਗਿਆ ਸੀ ਜਿਸ ਮਗਰੋਂ ਈਸਟ ਇੰਡੀਆ ਕੰਪਨੀ ਨੇ ਸੂਬੇ ‘ਤੇ ਕਬਜ਼ਾ ਕਰ ਲਿਆ ਸੀ। ਇਤਿਹਾਸਕ ਹਵਾਲਿਆਂ ਮੁਤਾਬਕ ਤਰਕਸ਼ ਨੂੰ ਭਾਰਤ ਦੇ ਗਵਰਨਰ ਜਨਰਲ ਨੂੰ ਸੰਨ 1847-54 ਦੌਰਾਨ ਸੌਂਪਿਆ ਗਿਆ ਸੀ।