ਭਾਈ ਹਵਾਰਾ ਖ਼ਿਲਾਫ਼ ਚੰਡੀਗੜ੍ਹ ਵਿਚ ਕੋਈ ਕੇਸ ਦਰਜ ਨਹੀਂ

ਭਾਈ ਹਵਾਰਾ ਖ਼ਿਲਾਫ਼ ਚੰਡੀਗੜ੍ਹ ਵਿਚ ਕੋਈ ਕੇਸ ਦਰਜ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼ :
ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਤਲ ਕੇਸ ਵਿਚ ਸਜ਼ਾਯਾਫ਼ਤਾ ਬੱਬਰ ਖ਼ਾਲਸਾ ਮੁਖੀ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਉਨ੍ਹਾਂ ਵਿਰੁੱਧ ਚੱਲ ਰਹੇ ਸਾਰੇ ਕੇਸ ਇੱਕੋ ਅਦਾਲਤ ਵਿਚ ਤਬਦੀਲ ਕਰਨ ਦੀ ਮੰਗ ਕਰਦੀ ਪਟੀਸ਼ਨ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਚੰਡੀਗੜ੍ਹ ਵਿਚ ਭਾਈ ਹਵਾਰਾ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਹੈ। ਇਸ ਮਾਮਲੇ ਵਿਚ ਹਾਈਕੋਰਟ ਨੇ ਹਰਿਆਣਾ ਨੂੰ ਇਕ ਹੋਰ ਮੌਕਾ ਦਿੱਤਾ ਹੈ ਕਿ ਉਹ ਦੱਸੇ ਕਿ ਸੂਬੇ ਵਿਚ ਉਸ ਵਿਰੁੱਧ ਕਿੰਨੇ ਮਾਮਲੇ ਦਰਜ ਹਨ। ਪੰਜਾਬ ਸਰਕਾਰ ਇਸ ਮਾਮਲੇ ਵਿਚ ਕਹਿ ਚੁੱਕੀ ਹੈ ਕਿ ਭਾਈ ਹਵਾਰਾ ਇਕ ਖ਼ਤਰਨਾਕ ਅਪਰਾਧੀ ਹੈ ਅਤੇ ਉਹ ਜੇਲ੍ਹ ਬ੍ਰੇਕ ਕੇਸ ਵਿਚ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਉਸ ਵਿਰੁੱਧ ਬੇਅੰਤ ਸਿੰਘ ਕਤਲ ਕੇਸ ਵੀ ਚੱਲਿਆ ਤੇ ਉਹ ਅਨੇਕਾਂ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਦਲੀਲ ਨਾਲ ਸਰਕਾਰ ਨੇ ਕਿਹਾ ਹੈ ਕਿ ਇੰਨੇ ਮਾਮਲਿਆਂ ਵਿਚ ਫਸੇ ਕਿਸੇ ਵਿਅਕਤੀ ਦੇ ਕੇਸਾਂ ਦੀ ਸੁਣਵਾਈ ਇਕ ਥਾਂ ਕੀਤਾ ਜਾਣਾ ਸਹੀ ਨਹੀਂ ਹੋਵੇਗਾ, ਲਿਹਾਜ਼ਾ ਇਹ ਪਟੀਸ਼ਨ ਖ਼ਾਰਜ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਹਰਿਆਣਾ ਤੇ ਚੰਡੀਗੜ੍ਹ ਤੋਂ ਜਵਾਬ ਮੰਗਦਿਆਂ ਹਾਈਕੋਰਟ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਸੀ। ਬੈਂਚ ਨੇ ਪਿਛਲੀ ਸੁਣਵਾਈ ‘ਤੇ ਸਵਾਲ ਕੀਤਾ ਸੀ ਕਿ ਕਿਉਂ ਜੋ ਇਸ ਪਟੀਸ਼ਨ ਵਿਚ ਅਜਿਹੇ ਕੇਸਾਂ ਨੂੰ ਵੀ ਇੱਕੋ ਥਾਂ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ, ਜਿਹੜੇ ਦਿੱਲੀ ਵਿਖੇ ਚੱਲ ਰਹੇ ਹਨ ਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ ਕਿ ਉਹ ਦਿੱਲੀ ਦੇ ਕੇਸਾਂ ਨੂੰ ਤਬਦੀਲ ਕਰਨ ਬਾਰੇ ਵਿਚਾਰ ਕਰ ਸਕੇ, ਲਿਹਾਜ਼ਾ ਇਸ ਸਬੰਧ ਵਿਚ ਸੁਪਰੀਮ ਕੋਰਟ ਵਿਚ ਕੇਸ ਦਾਖਲ ਕੀਤਾ ਜਾਣਾ ਚਾਹੀਦਾ ਹੈ। ਭਾਈ ਹਵਾਰਾ ਦੇ ਵਕੀਲ ਨੇ ਦਿੱਲੀ ਦੇ ਕੇਸਾਂ ਨੂੰ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਕੇਸਾਂ ਨਾਲ ਇਕੱਠੇ ਕਰਨ ਦੀ ਮੰਗ ਵਾਪਸ ਲੈਂਦਿਆਂ ਸੁਪਰੀਮ ਕੋਰਟ ਵਿਚ ਕੇਸ ਦਾਖਲ ਕਰਨ ਦੀ ਛੋਟ ਹਾਈਕੋਰਟ ਤੋਂ ਮੰਗੀ ਸੀ।