ਪਿੰਡ ਦੇਵੀਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ
ਕੈਪਸ਼ਨ-ਪਿੰਡ ਦੇਵੀਨਗਰ ਵਿੱਚ ਬੇਅਦਬੀ ਦੀ ਘਟਨਾ ਮਗਰੋਂ ਇਕੱਠੇ ਹੋਏ ਲੋਕ।
ਡੇਰਾਬਸੀ/ਬਿਊਰੋ ਨਿਊਜ਼ :
ਚੰਡੀਗੜ੍ਹ-ਅੰਬਾਲਾ ਹਾਈਵੇਅ ਨੇੜੇ ਸਥਿਤ ਪਿੰਡ ਦੇਵੀਨਗਰ ਦੇ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਅੰਗਾਂ ਦੀ ਬੇਅਦਬੀ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ। ਗੁਰਦੁਆਰੇ ਨੇੜੇ ਇੱਕ ਹਿੰਦੂ ਧਾਰਮਿਕ ਸਥਾਨ ‘ਤੇ ਵੀ ਗੰਦਗੀ ਫੈਲਾ ਦੇ ਬੇਅਦਬੀ ਕੀਤੀ ਗਈ। ਸੂਚਨਾ ਮਿਲਣ ‘ਤੇ ਐਸ.ਪੀ.(ਡੀ) ਜਸਕਰਨ ਸਿੰਘ ਤੇਜਾ, ਡੀਐਸਪੀ ਪਰਵਿੰਦਰ ਸਿੰਘ ਹੀਰ ਸਣੇ ਕਈ ਪੁਲੀਸ ਅਧਿਕਾਰੀ ਆਪਣੀਆਂ ਟੀਮਾਂ ਨਾਲ ਮੌਕੇ ‘ਤੇ ਪੁੱਜ ਗਏ। ਪੁਲੀਸ ਨੇ ਪੰਜ ਘੰਟਿਆਂ ਮਗਰੋਂ ਨੌਜਵਾਨ ਸੁਰਜੀਤ ਸਿੰਘ ਉਰਫ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਜੋ ਮਾਨਸਿਕ ਤੌਰ ‘ਤੇ ਬਿਮਾਰ ਹੈ।
ਜਾਣਕਾਰੀ ਅਨੁਸਾਰ ਪਿੰਡ ਦੇਵੀਨਗਰ ਦੇ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਫਾੜ ਦਿੱਤੇ ਗਏ ਤੇ ਕੁਝ ਪੰਨੇ ਗਾਇਬ ਵੀ ਸਨ। ਇਸ ਬਾਰੇ ਸੂਚਨਾ ਮਿਲਣ ‘ਤੇ ਪਿੰਡ ਅਤੇ ਇਲਾਕੇ ਦੀ ਸਿੱਖ ਸੰਗਤ ਇਕੱਠੀ ਹੋਣ ਲੱਗੀ। ਇਸ ਦੌਰਾਨ ਗੁਰਦੁਆਰੇ ਨੇੜੇ ਇੱਕ ਸਮਾਧ ‘ਤੇ ਵੀ ਗੰਦਗੀ ਫੈਲਾ ਕੇ ਬੇਅਦਬੀ ਕੀਤੀ ਗਈ। ਸਮਾਧ ‘ਤੇ ਪਿੰਡ ਵਾਸੀਆਂ ਨੇ ਬੂਟਾਂ ਦੇ ਨਿਸ਼ਾਨ ਵੀ ਵੇਖੇ। ਸੂਚਨਾ ਮਿਲਦਿਆਂ ਹੀ ਐਸਪੀ (ਡੀ) ਜਸਕਰਨ ਸਿੰਘ ਤੇਜਾ ਦੀ ਅਗਵਾਈ ਵਾਲੀ ਟੀਮ ਨੇ ਜਾਂਚ ਵਿੱਢ ਦਿੱਤੀ। ਇਸ ਦੌਰਾਨ ਪੁਲੀਸ ਨੇ ਇੱਕ ਸ਼ੱਕੀ ਨੌਜਵਾਨ ਤੋਂ ਪੁੱਛਗਿੱਛ ਕੀਤੀ ਤੇ ਉਹ ਮੰਨ ਗਿਆ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਸਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਮਾਨਸਿਕ ਤੌਰ ‘ਤੇ ਬਿਮਾਰ ਹੈ ਤੇ ਤਿੰਨ ਸਾਲਾ ਤੋਂ ਉਸ ਦਾ ਇਲਾਜ ਚੱਲ ਰਿਹਾ ਹੈ।
ਜਹਾਂਗੀਰ ਵਿੱਚ ਮਹਿਲਾ ਵੱਲੋਂ ਗੁਟਕੇ ਦੀ ਬੇਅਦਬੀ :
ਧੂਰੀ : ਪਿੰਡ ਜਹਾਂਗੀਰ ਵਿੱਚ ਮਾਨਸਿਕ ਤੌਰ ‘ਤੇ ਬਿਮਾਰ ਇੱਕ ਬਜ਼ੁਰਗ ਮਹਿਲਾ ਵੱਲੋਂ ਗੁਟਕੇ ਦੀ ਬੇਅਦਬੀ ਕੀਤੀ ਗਈ ਹੈ। ਬਜ਼ੁਰਗ ਮਹਿਲਾ ਨੇ ਗੁਟਕੇ ਨੂੰ ਪਿੰਡ ਦੇ ਸਾਬਕਾ ਸਰਪੰਚ ਗੁਰਚਰਨ ਸਿੰਘ ਦੇ ਘਰ ਸੁੱਟ ਦਿੱਤਾ। ਪਿੰਡ ਦੀ ਸਰਪੰਚ ਨਵਕਿਰਨ ਕੌਰ, ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਤੇ ਹੋਰਾਂ ਮੋਹਤਬਰਾਂ ਨੇ ਬਜ਼ੁਰਗ ਮਹਿਲਾ ਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਪੁਲੀਸ ਕਾਰਵਾਈ ਨਹੀਂ ਕਰਵਾਈ। ਮੋਹਤਬਰਾਂ ਵੱਲੋਂ ਬਜ਼ੁਰਗ ਔਰਤ ਦੇ ਪਰਿਵਾਰ ਨੂੰ ਲਾਈ ਧਾਰਮਿਕ ਸਜ਼ਾ ਪਰਿਵਾਰ ਵੱਲੋਂ ਪ੍ਰਵਾਨ ਕਰਨ ‘ਤੇ ਮਾਮਲਾ ਨਿੱਬੜ ਗਿਆ।
Comments (0)