ਪਿੰਡ ਲੇਲੇਵਾਲਾ ਵਿੱਚ ਡੇਰਾ ਪ੍ਰੇਮੀ ‘ਤੇ ਹਮਲਾ
ਕੈਪਸ਼ਨ-ਪਿੰਡ ਲੇਲੇਵਾਲਾ ਵਿੱਚ ਡੇਰਾ ਪ੍ਰੇਮੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਦੀ ਹੋਈ ਪੁਲੀਸ। ਫੋਟੋ: ਸਿੱਧੂ
ਤਲਵੰਡੀ ਸਾਬੋ/ਬਿਊਰੋ ਨਿਊਜ਼ :
ਪਿੰਡ ਲੇਲੇਵਾਲਾ ਦੇ ਤਿੰਨ ਵਿਅਕਤੀਆਂ ਨੇ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਡੇਰਾ ਪ੍ਰੇਮੀ ਅਸ਼ੋਕ ਕੁਮਾਰ ਦੇ ਘਰ ਅੰਦਰ ਦਾਖ਼ਲ ਹੋ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਕਾਰਨ ਅਸ਼ੋਕ ਕੁਮਾਰ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਮਲਾਵਰਾਂ ਨੇ ਡੇਰਾ ਪ੍ਰੇਮੀ ਦੇ ਪਰਿਵਾਰਕ ਮੈਂਬਰਾਂ ਦੀ ਕਥਿਤ ਕੁੱਟਮਾਰ ਕਰਕੇ ਧਮਕੀਆਂ ਵੀ ਦਿੱਤੀਆਂ। ਤਲਵੰਡੀ ਸਾਬੋ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ।
ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀ ਅਸ਼ੋਕ ਕੁਮਾਰ ਆਪਣੇ ਰਿਹਾਇਸ਼ੀ ਮਕਾਨ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ। ਪਿੰਡ ਦੇ ਦੋ ਸਕੇ ਦੁਕਾਨ ‘ਤੇ ਆਏ ਅਤੇ ਤੰਬਾਕੂ ਦੀ ਮੰਗ ਕਰਨ ਲੱਗੇ। ਦੁਕਾਨਦਾਰ ਨੇ ਤੰਬਾਕੂ ਦੁਕਾਨ ਵਿੱਚ ਨਾ ਹੋਣ ਕਰਕੇ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਤਾਂ ਉਹ ਕਥਿਤ ਤੌਰ ‘ਤੇ ਗਾਲੀ-ਗਲੋਚ ਕਰਨ ਲੱਗੇ। ਉਹ ਇੱਕ ਵਾਰ ਉਥੋਂ ਚਲੇ ਗਏ ਪਰ ਕੁੱਝ ਸਮੇਂ ਬਾਅਦ ਸੋਟੀਆਂ ਲੈ ਕੇ ਆਪਣੇ ਇੱਕ ਹੋਰ ਸਾਥੀ ਨਾਲ ਅਸ਼ੋਕ ਕੁਮਾਰ ਦੀ ਦੁਕਾਨ ‘ਤੇ ਆ ਗਏ ਅਤੇ ਜਬਰੀ ਦੁਕਾਨ ਅੰਦਰ ਦਾਖ਼ਲ ਹੋ ਕੇ ਅਸ਼ੋਕ ਕੁਮਾਰ ਦੇ ਸਿਰ ‘ਤੇ ਸੋਟੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਅਸ਼ੋਕ ਕੁਮਾਰ ਦੀ ਪਤਨੀ ਬਾਲਾ ਰਾਣੀ ਆਪਣੇ ਪਤੀ ਦੇ ਬਚਾਅ ਲਈ ਅੱਗੇ ਆਈ ਤਾਂ ਹਮਲਾਵਰਾਂ ਨੇ ਉਸ ਦੇ ਮੌਢੇ ‘ਤੇ ਪੱੱਥਰ ਮਾਰਿਆ ਅਤੇ ਗਾਲੀ ਗਲੋਚ ਕਰਦਿਆਂ ਕਥਿਤ ਧਮਕੀਆਂ ਦਿੱਤੀਆਂ। ਮੌਕੇ ਦੇ ਚਸ਼ਮਦੀਦਾਂ ਪੰਚਾਇਤ ਮੈਂਬਰ ਲਖਵੀਰ ਸਿੰਘ, ਗੁਰਤੇਜ ਸਿੰਘ, ਸੁਖਦੇਵ ਸਿੰਘ, ਤੇਜ ਕੌਰ ਤੇ ਸੁਰਜੀਤ ਕੌਰ ਨੇ ਪੁਲੀਸ ਦੀ ਹਾਜ਼ਰੀ ਵਿੱਚ ਦੱਸਿਆ ਕਿ ਉਨ੍ਹਾਂ ਨੇ ਹਮਲਾਵਰਾਂ ਨੂੰ ਮੁਸ਼ਕਲ ਨਾਲ ਅਸ਼ੋਕ ਕੁਮਾਰ ਦੇ ਘਰ ‘ਚੋਂ ਬਾਹਰ ਕੱਢਿਆ। ਘਟਨਾ ਦਾ ਪਤਾ ਲੱਗਦਿਆਂ ਹੀ ਐਡੀਸ਼ਨਲ ਐਸਐੱਚਓ ਸੰਜੀਵ ਕੁਮਾਰ ਵੀ ਪੁਲੀਸ ਟੀਮ ਨਾਲ ਪੁੱਜ ਗਏ ਅਤੇ ਡੇਰਾ ਪ੍ਰੇਮੀ ਅਤੇ ਬਲਾਕ ਦੀ ਪੰਦਰਾਂ ਮੈਂਬਰੀ ਕਮੇਟੀ ਵੀ ਪੁੱਜ ਗਈ। ਪੁਲੀਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਡੀਸ਼ਨਲ ਐਸਐੱਚਓ ਸੰਜੀਵ ਕੁਮਾਰ ਦਾ ਕਹਿਣਾ ਸੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਅਤੇ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Comments (0)