ਗੁਰਮਿਹਰ ਖ਼ਿਲਾਫ਼ ਟਿੱਪਣੀ ਕਰਕੇ ਵਿੱਜ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ : ਬਡੂੰਗਰ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਹੈ ਕਿ ਹਰਿਆਣਾ ਦੇ ਸਿਹਤ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਵਿੱਜ ਨੇ ਇਹ ਬਿਆਨ ਦੇ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕਿ ਗੁਰਮਿਹਰ ਕੌਰ ਦੀ ਹਮਾਇਤ ਕਰਨ ਵਾਲੇ ਲੋਕ ‘ਪਾਕਿਸਤਾਨ ਪੱਖੀ ਹਨ ਤੇ ਉਨ੍ਹਾਂ ਨੂੰ ਮੁਲਕ ਤੋਂ ਬਾਹਰ ਸੁੱਟ ਦਿੱਤਾ’ ਜਾਣਾ ਚਾਹੀਦਾ ਹੈ। ਸ੍ਰੀ ਬਡੂੰਗਰ ਨੇ ਆਖਿਆ ਕਿ ਮੰਤਰੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਜਿਨ੍ਹਾਂ ਨਾਲ ਦੇਸ਼ ਵਿੱਚ ਦਰਾੜ ਪੈਦਾ ਹੋਵੇ ਅਤੇ ਵੱਖ-ਵੱਖ ਭਾਈਚਾਰਿਆਂ ਦਰਮਿਆਨ ਕੁੜੱਤਣ ਵਧੇ। ਉਨ੍ਹਾਂ ਆਖਿਆ, ”ਭਾਰਤ ਇਕ ਭਿੰਨਤਾਵਾਂ ਭਰਿਆ ਮੁਲਕ ਹੈ ਤੇ ਵਿੱਜ ਨੂੰ ਇਹ ਹਕੀਕਤ ਤਸਲੀਮ ਕਰਨੀ ਚਾਹੀਦੀ ਹੈ।”
ਗ਼ੌਰਤਲਬ ਹੈ ਕਿ ਸ੍ਰੀ ਬਡੂੰਗਰ ਸਮੇਤ ਅਨੇਕਾਂ ਸਿੱਖ ਆਗੂਆਂ ਨੇ ਬੀਬੀ ਗੁਰਮਿਹਰ ਦੀ ਹਮਾਇਤ ਕੀਤੀ ਸੀ, ਜਿਨ੍ਹਾਂ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਣੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਸ਼ਾਮਲ ਹਨ।
Comments (0)