ਹਰਿਮੰਦਰ ਸਾਹਿਬ ਵਿੱਚ ਮੁੜ ਵੰਡਿਆ ਜਾਣ ਲੱਗਾ ਬੂਟਿਆਂ ਦਾ ਪ੍ਰਸਾਦਿ

ਹਰਿਮੰਦਰ ਸਾਹਿਬ ਵਿੱਚ ਮੁੜ ਵੰਡਿਆ ਜਾਣ ਲੱਗਾ ਬੂਟਿਆਂ ਦਾ ਪ੍ਰਸਾਦਿ

ਅੰਮ੍ਰਿਤਸਰ/ਬਿਊਰੋ ਨਿਊਜ਼ :
‘ਨੰਨ੍ਹੀ ਛਾਂ’ ਯੋਜਨਾ ਹੇਠ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਰਧਾਲੂਆਂ ਨੂੰ ‘ਬੂਟਾ ਪ੍ਰਸਾਦਿ’ ਵੰਡਣ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ। ਇਸ ਯੋਜਨਾ ਦਾ ਮੁੱਖ ਮੰਤਵ ਧੀਆਂ ਨੂੰ ਬਚਾਉਣਾ ਅਤੇ ਸੂਬੇ ਵਿੱਚ ਵਾਤਾਵਰਨ ਦੀ ਸੰਭਾਲ ਕਰਨਾ ਹੈ। ਇਹ ਯੋਜਨਾ ਅਗਸਤ 2008 ਵਿੱਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਜ਼ੋਰ-ਸ਼ੋਰ ਨਾਲ ਸ਼ੁਰੂ ਕੀਤੀ ਗਈ ਸੀ ਪਰ ਫੰਡਾਂ ਦੀ ਘਾਟ ਕਾਰਨ ਇਸ ਵਿੱਚ ਖੜੋਤ ਆ ਗਈ, ਜਿਸ ਨੂੰ ਹੁਣ ਸੁਰਜੀਤ ਕੀਤਾ ਗਿਆ ਹੈ। ਇਸ ਯੋਜਨਾ ਲਈ ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਨੇੜੇ ਵਿਸ਼ੇਸ਼ ਕਾਊਂਟਰ ਸਥਾਪਤ ਕੀਤਾ ਹੈ, ਜਿੱਥੋਂ ਲੋਕਾਂ ਨੂੰ ਬੂਟਾ ਪ੍ਰਸਾਦਿ ਮਿਲ ਸਕਦਾ ਹੈ। ਇਹ ਯੋਜਨਾ 2008 ਵਿੱਚ ਰਨਬੈਕਸੀ ਚੇਅਰਮੈਨ ਹਰਪਾਲ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁਰੂ ਕੀਤੀ ਸੀ। ਇਸ ਲਈ ਜੰਗਲਾਤ ਵਿਭਾਗ ਦੀਆਂ ਸੇਵਾਵਾਂ ਲਈਆਂ ਗਈਆਂ ਸਨ, ਜੋ ਬੂਟਿਆਂ ਦੀ ਪਨੀਰੀ ਤਿਆਰ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਸੌਂਪਦਾ ਹੈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ 2010 ਤੋਂ 2012 ਤੱਕ ਵਿਭਾਗ ਨੇ ਸ਼੍ਰੋਮਣੀ ਕਮੇਟੀ ਨੂੰ ਲਗਪਗ 2 ਲੱਖ 61 ਹਜ਼ਾਰ ਬੂਟੇ ਦਿੱਤੇ ਸਨ। ਸ਼੍ਰੋਮਣੀ ਕਮੇਟੀ ਵੱਲੋਂ 2014 ਵਿੱਚ ਲਗਪਗ ਸਾਢੇ ਚਾਰ ਲੱਖ ਬੂਟੇ ਲਏ ਗਏ ਸਨ ਪਰ ਅਦਾਇਗੀ ਵਿੱਚ ਖੜੋਤ ਆ ਰਹੀ ਸੀ, ਜਿਸ ਕਾਰਨ ਇਹ ਯੋਜਨਾ ਰੁਕ ਗਈ।
ਦੂਜੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿੱਚ ‘ਬੂਟਾ ਪ੍ਰਸਾਦਿ ਯੋਜਨਾ’ ਦੀ ਇੰਚਾਰਜ ਕੰਵਲਜੀਤ ਕੌਰ ਨੇ ਦਾਅਵਾ ਕੀਤਾ ਕਿ ਇਸ ਯੋਜਨਾ ਵਿੱਚ ਖੜੋਤ ਨਹੀਂ ਆਈ, ਸਗੋਂ ਉਸਾਰੀ ਕਾਰਨ ਕਾਊਂਟਰ ਇੱਥੋਂ ਤਬਦੀਲ ਹੋ ਗਿਆ ਸੀ, ਜੋ ਹੁਣ ਮੁੜ ਉਸਾਰੀ ਮਗਰੋਂ ਇੱਥੇ ਸ਼ੁਰੂ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਹੁਣ ਰੋਜ਼ਾਨਾ 500 ਤੋਂ 700 ਤੱਕ ਬੂਟਾ ਪ੍ਰਸਾਦਿ ਸ਼ਰਧਾਲੂਆਂ ਨੂੰ ਵੰਡਿਆ ਜਾ ਰਿਹਾ ਹੈ। ਜ਼ਿਲ੍ਹਾ ਜੰਗਲਾਤ ਅਧਿਕਾਰੀ ਅਟਲ ਮਹਾਜਨ ਨੇ ਦੱਸਿਆ ਕਿ ਉਸ ਨੂੰ ‘ਨੰਨ੍ਹੀ ਛਾਂ ਯੋਜਨਾ’ ਤਹਿਤ ਬੂਟਾ ਪ੍ਰਸਾਦਿ ਬੰਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਕਿਉਂਕਿ ਉਸ ਦੀ ਇੱਥੇ ਨਿਯੁਕਤੀ 2016 ਵਿੱਚ ਹੋਈ। ਜੰਗਲਾਤ ਵਿਭਾਗ ਵੱਲੋਂ ਲੋੜ ਅਨੁਸਾਰ ਬੂਟੇ ਸ਼੍ਰੋਮਣੀ ਕਮੇਟੀ ਨੂੰ ਮੁਹੱਈਆ ਕੀਤੇ ਜਾ ਰਹੇ ਹਨ। ਕਮੇਟੀ ਵੱਲੋਂ ਜੰਗਲਾਤ ਵਿਭਾਗ ਨੂੰ ਪ੍ਰਤੀ ਬੂਟਾ 3.50 ਰੁਪਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਆਖਿਆ ਕਿ ਇਸ ਯੋਜਨਾ ਨੂੰ ਉਤਸ਼ਾਹਤ ਕਰਨ ਲਈ ਕਮੇਟੀ ਯਤਨਸ਼ੀਲ ਹੈ। ਇਹ ਇਕ ਚੰਗੀ ਯੋਜਨਾ ਹੈ, ਜੋ ਮਨੁੱਖਤਾ ਦੀ ਭਲਾਈ ਵਾਸਤੇ ਹੈ।