24 ਵੇ ਸਲਾਨਾ ਨਗਰ ਕੀਰਤਨ ਮੌਕੇ ਖਾਲਸਾਈ ਰੰਗ ‘ਚ ਰੰਗਿਆ ਸ਼ਹਿਰ ਸੈਲਮਾ

24 ਵੇ ਸਲਾਨਾ ਨਗਰ ਕੀਰਤਨ ਮੌਕੇ ਖਾਲਸਾਈ ਰੰਗ ‘ਚ ਰੰਗਿਆ ਸ਼ਹਿਰ ਸੈਲਮਾ

ਨਗਰ ਕੀਰਤਨ ਦਾ ਮਨਮੋਹਕ ਦ੍ਰਿਸ਼।
ਫਰਿਜ਼ਨੋ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ):
ਕੈਲੀਫੋਰਨੀਆਂ ਵਿੱਚ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ ‘ਸਿੱਖ ਸੈਂਟਰ ਆਫ ਪੈਸ਼ੀਫਿਕ ਕੌਸਟ’ ਵਿਖੇ ਸੈਂਟਰਲ ਵੈਲੀ ਵਿਖੇ ਵਿਸਾਖੀ ਨੂੰ ਸਮਰਪਿਤ 24ਵੇਂ ਵਿਸਾਲ ਨਗਰ ਕੀਰਤਨ ਮੌਕੇ ਸਮੁੱਚਾ ਸ਼ਹਿਰ ਖਾਲਸਾਈ ਰੰਗ ‘ਚ ਰੰਗਿਆ ਨਜ਼ਰ ਆਉਂਦਾ ਸੀ। ਇਸ ਦੌਰਾਨ ਗੁਰੂਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਤੋਂ ਸਮਾਪਤੀ ਤੱਕ ਵਿਸ਼ੇਸ਼ ਸਮਾਗਮ ਅਤੇ ਗੁਰਮਤਿ ਵਿਚਾਰਾ ਹੋਈਆਂ ਜਿਸ ਵਿੱਚ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾ ਵਾਚਕ, ਕੀਰਤਨੀ ਜਥਿਆਂ ਨੇ ਸਿਰਕਤ ਕੀਤੀ। ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਦੂਸਰੇ ਦਿਨ ਇਲਾਕੇ ਭਰ ਦੀਆਂ ਸੰਗਤਾਂ ਨੂੰ ਗੁਰਮਤਿ ਨਾਲ ਜੋੜਦੇ ਹੋਏ ਗੁਰੂਘਰ ਵਿਖੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ। ਬਹੁਤ ਸਾਰੇ ਪ੍ਰਾਣੀ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਇਨ੍ਹਾਂ ਸਮਾਗਮਾਂ ਦੌਰਾਨ  ਗੁਰੂਘਰ ਵਿਖੇ ਹੋਰ ਬਹੁਤ ਸਥਾਨਕ ਗੁਰੂਘਰਾਂ ਦੇ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ ਅਤੇ ਗੁਰਮਤਿ ਵਿਚਾਰਾ ਨਾਲ ਵਿਸ਼ੇਸ਼ ਪ੍ਰੋਗਰਾਮ ਹੋਏ।
ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਸੁਰੂਆਤ ਅਰਦਾਸ ਕਰਨ ਉਪਰੰਤ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆਂ ਸਟੇਟ ਦੇ ਝੰਡੇ ਮਗਰ ਪੰਜਾਂ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਫਲੋਟ ਮਗਰ ਅਨੇਕਾ ਸਿੱਖ ਧਰਮ ਨਾਲ ਸੰਬੰਧਿਤ ਝਾਕੀਆਂ ਇਕ ਨਵੇਂ ਵਸੇਂ ਅਮੈਰੀਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਪ੍ਰਫੁੱਲਿਤ ਹੋਈ ਸਿੱਖੀ ਦੀ ਮੂੰਹ ਬੋਲਦੀ ਤਸਵੀਰ ਚਾਰ ਚੁਫੇਰੇ ਲਿਸ਼ਕਦੀਆਂ ਕੇਸ਼ਰੀ ਅਤੇ ਰੰਗ-ਬਰੰਗੀਆਂ ਪੱਗਾਂ ਅਤੇ ਚੁੰਨੀਆਂ ਦੁਆਰਾ ਆਮ ਦਿਸ ਰਹੀ ਸੀ ਜਿਸ ਵਿੱਚ ਬੱਚਿਆਂ ਬਜੁਰਗਾਂ ਤੋਂ ਇਲਾਵਾ ਸਮੂਹ ਧਰਮਾਂ ਦੀਆਂ ਸੰਗਤਾਂ ਨੇ ਰਲ ਕੇ ਹਾਜ਼ਰੀ ਭਰੀ। ਹੈਲੀਕਪਟਰ ਰਾਹੀ ਫੁੱਲਾ ਦੀ ਵਰਖਾ ਹੋ ਰਹੀ ਸੀ। ਨਗਰ ਕੀਰਤਨ ਦਾ ਦ੍ਰਿਸ਼ ਬਹੁਤ ਹੀ ਅਲੌਕਿਕ ਅਤੇ ਰੂਹਾਨੀ ਭਰਿਆ ਸੀ। ਸੰਗਤਾਂ ਪਾਲਕੀ ਸਾਹਿਬ ਦੇ ਮਗਰ ਵਾਹਿਗੂਰੂ ਸਿਮਰਨ ਅਤੇ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ।
ਇਸੇ ਦੌਰਾਨ ਕਰਮਨ ਪੰਜਾਬੀ ਸਕੂਲ ਅਤੇ ਹੋਰ ਇਲਾਕੇ ਦੇ ਪੰਜਾਬੀ ਸਕੂਲਾਂ ਦੇ ਬੱਚੇ ਆਪਣੇ ਫਲੋਟਾ ਰਾਹੀ ਅਮੈਰੀਕਨ ਨਾਲ
ਇਤਿਹਾਸਕ ਜਾਣਕਾਰੀ ਸਾਂਝੀ ਕਰ ਰਹੇ ਸਨ। ਇਸ ਨਗਰ ਕੀਰਤਨ ਦੌਰਾਨ ਮੁੱਫਤ ਵੱਖ ਵੱਖ ਸੁਆਦਿਸ਼ਟ ਖਾਣੇ ਦੇ ਸਟਾਲ ਲੱਗੇ ਹੋਏ ਸਨ ਜਿਨ੍ਹਾਂ ਦਾ ਸੰਗਤਾਂ ਨੇ ਖੂਬ ਅਨੰਦ ਮਾਣਿਆ। ਇਸ ਤੋਂ ਇਲਾਵਾ ਵਸਤਾਂ ਅਤੇ ਰਸਦਾਂ ਦੀਆਂ ਦੁਕਾਨਾਂ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਹੀਆਂ ਸਨ।
ਇਸ ਸਮੁੱਚੇ ਨਗਰ ਕੀਰਤਨ ਵਿੱਚ ਸੰਗਤਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਭਾਰੀ ਇਕੱਠ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਜ਼ਰੀਆਂ ਭਰੀਆਂ। ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆਂ ਅਤੇ ਮਜਬੂਤ ਕੀਤੇ ਗਏ ਸਨ।
ਪ੍ਰਬੰਧਕਾਂ ਨੇ ਇਲਾਕੇ ਭਰ ਦੇ ਗੁਰੂਘਰ ਅਤੇ ਸੰਗਤਾਂ ਦਾ ਦੰਨਵਾਦ ਕਰਦਿਆਂ ਕਿਹਾ ਕਿ ਸਭ ਮਾਈ-ਭਾਈ ਵਧਾਈ ਦੇ ਪਾਤਰ ਹਨ ਜਿਨ੍ਹਾਂ ਸਭ ਦੇ ਸਹਿਯੋਗ ਸਦਕਾ ਇਹ ਨਗਰ ਕੀਰਤਨ ਯਾਦਗਾਰੀ ਹੋ ਨਿਬੜਿਆ।