ਪੰਜਾਬੀ ਸਾਹਿਤ ਸਭਾ ਸਟਾਕਟਨ ਦੀ ਮਾਸਿਕ ਇਕੱਤ੍ਰਤਾ

ਪੰਜਾਬੀ ਸਾਹਿਤ ਸਭਾ ਸਟਾਕਟਨ ਦੀ ਮਾਸਿਕ ਇਕੱਤ੍ਰਤਾ

ਪੰਜਾਬੀ ਸਾਹਿਤ ਸਭਾ ਸਟਾਕਟਨ ਦੀ ਨਵੇਂ ਵਰ੍ਹੇ 
ਦੀ ਪਹਿਲੀ ਇਕੱਤਰਤਾ ‘ਚ ਰਚਨਵਾਂ ਦਾ ਦੌਰ
ਸਟਾਕਟਨ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ  ਬੀਤੀ 7 ਜਨਵਰੀ ਨੂੰ ਲੈਥਰੋਪ ਕਸਬੇ ਦੇ ‘ਸੇਵਾ ਸੈਂਟਰ’ ਹਾਲ ਵਿੱਚ ਇਸ ਵਰ੍ਹੇ ਦੀ ਪਹਿਲੀ ਮਾਸਿਕ ਇਕੱਤਰਤਾ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਮਿਲਣੀ ਮੌਕੇ ਨਵੇਂ ਵਰ੍ਹੇ ਦੀਆਂ ਮੁਬਾਰਕਾਂ ਸਾਝੀਆਂ ਕੀਤੀਆਂ। ਲੰਘ ਗਏ ਵਰ੍ਹੇ ਦੀਆਂ ਕੌੜੀਆਂ ਮਿਠੀਆਂ ਯਾਦਾਂ ਨੂੰ  ਤਾਜ਼ਾ ਕੀਤਾ। ਸਭਾ ਦੇ ਅਰੰਭ ਵਿੱਚ ਨਿਊਯਾਰਕ ਵਾਸੀ ਪੰਜਾਬੀ ਸਾਹਿਤਕਾਰ ਦਲਜੀਤ ਮੋਖਾ ਦੇ ਅਣਕਿਆਸੇ ਵਿਛੋੜੇ ਤੇ ਇੱਕ ਮਿੰਟ ਦਾ ਮੌਨ ਧਾਰਨ ਕਰਦਿਆਂ ਉਸਨੂੰ ਸ਼ਰਧਾਂਜਲੀ ਦੇ ਫੁੱਲ ਅਰਪਣ ਕੀਤੇ ਗਏ। ਹਰਜਿੰਦਰ ਪੰਧੇਰ ਵਲੋਂ ਦਲਜੀਤ ਮੋਖਾ ਦੀ ਰੰਗਲੀ ਸਖ਼ਸ਼ੀਅਤ ਬਾਰੇ ਗੱਲ ਕਰਦਿਆਂ ਸੁਰਿੰਦਰ ਸੋਹਲ ਵਲੋਂ ਪ੍ਰਾਪਤ ‘ਈ ਮੇਲਾਂ ਵਿੱਚ ਗੁਆਚੀ ਕਵਿਤਾ: ਦਲਜੀਤ ਮੋਖਾ’ ਸਰੋਤਿਆਂ ਨੂੰ ਪੜ੍ਹ ਕੇ ਸੁਣਾਈ ਗਈ।
ਹਾਜ਼ਰ ਮੈਂਬਰਾਂ ਵਲੋਂ ਇਸ ਵਾਰ ਪੇਸ਼ ਕੀਤੀਆ ਰਚਨਾਵਾਂ ਵਿੱਚ ਸਿੱਖ ਕੌਮ ਦੀਆਂ ਸ਼ਹਾਦਤਾਂ ਨਾਲ ਜੁੜੇ ਦਸੰਬਰ ਮਹੀਨੇ ਦਾ ਭਾਰੂਪਣ ਅਤੇ ਨਵੇਂ ਵਰ੍ਹੇ ਦੀਆਂ ਆਸ਼ਾਵਾਂ ਦਾ ਰੰਗ ਦੇਖਣ ਨੂੰ ਮਿਲ ਰਿਹਾ ਸੀ। ਕਹਾਣੀਆਂ ਦੇ ਦੌਰ ਵਿੱਚ ਇਸ ਵਾਰ ਮਿੰਨੀ ਕਹਾਣੀਆਂ ਦਾ ਰੰਗ ਦੇਖਣ ਨੂੰ ਮਿਲਿਆ। ਤ੍ਰਿਪਤ ਸਿੰਘ ਭੱਟੀ ਨੇ ਬੰਦਾ ਬਹਾਦਰ ਦੇ ਜੀਵਨ ਤੇ ਅਧਾਰਤ ਕਹਾਣੀ ‘ਵਰਦਾਨਾ ਦਾ ਵਰਦਾਨ’ ਅਤੇ ‘ਕੰਪਰੋਮਾਈਜ਼’, ਹਰਨੇਕ ਸਿੰਘ ਨੇ ਕਹਾਣੀ ‘ਪਰਾਏ-ਆਪਣੇ’, ਹਰਜਿੰਦਰ ਪੰਧੇਰ ਨੇ ‘ਨਵਾਬ’ ਅਤੇ ‘ਆਪਣਾ-ਪਰਾਇਆ’ ਕਹਾਣੀਆਂ ਪੜ੍ਹੀਆਂ ਗਈਆਂ। ਗੀਤਾਂ ਅਤੇ ਕਵਿਤਾਵਾਂ ਦੇ ਦੌਰ ਵਿੱਚ ਚਰਨਜੀਤ ਸਿੰਘ ਸਾਹੀ, ਤਾਰਾ ਸਾਗਰ, ਹਰਜਿੰਦਰ ਪੰਧੇਰ ਅਤੇ ਹੋਰ ਕਵੀਆਂ ਨੇ ਭਾਗ ਲਿਆ। ਇਸ ਸਾਹਿਤਕ ਸਮਾਗਮ ਵਿੱਚ ਇਸ ਵਾਰ ਉਪਰੋਕਤ ਮੈਂਬਰਾਂ ਤੋ ਇਲਾਵਾ ਗੁਰਪ੍ਰੀਤ ਕੌਰ, ਇੰਦਰ ਜੀਤ, ਰੁਪਿੰਦਰ ਕੌਰ ਰਣਜੀਤ ਸਿੰਘ ਅਤੇ ਹੋਰ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਸਮਾਗਮ ਦੇ ਅੰਤ ਉਤੇ ਸਮੂਹ ਮੈਂਬਰਾਂ ਵਲੋਂ ਗੁਰਪ੍ਰੀਤ ਕੌਰ ਵਲੋਂ ਕੀਤੀ ਗਈ ਇਸ ਨਵੀਂ ਖੂਬਸੂਰਤ ਜਗ੍ਹਾ ਦੀ ਚੋਣ ਅਤੇ ਕੀਤੇ ਗਏ ਪ੍ਰਬੰਧਾਂ ਦੀ ਭਰਭੂਰ ਸ਼ਲਾਘਾ ਕੀਤੀ ਗਈ।