ਖਾਲਸੇ ਦੇ ਜਨਮ ਦਿਹਾੜੇ ‘ਵਿਸਾਖੀ’ ਸਬੰਧੀ ਲਾਸ ਏਂਲਜਸ ਦੇ ਕਨਵੈਨਸ਼ਨ ਸੈਂਟਰ ‘ਚ ਸਜਿਆ ਸ਼ਾਨਦਾਰ ਕੀਰਤਨ ਦਰਬਾਰ ਅਤੇ ਨਗਰ ਕੀਰਤਨ
ਲਾਸ ਏਂਜਲਸ/ਕੀਰਤਨ ਸਿੰਘ ਖਾਲਸਾ:
ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਸਬੰਧੀ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਲਾਸ ਏਂਲਜਸ ਦੇ ਕਨਵੈਨਸ਼ਨ ਸੈਂਟਰ ਵਿੱਚ ਭਾਰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ। ਇਸ ਸ਼ੁਭ ਦਿਹਾੜੇ ਮੌਕੇ ਕੀਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਕੇਵਲ ਕੈਲੀਫੋਰਨੀਆ ਤੋਂ ਹੀ ਨਹੀਂ ਬਲਕਿ ਅਮਰੀਕਾ ਦੇ ਹੋਰਨਾਂ ਭਾਗਾਂ, ਮੈਕਸੀਕੋ ਅਤੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਗੁਰੂ ਰਾਮ ਦਾਸ ਆਸ਼ਰਮ ਪੱਛਮੀਂ ਲਾਸ ਏਂਜਲਸ ਵਿਖੇ ਵੱਡੇ ਤੜ੍ਹਕੇ 3:30 ਵਜੇ ਭਾਈ ਅਵਤਾਰ ਕੀਰਤਨ ਟਕਸਾਲ ਦੇ 20 ਤੋਂ ਵੱਧ ਗੁਰਸਿੱਖਾਂ ਨੇ ਭਾਈ ਸੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ ‘ਆਸਾ ਦੀ ਵਾਰ’ ਦਾ ਮਨੋਹਰ ਕੀਰਤਨ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਹੀ ਸਵਾਰੀ ਨੁੰ ਉਥੋਂ ਵੱਡੇ ਕਾਫ਼ਲੇ ਦੇ ਰੂਪ ਵਿੱਚ, ਜਿਸਦੀ ਅਗਵਾਈ ਮੋਟਰਸਾਈਕਲ ਸਵਾਰ ਪੁਲੀਸ ਵਾਲੇ ਕਰ ਰਹੇ ਸਨ, ਨੂੰ ਝੂਲਦੇ ਖਾਲਸਾਈ ਨਿਸ਼ਾਨਾਂ ਸਮੇਤ ਲਾਸ ਏਦੇ ਕਨਵੈਨਸ਼ਨ ਸੈਂਟਰ ਲਿਆਂਦਾ ਗਿਆ ਜਿੱਥੇ ਸਵੇਰੇ 7:00 ਵਜੇ ਕੀਰਤਨ ਦਰਬਾਰ ਆਰੰਭ ਹੋਇਆ।
ਲਗਭਗ 40 ਦੇ ਕਰੀਬ ਕੀਰਤਨੀਆਂ, ਜਿਨ੍ਹਾਂ ‘ਚ ਬੀਬੀਆਂ, ਬੱਚੇ ਤੇ ਰਾਗੀ ਜਥੇ ਸ਼ਾਮਲ ਸਨ, ਨੇ ਸਿੱਖ ਪ੍ਰੇਡ ਮੌਕੇ ਮਨੋਹਰ ਕੀਰਤਨ ਰਾਹੀਂ ਫਿਜ਼ਾ ‘ਚ ਗੁਰੂ ਦਾ ਸੰਦੇਸ਼ ਸਭਨਾਂ ਤੱਕ ਪਹੁੰਚਾਇਆ।
ਇਸ ਮੌਕੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨ ਵਾਲਿਆਂ ‘ਚ ਭਾਈ ਜਸਵੰਤ ਸਿੰਘ, ਭਾਈ ਰਘਬੀਰ ਸਿੰਘ, ਭਾਈ ਵਰਿੰਦਰ ਸਿੰਘ, ਭਾਈ ਸੁਦੀਪ ਸਿੰਘ ਅਤੇ ਪ੍ਰੋਫੈਸਰ ਰਣਜੀਤ ਸਿੰਘ ਸ਼ਾਮਲ ਸਨ। ਸੰਤ ਅਨੂਪ ਸਿੰਘ ਅਤੇ ਪ੍ਰਤਾਪ ਬਰੱਦਰਜ਼ ਨੇ ਵੀ ਅਪਣੀ ਹਾਜ਼ਰੀ ਲਵਾਈ। ਗੁਰੂ ਰਾਮ ਦਾਸ ਆਸ਼ਰਮ ਦੇ ਕੀਰਤਨੀ ਜਥੇ ਨੇ ‘ਆਨੰਦ ਸਾਹਿਬ’ ਅਤੇ ‘ਸੌਂਗ ਆਫ਼ ਖਾਲਸਾ’ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।
ਫੈਡਰਲ, ਕਾਉਂਟੀ ਅਤੇ ਸ਼ਹਿਰ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਇਸ ਪ੍ਰੋਗਰਾਮ ਮੌਕੇ ਸ਼ਾਮਲ ਹੋ ਕੇ ਸਿੱਖ ਭਾਈਚਾਰੇ ਨਾਲ ਇਕਮੁਠਤਾ ਪ੍ਰਗਟਾਈ। ਯੂ ਐਸ ਕਾਂਗਰਸਵੁਮਨ 27ਵਾਂ ਡਿਸਟਰਿਕ ਜੂਡੀ ਚੂ ਨੇ ਲਗਾਤਾਰ 18ਵੀਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।
ਦੱਖਣੀ ਕੈਲੀਫੋਰਨੀਆ ਦੀ ਸਿੱਖ ਸੰਗਤ ਵਲੋਂ ਜਿਨ੍ਹਾਂ ਪਤਵੰਤਿਆਂ ਨੂੰ ਇਸ ਮੌਕੇ ”ਸਪਿਰਿਟ ਆਫ਼ ਵਿਸਾਖੀ ਅਵਾਰਡਜ਼” ਨਾਲ ਸਨਮਾਨਿਆ ਗਿਆ ਉਨ੍ਹਾਂ ਵਿੱਚ ਜੂਹੀ ਚੂ ਤੋਂ ਇਲਾਵਾ ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ, ਭਾਈ ਸਾਹਿਬਾ ਬੀਬੀ ਜੀ ਇੰਦਰਜੀਤ ਕੌਰ ਖਾਲਸਾ, ਸਿਕਦਾਰ ਸਾਹਿਬਾ ਸਰਦਾਰਨੀ ਗੁਰ ਅੰਮ੍ਰਿਤ ਕੌਰ ਖਾਲਸਾ, ਗਿਆਨੀ ਰਣਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਗੁਰਿੰਦਰ ਸਿੰਘ ਖਾਲਸਾ ਸਿੱਖਪੀਏਸੀ ਦੇ ਚੇਅਰਮੈਨ, ਜਸਵੰਤ ਸਿੰਘ ਝਾਵਰ, ਸਾਧ ਸੰਗਤ ਇਨਲੈਂਡ ਸਿੱਖ ਐਜੂਕੇਸ਼ਨ ਇੰਪਾਇਰ, ਸਾਧ ਸੰਗਤ ਸਿੱਖ ਟੈਂਪਲ ਰਿਵਰਸਾਈਡ ਅਤੇ ਨੈਕਸਟ ਜਨਰੇਸ਼ਨ ਮੈਨੇਜਮੈਂਟ ਕਮੇਟੀ ਸ਼ਾਮਲ ਸਨ।
ਗਿਆਨੀ ਰਣਜੀਤ ਸਿੰਘ ਜੀ ਨੇ ਯੋਗੀ ਹਰਭਜਨ ਸਿੰਘ ਜੀ ਤੇ ਉਨ੍ਹਾਂ ਦੀ ਪਤਨੀ ਭਾਈ ਸਾਹਿਬਾ ਬੀਬੀ ਜੀ ਇੰਦਰਜੀਤ ਕੌਰ ਖਾਲਸਾ ਵਲੋਂ ਖਾਲਸਾ ਪੰਥ ਦੀ ਸੇਵਾ ਲਈ ਘਾਲੀਆਂ ਘਾਲਨਾਵਾਂ ਤੇ ਸਿਕਦਾਰ ਸਾਹਿਬਾ ਗੁਰ ਅੰਮ੍ਰਿਤ ਕੌਰ ਖਾਲਸਾ ਵਲੋਂ ਇਸ ਮਿਸ਼ਨ ਨੂੰ ਅੱਗੇ ਤੋਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਵਲੋਂ ਭਾਈ ਸਾਹਿਬਾ ਬੀਬੀ ਜੀ ਇੰਦਰਜੀਤ ਕੌਰ ਖਾਲਸਾ ਨੂੰ ਸਿੱਖ ਪੰਥ ਨੂੰ ਸੁਚੱਜੀ ਅਗਵਾਈ ਦੇਣ ਬਦਲੇ ਸਰਾਹਨਾਪੱਤਰ ਵਾਲੀ ਪਲੇਕ ਨਾਲ ਸਨਮਾਨਿਆ ਗਿਆ। ਉਨ੍ਹਾਂ ਨੇ ਸਿੱਖ ਭਾਈਚਾਰੇ ਵਲੋਂ ਬੇਘਰਿਆਂ ਦੀ ਮਦਦ ਅਤੇ ਲੰਗਰ ਦੀ ਸੇਵਾ ਬਦਲੇ ਸਰਾਹਨਾ ਅਤੇ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਇਸ ਸਾਲ ਸਿਆਲਾਂ ਦੇ ਦਿਨੀਂ ਅਪਣੀ ਭਾਰਤ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰ ਸਕਣਗੇ।
ਗੁਰੁ ਗ੍ਰੰਥ ਸਾਹਿਬ ਦੀ ਸਵਾਰੀ ਵਾਲੇ ਫਲੋਟ ਨੂੰ ਸ਼ਾਹਾਨਾ ਢੰਗ ਨਾਲ ਸਜਾਉਣ ਦੀ ਸੇਵਾ ਜੋਗਿੰਦਰ ਸਿੰਘ ਸਿੱਧੂ ਨੇ ਨਿਭਾਈ ਸੀ। ਸਿੱਖ ਪਰੇਡ ਦੀ ਸਫ਼ਸ਼ਲਤਾ ਈ ਸਹਿਯੋਗ ਦੇਣ ਵਾਲਿਆਂ ‘ਚ ਗੁਰਦੀਪ ਸਿੰਘ ਮਲਿਕ, ਜੋਗਿੰਦਰ ਸਿੰਘ ਸਿੱਧੂ, ਸੁਖੀ ਸਿੰਘ ਤੇ ਸੋਹਨ ਸਿੰਘ ਚੌਧਰੀ ਦਾ ਵੱਡਾ ਯੋਗਦਾਨ ਰਿਹਾ। ਗ੍ਰੰਥੀ ਬੀਬੀ ਮਨਜੀਤ ਕੌਰ ਖਾਲਸਾ ਦਾ ਯੋਗਦਾਨ ਵੀ ਜ਼ਿਕਰਯੋਗ ਹੈ।
ਪ੍ਰੋਗਰਾਮ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਵਿਉਂਤਬੰਦ ਕਰਕੇ ਪੇਸ਼ ਕਰਨ ‘ਚ ਖਾਲਸਾ ਕੇਅਰ ਸੈਂਟਰ ਦੇ ਹਰਵਿੰਦਰ ਸਿੰਘ ਦੀ ਦਾਦ ਦੇਣੀ ਬਣਦੀ ਹੈ। ਪ੍ਰੋਗਰਾਮ ਨੂੰ ਸਜਾਉਣ ਦਾ ਕਾਰਜ ਸੇਵਾ ਕੌਰ ਖਾਲਸਾ ਨੇ ਬਹੁਤ ਹੀ ਸ਼ਰਧਾ ਤੇ ਖੂਬਸੂਰਤ ਢੰਗ ਨਾਲ ਕੀਤਾ।
ਹਾਲੀਵੁੱਡ ਸਿੱਖ ਟੈਂਪਲ ਵਰਮੌੰਟ ਦੇ ਸੇਵਾਦਾਰ ਸਾਰਾ ਦਿਨ ਸੰਗਤ ਦੀ ਗੁਰੂ ਕੇ ਲੰਗਰਾਂ ਨਾਲ ਸੇਵਾ ਕਰਨ ਵਾਲਿਆਂ ‘ਚ ਮੋਹਰੀ ਸਨ। ਲੰਗਰ ਲਈ ਯੋਗਦਾਨ ਪਾਉਣ ਵਾਲਿਆਂ ‘ਚ ਹਰਦੀਪ ਸਿੰਘ ਵਿਰਦੀ, ਅਮਰਜੀਤ ਸਿੰਘ, ਸਰਬਜੀਤ ਸਿੰਘ, ਭਾਈ ਚਤਰ ਸਿੰਘ, ਹਰਨਾਮ ਸਿੰਘ, ਸੰਜਮਪ੍ਰੀਤ ਰਾਇ ਕੌਰ, ਡਾ. ਮਨਜੀਤ ਸਿੰਘ ਖਾਲਸਾ, ਮਨਜੀਤ ਸਿੰਘ, ਬਿੱਕੀ ਸਿੰਘ ਤੇ ਭਾਈ ਘਨੱ੍ਹਈਆ ਸੇਵਾ ਦਲ ਸ਼ਾਮਲ ਸਨ। ਦੇਗ ਦੀ ਸੇਵਾ ਵੀ ਭਾਈ ਘਨੱ੍ਹਈਆ ਸੇਵਾ ਦਲ ਨੇ ਨਿਭਾਈ।
Comments (0)