ਇੰਡੀਅਨਐਪਲਿਸ ਦੇ ਗੁਰਦੁਆਰੇ ‘ਚ ਪ੍ਰਧਾਨਗੀ ਤੋਂ ਲੜਾਈ, ਚਾਰ ਜ਼ਖ਼ਮੀ

ਇੰਡੀਅਨਐਪਲਿਸ ਦੇ ਗੁਰਦੁਆਰੇ ‘ਚ ਪ੍ਰਧਾਨਗੀ  ਤੋਂ ਲੜਾਈ, ਚਾਰ ਜ਼ਖ਼ਮੀ

ਗ੍ਰੀਨਵੁੱਡ/ਬਿਊਰੋ ਨਿਊਜ਼:
ਅਮਰੀਕਾ ਵਿੱਚ ਇੰਡੀਅਨਐਪਲਿਸ ਦੇ ਇਕ ਗੁਰਦੁਆਰੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਹੋਈ ਝੜਪ ਦੌਰਾਨ ਚਾਰ ਸਿੱਖ ਮਾਮੂਲੀ ਜ਼ਖ਼ਮੀ ਹੋ ਗਏ। ਇਹ ਘਟਨਾ ਇੰਡੀਅਨਐਪਲਿਸ ਦੇ ਦੱਖਣ ਵਿੱਚ ਸਥਿਤ ਗੁਰਦੁਆਰੇ ਵਿੱਚ ਦੋ-ਸਾਲਾ ਚੋਣਾਂ ਦੌਰਾਨ ਵਾਪਰੀ।
ਗ੍ਰੀਨਵੁੱਡ ਦੇ ਅਸਿਸਟੈਂਟ ਪੁਲੀਸ ਚੀਫ਼ ਮੈਥਊ ਫਲਿਨਰੈਥ ਨੇ ਦੱਸਿਆ ਗੁਰਦੁਆਰੇ ਵਿੱਚ ਚੋਣ ਦੌਰਾਨ ਕਰੀਬ 150 ਜਣਿਆਂ ਦਰਮਿਆਨ ਹੋਈ ਤਕਰਾਰ ਛੇਤੀ ਹੀ ਹੱਥੋਪਾਈ ਵਿੱਚ ਬਦਲ ਗਈ। ਇਸ ਕਾਰਨ ਮੌਕੇ ‘ਤੇ ਪੁਲੀਸ ਨੂੰ ਦਖ਼ਲ ਦੇਣਾ ਪਿਆ ਅਤੇ ਨਾਲ ਹੀ ਮੈਡੀਕਲ ਸਹਾਇਤਾ ਟੀਮਾਂ ਸੱਦਣੀਆਂ ਪਈਆਂ।
ਉਨ੍ਹਾਂ ਇਕ ਨਿਊਜ਼ ਚੈਨਲ ‘ਵਿਸ਼ ਟੀਵੀ’ ਨੂੰ ਦੱਸਿਆ ਕਿ ਚੋਣਾਂ ਦੌਰਾਨ ਲੀਡਰਸ਼ਿਪ ਵਿੱਚ ਤਬਦੀਲੀ ਹੋਈ ਸੀ, ਜੋ ਲੜਾਈ ਦਾ ਕਾਰਨ ਬਣੀ। ਗੁਰਦੁਆਰੇ ਵਿੱਚ ਹਰ ਦੋ ਸਾਲਾਂ ਬਾਅਦ ਚੋਣਾਂ ਹੁੰਦੀਆਂ ਹਨ। ਸ੍ਰੀ ਫਲਿਨਰੈਥ ਮੁਤਾਬਕ ਸੰਭਵ ਤੌਰ ‘ਤੇ ਲੜਾਈ ਸਮੇਂ ਗੁਰਦੁਆਰੇ ਵਿੱਚ ਪਾਠ ਚੱਲ  ਰਿਹਾ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਗੁਰਦੁਆਰੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖਣ ਤੋਂ ਇਲਾਵਾ ਉਥੇ ਮੌਜੂਦ ਹੋਰ ਲੋਕਾਂ ਦੇ ਬਿਆਨ ਵੀ ਕਲਮਬੰਦ ਕੀਤੇ ਜਾ ਰਹੇ ਸਨ। ਇਸ ਤੋਂ ਬਾਅਦ ਪੁਲੀਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।