20 ਸਾਲ ਮਗਰੋਂ ਏਸ਼ੀਆਡ ਹਾਕੀ ਦੇ ਫਾਈਨਲ ‘ਚ ਪੁੱਜੀਆਂ ਭਾਰਤੀ ਕੁੜੀਆਂ

20 ਸਾਲ ਮਗਰੋਂ ਏਸ਼ੀਆਡ ਹਾਕੀ ਦੇ ਫਾਈਨਲ ‘ਚ ਪੁੱਜੀਆਂ ਭਾਰਤੀ ਕੁੜੀਆਂ

ਚੀਨ ਖ਼ਿਲਾਫ਼ ਜਿੱਤ ਮਗਰੋਂ ਭਾਰਤੀ ਹਾਕੀ ਖਿਡਾਰਨਾਂ ਖ਼ੁਸ਼ੀ ਸਾਂਝੀ ਕਰਦੀਆਂ ਹੋਈਆਂ।

ਜਕਾਰਤਾ/ਬਿਊਰੋ ਨਿਊਜ਼ :

ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨੂੰ 1-0 ਗੋਲ ਨਾਲ ਹਰਾ ਕੇ 20 ਸਾਲ ਦੇ ਵਕਫ਼ੇ ਮਗਰ ਕਿਸੇ ਏਸ਼ਿਅਨ ਖੇਡਾਂ ਵਿਚ ਫਾਇਨਲ ਦੀ ਰਾਹ ਮੱਲੀ ਹੈ। 18ਵੀਆਂ ਏਸ਼ਿਆਈ ਖੇਡਾਂ ਦੇ ਇਕ ਬਹੁਤ ਹੀ ਚੁਣੌਤੀਪੂਰਨ ਸੈਮੀ ਫਾਈਨਲ ਵਿਚ ਇਕ ਗੋਲ ਨਾਲ ਜਿੱਤ ਦਰਜ ਕਰ ਕੇ ਭਾਰਤੀ ਕੁੜੀਆਂ ਨੇ ਫਾਈਨਲ ਵਿਚ ਥਾਂ ਬਣਾਈ ਹੈ। ਭਾਰਤੀ ਟੀਮ ਹੁਣ 36 ਸਾਲ ਮਗਰੋਂ ਸੋਨ ਤਗ਼ਮਾ ਜਿੱਤਣ ਅਤੇ ਸੰਨ 2020 ਦੀ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਤੋਂ ਇਕ ਕਦਮ ਦੂਰ ਰਹਿ ਗਈ ਹੈ। ਭਾਰਤ ਨੇ ਆਖ਼ਰੀ ਵਾਰ ਸੰਨ 1982 ਦੌਰਾਨ ਨਵੀਂ ਦਿੱਲੀ ਏਸ਼ਿਆਡ ਵਿਚ ਸੋਨ ਤਗ਼ਮਾ ਜਿੱਤਿਆ ਸੀ।
ਭਾਰਤ ਦਾ ਸੋਨ ਤਗ਼ਮੇ ਜਾਪਾਨ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਸੈਮੀ ਫਾਈਨਲ ਵਿਚ ਮੌਜੂਦਾ ਚੈਂਪੀਅਨ ਕੋਰੀਆ ਨੂੰ 2-0 ਗੋਲਾਂ ਨਾਲ ਹਰਾਇਆ ਹੈ। ਭਾਰਤੀ ਟੀਮ ਲਈ ਮੈਚ ਦਾ ਇੱਕੋ-ਇੱਕ ਮਹੱਤਵਪੂਰਨ ਗੋਲ ਗੁਰਜੀਤ ਕੌਰ ਨੇ 52ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਕੀਤਾ। ਚੀਨ ਨੇ ਪਿਛਲੀਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਅਤੇ ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਨੇ ਆਖ਼ਰੀ ਵਾਰ ਏਸ਼ਿਆਈ ਖੇਡਾਂ ਦਾ ਫਾਈਨਲ ਸੰਨ 1998 ਦੀਆਂ ਬੈਂਕਾਕ ਖੇਡਾਂ ਵਿਚ ਖੇਡਿਆ ਸੀ। ਉਦੋਂ ਭਾਰਤੀ ਟੀਮ ਕੋਰੀਆ ਤੋਂ ਹਾਰ ਗਈ ਸੀ। ਇਸ ਵਾਰ ਤਿੰਨ ਵਾਰ ਦੀ ਸਾਬਕਾ ਚੈਂਪੀਅਨ ਚੀਨ ਦਾ ਲਗਾਤਾਰ ਦੂਜੀ ਵਾਰ ਫਾਈਨਲ ਵਿਚ ਪਹੁੰਚਣ ਦਾ ਸੁਪਨਾ ਟੁੱਟ ਗਿਆ ਹੈ।
ਭਾਰਤੀ ਟੀਮ ਨੂੰ ਸੈਮੀ ਫਾਈਨਲ ਵਿਚ ਕਾਫ਼ੀ ਪਸੀਨਾ ਵਹਾਉਣਾ ਪਿਆ। ਪਹਿਲੇ ਤਿੰਨ ਕੁਆਰਟਰ ਵਿਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਭਾਰਤ ਨੇ ਚੌਥੇ ਕੁਆਰਟਰ ਦੇ 52ਵੇਂ ਮਿੰਟ ਵਿੱਚ ਇਸ ਰੇੜਕੇ ਨੂੰ ਤੋੜਿਆ ਅਤੇ ਇਹ ਗੋਲ ਜੇਤੂ ਸਾਬਤ ਹੋਇਆ। ਭਾਰਤ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ। ਪੰਜਵਾਂ ਅਤੇ ਛੇਵਾਂ ਪੈਨਲਟੀ ਕਾਰਨਰ ਬੇਕਾਰ ਗਿਆ ਪਰ ਸੱਤਵੇਂ ਪੈਨਲਟੀ ਕਾਰਨਰ ‘ਤੇ ਗੁਰਜੀਤ ਕੌਰ ਨੇ ਜੋ ਸ਼ਾਟ ਮਾਰਿਆ, ਉਹ ਗੋਲ ਪੋਸਟ ਵਿਚ ਗੋਲਕੀਪਰ ਦੇ ਉਪਰ ਦੀ ਚਲਾ ਗਿਆ। ਭਾਰਤ ਦਾ ਗੋਲ ਹੁੰਦੇ ਹੀ ਚੀਨੀ ਖਿਡਾਰੀਆਂ ਨੇ ਵਿਰੋਧ ਦਰਜ ਕਰਵਾਉਂਦਿਆਂ ਰੈਫਰਲ ਮੰਗ ਲਿਆ ਪਰ ਟੀਵੀ ਅੰਪਾਇਰ ਨੇ ਰੀਪਲੇਅ ਵੇਖਣ ਮਗਰੋਂ ਗੋਲ ਨੂੰ ਬਰਕਰਾਰ ਰੱਖਿਆ। ਭਾਰਤ ਨੇ ਬਾਕੀ ਅੱਠ ਮਿੰਟ ਵਿਚ ਆਪਣੀ ਲੀਡ ਨੂੰ ਕਾਇਮ ਰੱਖਦਿਆਂ ਫਾਈਨਲ ਵਿਚ ਥਾਂ ਬਣਾ ਲਈ। ਆਖ਼ਰੀ ਸੀਟੀ ਵੱਜਦੇ ਹੀ ਭਾਰਤੀ ਖਿਡਾਰੀਆਂ ਦੀ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ।
ਪੈਨਲਟੀ ਕਾਰਨਰ ‘ਤੇ ਜਿਵੇਂ ਹੀ ਭਾਰਤ ਦਾ ਗੋਲ ਹੋਇਆ, ਕੋਚ ਸਯੋਰਡ ਮਾਰਿਨ ਨੇ ਖਿਡਾਰੀਆਂ ਨੂੰ ਗਲੇ ਲਾ ਕੇ ਆਪਣੀ ਖ਼ੁਸ਼ੀ ਪ੍ਰਗਟ ਕੀਤੀ। ਉਹ ਜਾਣਦੇ ਸਨ ਕਿ ਇਹ ਗੋਲ ਕਿੰਨਾ ਮਹੱਤਵਪੂਰਨ ਹੈ। ਸੋਨੇ ਅਤੇ ਓਲੰਪਿਕ ਟਿਕਟ ਤੋਂ ਇਕ ਜਿੱਤ ਦੂਰ ਖੜ੍ਹੀ ਭਾਰਤੀ ਟੀਮ ਨੂੰ ਫਾਈਨਲ ਤੋਂ ਇਕ ਦਿਨ ਪਹਿਲਾਂ ਆਪਣੀਆਂ ਕੁਝ ਕਮਜ਼ੋਰੀਆਂ ‘ਤੇ ਚਿੰਤਨ ਕਰਨਾ ਹੋਵੇਗਾ। ਭਾਰਤ ਸੱਤ ਪੈਨਲਟੀ ਕਾਰਨਰਾਂ ਵਿਚੋਂ ਸਿਰਫ਼ ਇੱਕ ਦਾ ਫ਼ਾਇਦਾ ਉਠਾ ਸਕਿਆ ਅਤੇ ਗੋਲ ਕਰਨ ਦੇ ਚਾਰ ਸ਼ਾਨਦਾਰ ਮੌਕੇ ਗੁਆਏ। ਜਾਪਾਨ ਨੇ ਜਿਸ ਤਰ੍ਹਾਂ ਦੂਜੇ ਸੈਮੀ ਫਾਈਨਲ ਕੋਰੀਆ ਨੂੰ 2-0 ਨਾਲ ਹਰਾਇਆ ਹੈ, ਉਹ ਭਾਰਤੀ ਟੀਮ ਲਈ ਚਿੰਤਾ ਦੀ ਗੱਲ ਹੋ ਸਕਦੀ ਹੈ।