ਪਰਵਾਸੀ ਹੁਕਮਾਂ ਦੇ ਵਿਰੋਧ ‘ਚ ਟਰੰਪ ਹੋਟਲ ਦੇ ਬਾਹਰ ਪ੍ਰਦਰਸ਼ਨ

ਪਰਵਾਸੀ ਹੁਕਮਾਂ ਦੇ ਵਿਰੋਧ ‘ਚ ਟਰੰਪ ਹੋਟਲ ਦੇ ਬਾਹਰ ਪ੍ਰਦਰਸ਼ਨ

ਨਿਊ ਯਾਰਕ/ਬਿਊਰੋ ਨਿਊਜ਼ :
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਨੌਜਵਾਨ ਪਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਨਾ ਭੇਜਣ ਦੇ ਜਾਰੀ ਪ੍ਰਸ਼ਾਸਕੀ ਹੁਕਮਾਂ ਨੂੰ ਰੱਦ ਕਰਨ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੌਮਾਂਤਰੀ ਹੋਟਲ ਤੇ ਟਾਵਰ ਦੇ ਬਾਹਰ ਰੈਲੀ ਕੱਢੀ ਤੇ ਪ੍ਰਦਰਸ਼ਨ ਕੀਤਾ। ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੇ ਲੰਘੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਵੱਲੋਂ ਜਾਰੀ ਉਪਰੋਕਤ ਹੁਕਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਸਾਬਕਾ ਰਾਸ਼ਟਰਪਤੀ ਓਬਾਮਾ ਨੇ ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਬੱਚਿਆਂ ਨੂੰ ਇਥੇ ਰਹਿਣ ਦੀ ਇਜਾਜ਼ਤ ਦਿੱਤੀ ਸੀ।
ਰੈਲੀ ਵਿੱਚ ਸ਼ਾਮਲ ਵੱਡੀ ਗਿਣਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਡੀਏਸੀਏ (ਬੱਚਿਆਂ ਦੇ ਦਾਖ਼ਲੇ ‘ਤੇ ਕੋਈ ਕਾਰਵਾਈ ਨਹੀਂ) ਦਾ ਫ਼ਾਇਦਾ ਹੋਇਆ ਹੈ। ਰੈਲੀ ਦੌਰਾਨ ਜਿੱਥੇ ਪ੍ਰਦਰਸ਼ਨਕਾਰੀਆਂ ਨੇ ‘ਕੋਈ ਵੀ ਗ਼ੈਰਕਾਨੂੰਨੀ ਨਹੀਂ’ ਤੇ ‘ਪਰਵਾਸੀਆਂ ਦਾ ਸਵਾਗਤ’ ਲਿਖੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸੀ, ਉਥੇ ਉਨ੍ਹਾਂ ‘ਡੋਨਲਡ ਟਰੰਪ ਨੂੰ ਵਾਪਸ ਭੇਜੋ’ ਦੇ ਨਾਅਰੇ ਵੀ ਲਾਏ। ਰੈਲੀ ਵਿੱਚ ਸ਼ਾਮਲ ਇੰਟੀਰੀਅਰ ਡਿਜ਼ਾਇਨਰ ਸਾਂਦਰਾ ਸਿਲਵਾ (28) ਨੇ ਕਿਹਾ ਕਿ ਉਹ 12 ਸਾਲ ਦੀ ਉਮਰੇ ਮੈਕਸਿਕੋ ਤੋਂ ਅਮਰੀਕਾ ਆਈ ਸੀ ਅਤੇ ਉਦੋਂ ਤੋਂ ਅਮਰੀਕਾ ਵਿਚ ਹੈ। ਉਸ ਨੇ ਘਰਾਂ ਦੀ ਸਾਫ਼ ਸਫ਼ਾਈ ਤੇ ਰੇਸਤਰਾਂ ਵਿਚ 40 ਘੰਟੇ ਕੰਮ ਕਰਕੇ ਸਿਟੀ ਕਾਲਜ ਵਿਚੋਂ ਆਰਕੀਟੈਕਚਰ ਦੀ ਡਿਗਰੀ ਹਾਸਲ ਕੀਤੀ ਹੈ। ਉਸ ਨੇ ਕਿਹਾ ਕਿ ਡੀਏਸੀਏ ਪ੍ਰੋਗਰਾਮ ਨੇ ਉਸ ਨੂੰ ਮੌਕਾ ਦਿੱਤਾ ਹੈ। ਸਿਲਵਾ ਨੇ ਕਿਹਾ ਕਿ ਉਹ ਪ੍ਰੋਗਰਾਮ ਨੂੰ ਖ਼ਤਮ ਕੀਤੇ ਜਾਣ ਤੋਂ ਗੁੱਸੇ ਵਿਚ ਹੈ। ਉਸ ਨੇ ਕਿਹਾ, ‘ਅਸੀਂ ਇਥੇ ਕਿਸੇ ਦਾ ਰੁਜ਼ਗਾਰ ਖੋਹਣ ਲਈ ਨਹੀਂ ਆਏ, ਅਸੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲਿਆਂ ਵਿਚੋਂ ਹਾਂ।’ ਇਸੇ ਤਰ੍ਹਾਂ ਸੁਸਨ ਪਿਓਮਾ (26) ਨੇ ਕਿਹਾ, ‘ਜੇਕਰ ਮੈਨੂੰ ਵਾਪਸ ਭੇਜਿਆ ਗਿਆ ਤਾਂ ਮੇਰੀ ਪਛਾਣ ਮੈਥੋਂ ਖੁੱਸ ਜਾਵੇਗੀ।’ ਪਿਓਮਾ ਨੇ 5 ਸਾਲ ਦੀ ਉਮਰੇ ਆਪਣੇ ਪਰਿਵਾਰ ਨਾਲ ਇਕੁਆਡੋਰ ਤੋਂ ਅਮਰੀਕਾ ਪਰਵਾਸ ਕੀਤਾ ਸੀ। ਉਨ੍ਹਾਂ ਆਸ ਜਤਾਈ ਕਿ ਅਮਰੀਕੀ ਸੰਸਦ ਉਨ੍ਹਾਂ ਵਰਗੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰੇਗੀ।