ਬਾਦਲਾਂ ਨੇ ਜਥੇਦਾਰ ਹਵਾਰਾ ਦੇ ਸਾਹਮਣੇ ਜਥੇਦਾਰ ਰਾਜੋਆਣਾ ਕਰਨ ਦੀ ਰਣਨੀਤੀ ਬਣਾਈ?

ਬਾਦਲਾਂ ਨੇ ਜਥੇਦਾਰ ਹਵਾਰਾ ਦੇ ਸਾਹਮਣੇ ਜਥੇਦਾਰ ਰਾਜੋਆਣਾ ਕਰਨ ਦੀ ਰਣਨੀਤੀ ਬਣਾਈ?

ਪਟਿਆਲਾ/ਬਿਊਰੋ ਨਿਊਜ਼ :

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥਾਪੇ ਗਏ ਤਿੰਨ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਦਿਨ ਫਾਂਸੀ ਦੀ ਸਜਾ-ਯਾਫਤਾ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਪਟਿਆਲਾ ਜੇਲ੍ਹ ਵਿਚ ਮੁਲਾਕਾਤ ਕੀਤੀ। ਇਸ ਮੁਲਾਕਾਤ ਬਾਰੇ ਕਈ ਤਰ੍ਹਾਂ ਦੀ ਚਰਚਾ ਗਰਮ ਹੈ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਡਾਕਰਟੀ ਜਾਂਚ ਲਈ ਲਿਆਂਦੇ ਜਾਣ ਮੌਕੇ ਭਾਈ ਰਾਜੋਆਣਾ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਕ ਵਿਚ ਬਿਆਨ ਦਿੱਤਾ ਸੀ। ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ, ਜੋ ਹਾਲ ਹੀ ‘ਚ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਪੇਸ਼ ਹੋ ਰਹੀ ਹੈ, ਕਾਰਨ ਬਾਦਲ ਦਲ ਕਸੂਤੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਸਿਆਸੀ ਹਾਲਾਤ ਵਿਚ ਸਰਬੱਤ ਖਾਲਸਾ ਧਿਰਾਂ ਨੂੰ ਪੰਥਕ ਰਾਜਨੀਤੀ ਵਿਚ ਮੂਹਰੇ ਆਉਣ ਤੋਂ ਰੋਕਣ ਵਾਸਤੇ ਸਰਬੱਤ ਖਾਲਸਾ ਮੌਕੇ ਥਾਪੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਬਰਾਬਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ ਤੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਲਗਾਉਣ ਦੀ ਰਣਨੀਤੀ ਘੜੇ ਜਾਣ ਦੀਆਂ ਕਨਸੋਆਂ ਹਨ।
ਇਸ ਮੁਲਾਕਾਤ ਨੂੰ ਭਾਵੇਂ ਗਿਆਨੀ ਗੁਰਬਚਨ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਆਮ ਮੁਲਾਕਾਤ ਦੱਸਿਆ ਗਿਆ ਪਰ ਇਹ ਮੁਲਾਕਾਤ ਯਕੀਨਨ ਆਮ ਹਾਲਾਤ ਵਿਚ ਹੋਣ ਵਾਲੀ ਮੁਲਾਕਾਤ ਨਹੀਂ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਥਿਤ ਮਾਫੀ ਦਿਵਾਉਣ, ਬਰਗਾੜੀ ਅਤੇ ਹੋਰਨਾਂ ਥਾਵਾਂ ‘ਤੇ ਹੋਈ ਗੁਰੂ ਗ੍ਰਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿਚ ਸਿੱਖਾਂ ਉੱਤੇ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਮਾਮਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੰਚਾਲਕ ਬਾਦਲ ਪਰਵਾਰ ਦੀ ਭੂਮਿਕਾ ਦਾ ਜ਼ਿਕਰ ਜਸਟਿਸ ਰਣਜੀਤ ਸਿੰਘ ਦੇ ਜਾਂਚ ਲੇਖੇ ਵਿਚ ਆਉਣ ਤੋਂ ਬਾਅਦ ਬਾਦਲ ਦਲ ਇਸ ਜਾਂਚ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਲਈ ਹਰ ਹਰਬਾ ਵਰਤ ਰਿਹਾ ਹੈ।
ਲੰਘੇ ਦਿਨ ਵੀ ਜਿਸ ਵੇਲੇ ਗਿਆਨੀ ਗੁਰਬਚਨ ਸਿੰਘ ਤੇ ਹੋਰਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਜਾ ਰਹੀ ਸੀ, ਉਸੇ ਵੇਲੇ ਇਕ ਹੋਰ ਸਾਬਕਾ ‘ਜਥੇਦਾਰ’ ਗਿਆਨੀ ਗੁਰਮੁਖ ਸਿੰਘ ਦਾ ਭਰਾ ਹਿੰਮਤ ਸਿੰਘ, ਜੋ ਉਸ ਦਾ ਨਿੱਜੀ ਸਹਾਇਕ ਵੀ ਰਿਹਾ ਹੈ, ਚੰਡੀਗੜ੍ਹ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਆਪਣੇ ਬਿਆਨਾਂ ਤੋਂ ਮੁੱਕਰ ਰਿਹਾ ਸੀ।
ਦੱਸਣਯੋਗ ਹੈ ਕਿ ਗਿਆਨੀ ਗੁਰਮੁਖ ਸਿੰਘ ਉੱਤੇ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦੇ ਦੋਸ਼ ਲਗਦੇ ਰਹੇ ਹਨ। ਉਸ ਵੱਲੋਂ ਅਪਰੈਲ 2017 ਵਿਚ ਇਸ ਮਾਫੀ ਲਈ ਸੁਖਬੀਰ ਸਿੰਘ ਬਾਦਲ ਅਤੇ ਪਰਕਾਸ਼ ਸਿੰਘ ਬਾਦਲ ਵੱਲੋਂ ਜਥੇਦਾਰਾਂ ‘ਤੇ ਦਬਾਅ ਬਣਾਉਣ ਦਾ ਖੁਲਾਸਾ ਕਰਨ ਤੋਂ ਬਾਅਦ ਉਸ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਸੀ। ਲੰਘੀ 3 ਅਪਰੈਲ ਨੂੰ ਅਚਾਨਕ ਬਾਦਲਾਂ ਦੇ ਕਬਜ਼ੇ ਵਾਲੀ ਸ਼੍ਰੋ.ਗੁ.ਪ੍ਰ.ਕ. ਨੇ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਵੱਜੋਂ ਬਹਾਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੀ ਉਸ ਦਾ ਭਰਾ ਹਿੰਮਤ ਸਿੰਘ ਆਪਣੇ ਬਿਆਨਾਂ ਤੋਂ ਮੁੱਕਰਿਆ ਹੈ।
ਅਜਿਹੇ ਹਾਲਾਤ ਵਿੱਚ ਸਿੱਖ ਸਫਾਂ ਵਿੱਚ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਗਏ ਤਿੰਨਾਂ ਜਥੇਦਾਰਾਂ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਨੂੰ ਖਾਸ ਅਹਿਮਅਤ ਨਾਲ ਵੇਖਿਆ ਜਾ ਰਿਹਾ ਹੈ। ਚਰਚਾ ਹੈ ਕਿ ਜਥੇਦਾਰ ਬਾਦਲਾਂ ਦਾ ਕੋਈ ਖਾਸ ਸੁਨੇਹਾ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੇ ਹੋ ਸਕਦੇ ਹਨ।
ਯਾਦ ਰਹੇ ਕਿ ਭਾਈ ਬਲਵੰਤ ਸਿੰਘ ਦੀ ਫਾਂਸੀ ਵਿਰੁਧ ਸ਼੍ਰੋ.ਗੁ.ਪ੍ਰ.ਕ. ਵੱਲੋਂ ਭਾਰਤੀ ਰਾਸ਼ਟਰਪਤੀ ਕੋਲ ਪਾਈ ਗਈ ‘ਮੁੜ ਵਿਚਾਰ ਅਰਜ਼ੀ’ ਨੂੰ ਮਨਜ਼ੂਰ ਕਰਨ ਬਾਰੇ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਭਾਰਤ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਰਾਜਨਾਥ ਸਿੰਘ ਨਾਲ ਮੁਕਾਕਾਤ ਕੀਤੀ ਸੀ।
ਇਸ ਤੋਂ ਕੁਝ ਕੁ ਦਿਨ ਪਹਿਲਾਂ ਹੀ ਆਪਣੀ ਰਾਜਿੰਦਰਾ ਹਸਪਤਾਲ ਦੀ ਫੇਰੀ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ ‘ਰਿਫਰੈਂਡਮ 2020’ ਮੁਹਿੰਮ ਤਹਿਤ ਕੀਤੇ ਗਏ ‘ਲੰਡਨ ਐਲਾਨਨਾਮੇ’ ਦੀ ਅਲੋਚਨਾ ਕਰਦਿਆਂ ਇਸ ਨੂੰ ਸ਼੍ਰੋ.ਅ.ਦ. (ਬਾਦਲ) ਨੂੰ ਕਮਜੋਰ ਕਰਨ ਦੀ ਸਾਜਿਸ਼ ਕਰਾਰ ਦਿੱਤਾ ਸੀ।