ਚੀਨ : ਅੰਮ੍ਰਿਤਧਾਰੀ ਸਿੰਘਾਂ ਨੇ ਲੜਕੀ ਨੂੰ ਲੁਟੇਰੇ ਹੱਥੋਂ ਬਚਾਇਆ

ਚੀਨ : ਅੰਮ੍ਰਿਤਧਾਰੀ ਸਿੰਘਾਂ ਨੇ ਲੜਕੀ ਨੂੰ ਲੁਟੇਰੇ ਹੱਥੋਂ ਬਚਾਇਆ

ਹਾਂਗਕਾਂਗ/ਬਿਊਰੋ ਨਿਊਜ਼ :
ਹਾਂਗਕਾਂਗ ਵਿਚ ਵਾਪਰੀ ਲੁੱਟ ਖੋਹ ਦੀ ਵਾਰਦਾਤ ਦੌਰਾਨ ਦੋ ਅੰਮ੍ਰਿਤਧਾਰੀ ਸਿੰਘਾਂ ਨੇ ਦਲੇਰਾਨਾ ਕਾਰਵਾਈ ਕਰਦਿਆਂ ਇਕ ਚੀਨੀ ਲੜਕੀ ਨੂੰ ਲੁਟੇਰੇ ਦੇ ਚੁੰਗਲ ਤੋਂ ਬਚਾ ਕੇ ਲੁਟੇਰੇ ਨੂੰ ਕਾਬੂ ਕਰ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ। ਪ੍ਰਾਪਤ ਵੇਰਵੇ ਅਨੁਸਾਰ ਹੁੰਗ-ਹਾਮ ਮੈਟਰੋ ਕਾਰ ਪਾਰਕਿੰਗ ਵਿਚ ਭਾਈ ਦਲਜੀਤ ਸਿੰਘ ਜ਼ੀਰਾ ਅਤੇ ਭਾਈ ਪ੍ਰਿਤਪਾਲ ਸਿੰਘ ਆਪਣੇ ਕਿਸੇ ਸੱਜਣ ਦੇ ਇੰਤਜ਼ਾਰ ਵਿਚ ਰੁਕੇ ਹੋਏ ਸਨ ਕਿ ਉਨ੍ਹਾਂ ਨੂੰ ਲੜਕੀ ਦੀਆਂ ਚੀਕਾਂ ਸੁਣਾਈ ਦਿੱਤੀਆਂ। ਦੋਵਾਂ ਨੇ ਕਾਰ ਵਿਚੋਂ ਉਤਰਦਿਆਂ ਵੇਖਿਆ ਕਿ ਇਕ ਲੁਟੇਰਾ ਇਕ ਚੀਨੀ ਲੜਕੀ ਤੋਂ ਫੋਨ ਖੋਹ ਕੇ ਉਸ ਦਾ ਪਰਸ ਖੋਹਣ ਲਈ ਉਸ ਨਾਲ ਹੱਥੋਪਾਈ ਹੋ ਰਿਹਾ ਸੀ। ਦੋਵਾਂ ਸਿੰਘਾਂ ਵੱਲੋਂ ਲਲਕਾਰਨ ‘ਤੇ ਲੁਟੇਰਾ ਭੱਜ ਉਠਿਆ ਅਤੇ ਪਿੱਛਾ ਕਰ ਰਹੇ ਸਿੰਘਾਂ ਵੱਲ ਉਹ ਫੋਨ ਅਤੇ ਹੋਰ ਚੀਜ਼ਾਂ ਮਾਰਨ ਲੱਗਾ। ਸਿੰਘਾਂ ਵੱਲੋਂ ਫੁਰਤੀ ਵਰਤਦਿਆਂ ਹਲਕੀ ਹੱਥੋਪਾਈ ਤੋਂ ਬਾਅਦ ਲੁਟੇਰਾ ਕਾਬੂ ਕਰ ਲਿਆ। ਰਾਹਗੀਰਾਂ ਵੱਲੋਂ ਪੁਲੀਸ ਨੂੰ ਦਿੱਤੀ ਇਤਲਾਹ ‘ਤੇ ਪੁਲੀਸ ਘਟਨਾ ਸਥਾਨ ‘ਤੇ ਪਹੁੰਚੀ ਤੇ ਲੁਟੇਰੇ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜ਼ਖ਼ਮੀ ਲੜਕੀ ਨੂੰ ਹਸਪਤਾਲ ਭੇਜ ਦਿੱਤਾ।