ਕੈਨਸਾਸ ਗੋਲੀ ਕਾਂਡ: ਇਆਨ ਗ੍ਰਿਲਟ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ

ਕੈਨਸਾਸ ਗੋਲੀ ਕਾਂਡ: ਇਆਨ ਗ੍ਰਿਲਟ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ
ਕੈਪਸ਼ਨ-ਹਿਊਸਟਨ ਵਿੱਚ ਅਮਰੀਕਾ ਸਥਿਤ ਭਾਰਤੇ ਸਫੀਰ ਨਵਤੇਜ ਸਰਨਾ ਹੱਥੋਂ ਇੱਕ ਲੱਖ ਡਾਲਰ ਦਾ ਇਨਾਮ ਹਾਸਲ ਕਰਦਾ ਹੋਇਆ ਇਆਨ ਗ੍ਰਿਲਟ।

ਹਿਊਸਟਨ/ਬਿਊਰੋ ਨਿਊਜ਼ :
ਇੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਪਿਛਲੇ ਮਹੀਨੇ ਕੈਨਸਾਸ ਵਿੱਚ ਹੋਈ ਗੋਲੀਬਾਰੀ ਦੌਰਾਨ ਇੱਕ ਭਾਰਤੀ ਮੂਲ ਦੇ ਨਾਗਰਿਕ ਦਾ ਬਚਾਅ ਕਰਨ ਵਾਲੇ 24 ਸਾਲਾ ਅਮਰੀਕੀ ਨਾਗਰਿਕ ਦਾ ‘ਏ ਟਰੂ ਅਮਰੀਕਨ ਹੀਰੋ’ ਵਜੋਂ ਸਨਮਾਨ ਕੀਤਾ ਹੈ ਅਤੇ ਕੈਨਸਾਸ ਵਿੱਚ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਇੱਕ ਲੱਖ ਡਾਲਰ ਇਕੱਠੇ ਕੀਤੇ ਗਏ ਹਨ। ਇਸ ਗੋਲੀਬਾਰੀ ਦੌਰਾਨ ਭਾਵੇਂ ਭਾਰਤੀ ਮੂਲ ਦੇ ਨਾਗਰਿਕ ਦੀ ਮੌਤ ਹੋ ਗਈ ਸੀ ਤੇ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ ਸੀ ਪਰ ਇਆਨ ਗ੍ਰਿਲਟ ਉਨ੍ਹਾਂ ਦਾ ਬਚਾਅ ਕਰਦਿਆਂ ਆਪ ਜ਼ਖ਼ਮੀ ਹੋ ਗਿਆ ਸੀ।
ਇੱਥੇ ਇੰਡੀਆ ਹਾਊਸ ਵਿੱਚ ਭਾਈਚਾਰੇ ਦਾ ਸਾਲਾਨਾ ਸਮਾਗਮ ਹੋਇਆ, ਜਿਸ ਦੌਰਾਨ ਇਆਨ ਗ੍ਰਿਲਟ ਨੂੰ ‘ਏ ਟਰੂ ਅਮੈਰੀਕਨ ਹੀਰੋ’ ਵਜੋਂ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਕੈਨਸਾਸ ਵਿੱਚ ਇੱਕ ਬਾਰ ਵਿੱਚ ਸੇਵਾਮੁਕਤ ਜਲ ਸੈਨਿਕਾਂ ਵੱਲੋਂ ਗੋਲੀਬਾਰੀ ਦੀ ਘਟਨਾ ਦੌਰਾਨ ਬਚਾਅ ਕਰਨ ਦੀ ਕੋਸ਼ਿਸ਼ ਵਿੱਚ ਇਆਨ ਗ੍ਰਿਲਟ ਜ਼ਖ਼ਮੀ ਹੋ ਗਿਆ ਸੀ। ਗੋਲੀਬਾਰੀ ਵਿੱਚ ਭਾਰਤੀ ਮੂਲ ਦਾ 32 ਸਾਲਾ ਨਾਗਰਿਕ ਸ੍ਰੀਨਿਵਾਸਨ ਕੁਚੀਭੋਤਲਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਤੇ ਉਸ ਦਾ ਸਾਥੀ ਅਲੋਕ ਮਦਸਾਨੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਇੰਡੀਆ ਹਾਊਸ ਹਿਊਸਟਨ ਨੇ ਫੇਸਬੁਕ ਪੇਜ ‘ਤੇ ਪੋਸਟ ਕੀਤੇ ਬਿਆਨ ਵਿੱਚ ਕਿਹਾ ਕਿ ਹਿਊਸਟਨ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਇੰਡੀਆ ਹਾਊਸ ਵਿੱਚ ਇਆਨ ਗ੍ਰਿਲਟ ਦੇ ਸ਼ਲਾਘਾਯੋਗ ਕਦਮ ਲਈ ਉਸ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਪੁਸ਼ਟੀ ਕੀਤੀ ਕਿ ਇਸ ਸਨਮਾਨ ਦੇ ਨਾਲ ਘਰ ਖ਼ਰੀਦਣ ਵਿੱਚ ਉਸ ਦੀ ਮਦਦ ਕਰਨ ਲਈ ਵੀ ਪੈਸੇ ਇਕੱਠੇ ਕੀਤੇ ਗਏ ਹਨ। –