ਭਾਰਤੀ-ਅਮਰੀਕੀਆਂ ਵੱਲੋਂ ਵ੍ਹਾਈਟ ਹਾਊਸ ਅੱਗੇ ਨਸਲੀ ਅਪਰਾਧਾਂ ਵਿਰੁੱਧ ਜਾਗਰੂਕਤਾ ਰੈਲੀ

ਭਾਰਤੀ-ਅਮਰੀਕੀਆਂ ਵੱਲੋਂ ਵ੍ਹਾਈਟ ਹਾਊਸ ਅੱਗੇ ਨਸਲੀ ਅਪਰਾਧਾਂ ਵਿਰੁੱਧ ਜਾਗਰੂਕਤਾ ਰੈਲੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤੀ-ਅਮਰੀਕੀਆਂ ਨੇ ਇੱਥੇ ਵ੍ਹਾਈਟ ਹਾਊਸ ਅੱਗੇ ਨਸਲੀ ਅਪਰਾਧਾਂ ਵਿਰੁੱਧ ਜਾਗਰੂਕਤਾ ਰੈਲੀ ਕਰ ਕੇ ਇਸ ਮਾਮਲੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਖ਼ਲ ਦੀ ਮੰਗ ਕੀਤੀ।
ਭਾਰਤੀ-ਅਮਰੀਕੀ, ਖ਼ਾਸ ਤੌਰ ‘ਤੇ ਹਿੰਦੂ ਤੇ ਸਿੱਖ ਇਸਲਾਮ ਦੇ ਡਰ ਕਾਰਨ ਹੁੰਦੇ ਅਪਰਾਧਾਂ ਦੇ ਪੀੜਤ ਬਣ ਰਹੇ ਹਨ। ਵਰਜੀਨੀਆ ਆਧਾਰਤ ਕਾਰਪੋਰੇਟ ਮਾਮਲਿਆਂ ਦੇ ਵਕੀਲ ਵਿੰਧੀਆ ਅਡਾਪਾ (27) ਨੇ ਵ੍ਹਾਈਟ ਹਾਊਸ ਅੱਗੇ ਕਿਹਾ ਕਿ ਹਿੰਦੂ ਹਾਲ ਹੀ ਵਿੱਚ ਇਸਲਾਮ ਦੇ ਡਰ ਕਾਰਨ ਹੁੰਦੇ ਅਪਰਾਧਾਂ ਦੇ ਸ਼ਿਕਾਰ ਬਣੇ ਹਨ। ਵੱਖ ਵੱਖ ਗਰੁੱਪਾਂ ਨਾਲ ਸਬੰਧਤ ਦਰਜਨਾਂ ਭਾਰਤੀ-ਅਮਰੀਕੀਆਂ ਨੇ ਭਾਈਚਾਰੇ ਵਿਰੁੱਧ ਨਸਲੀ ਅਪਰਾਧਾਂ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ।
ਅਡਾਪਾ ਦੇ ਮਿੱਤਰ ਤੇ ਭਾਰਤੀ-ਅਮਰੀਕੀ ਨੌਜਵਾਨ ਡਾਕਟਰ ਐਸ ਸ਼ੇਸ਼ਾਦਰੀ ਨੇ ਕਿਹਾ ਕਿ ਕੈਨਸਾਸ ਵਿੱਚ ਆਈਟੀ ਮਾਹਰ ਦਾ ਕਤਲ ਤੇ ਗੋਲੀਬਾਰੀ ਇਸ ਦੀ ਤਾਜ਼ਾ ਉਦਾਹਰਣ ਹੈ, ਜਿਸ ਨੂੰ ਗਲਤੀ ਨਾਲ ਅਰਬ ਤੇ ਮੁਸਲਮਾਨ ਸਮਝ ਕੇ ਗੋਲੀ ਮਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਹ ਸਮਝਦੇ ਹਨ ਕਿ ਮੌਜੂਦਾ ਸਿਆਸੀ ਮਾਹੌਲ ਹੌਲੀ ਹੌਲੀ ਹਿੰਦੂ-ਅਮਰੀਕੀਆਂ ਸਣੇ ਸਾਰੇ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਹੈ। ਰਾਸ਼ਟਰਪਤੀ ਨੂੰ ਇਸ ਘਟਨਾ ਦੀ ਨਿਖੇਧੀ ਕਰਨ ਦੀ ਅਪੀਲ ਕਰਦਿਆਂ ਅਡਾਪਾ ਨੇ ਕਿਹਾ, ”ਅਸੀਂ ਇੱਥੇ ਨਸਲੀ ਅਪਰਾਧਾਂ ਖ਼ਾਸ ਤੌਰ ਉਤੇ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਹੋਣ ਵਾਲੇ ਨਸਲੀ ਅਪਰਾਧਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਇਕੱਠੇ ਹੋਏ ਹਾਂ। ਇਹ ਟਰੰਪ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਨਹੀਂ ਹੈ।”

ਐਚ1ਬੀ ਵੀਜ਼ੇ ਵਿਚ ਨਹੀਂ ਹੋਵੇਗੀ ਕੋਈ ਅਹਿਮ ਤਬਦੀਲੀ :
ਨਵੀਂ ਦਿੱਲੀ : ਵਣਜ ਮੰਤਰੀ ਨਿਰਮਲਾ ਸੀਤਾਰਮਨ ਨੇ ਦੱਸਿਆ ਕਿ ਅਮਰੀਕਾ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਐਚ1ਬੀ ਵੀਜ਼ੇ ਦੀ ਵਿਵਸਥਾ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਕੀਤੀ ਜਾਵੇਗੀ। ਸੀਤਾਰਮਨ ਨੇ ਲੋਕ ਸਭਾ ਵਿੱਚ ਕਿਹਾ ਕਿ ਭਾਰਤ, ਅਮਰੀਕਾ ਦੇ ਨਵੇਂ ਪ੍ਰਸ਼ਾਸਨ ਅੱਗੇ ਵੀਜ਼ਾ ਨੀਤੀ ਬਾਰੇ ਆਪਣੇ ਤੌਖਲੇ ਜ਼ੋਰਦਾਰ ਤਰੀਕੇ ਨਾਲ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਐਚ1ਬੀ ਵੀਜ਼ਾ ਪ੍ਰਣਾਲੀ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੈ। ਪ੍ਰਸ਼ਨ ਕਾਲ ਦੌਰਾਨ ਵਣਜ ਮੰਤਰੀ ਨੇ ਕਿਹਾ ਕਿ 2017 ਲਈ ਫਿਲਹਾਲ ਖ਼ਤਰਾ ਟਲਿਆ ਨਹੀਂ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲ ਫਿਲਹਾਲ ਗ਼ੈਰਕਾਨੂੰਨੀ ਪਰਵਾਸੀਆਂ ਦੇ ਮਸਲੇ ਹੱਲ ਕਰਨਾ ਹੈ। ਸੀਤਾਰਮਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਸਲਾ ਬੌਬ ਗੁੱਡਲੱਟੇ ਦੀ ਅਗਵਾਈ ਹੇਠ ਆਏ ਵਫ਼ਦ ਅੱਗੇ ਵੀ ਰੱਖਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਵੀਜ਼ਾ ਪ੍ਰਣਾਲੀ ਬਾਰੇ ਆਪਣੇ ਤੌਖ਼ਲੇ 2016 ਵਿੱਚ ਕੂਟਨੀਤੀ ਅਤੇ ਵਣਜ ਬਾਰੇ ਹੋਈ ਚਰਚਾ ਵਿੱਚ ਸਪਸ਼ਟ ਕੀਤੇ ਸਨ।