ਟਰੰਪ ਨੇ ‘ਓਬਾਮਾਕੇਅਰ’ ਨੂੰ ਭੰਡਦਿਆਂ ‘ਆਫ਼ਤ’ ਕਰਾਰ ਦਿੱਤਾ

ਟਰੰਪ ਨੇ ‘ਓਬਾਮਾਕੇਅਰ’ ਨੂੰ ਭੰਡਦਿਆਂ ‘ਆਫ਼ਤ’ ਕਰਾਰ ਦਿੱਤਾ
ਕੈਪਸ਼ਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਪਤਨੀ ਮਿਲੇਨੀਆ ਟਰੰਪ ਤੇ ਪੁੱਤਰ ਬੈਰੋਨ ਟਰੰਪ ਨਾਲ ਪਾਮ ਬੀਚ ਕੌਮਾਂਤਰੀ ਹਵਾਈ ਅੱਡੇ ‘ਤੇ ਏਅਰ ਫੋਰਸ ਵੰਨ ਦੀਆਂ ਪੌੜੀਆਂ ਉਤਰਦੇ ਹੋਏ।

ਵਾਸ਼ਿੰਗਟਨ/ਬਿਊਰੋ ਨਿਊਜ਼ :
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਓਬਾਮਾਕੇਅਰ ‘ਕਿਆਮਤ’ ਹੈ ਅਤੇ ਇਹ ‘ਬੁਰੀ ਤਰ੍ਹਾਂ ਨਾਕਾਮ’ ਹੋ ਰਹੀ ਹੈ। ਉਨ੍ਹਾਂ ਨੇ ਇਸ ਕਿਫਾਇਤੀ ਹੈਲਥਕੇਅਰ ਨੂੰ ਬਦਲਣ ਦੀ ਯੋਜਨਾ ਬਣਾਈ ਹੈ ਕਿਉਂਕਿ ਇਸ ਦਾ ਬੀਮਾ ਪ੍ਰੀਮੀਅਮ ਬਹੁਤ ਜ਼ਿਆਦਾ ਵਧਿਆ ਹੈ। ਅਮਰੀਕਾ ਦੌਰੇ ‘ਤੇ ਆਈ ਜਰਮਨ ਚਾਂਸਲਰ ਏਂਜਲਾ ਮਾਰਕਲ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ, ‘ਓਬਾਮਾਕੇਅਰ’ ਆਫ਼ਤ ਹੈ। ਇਹ ਅਸਫ਼ਲ ਹੋ ਰਹੀ ਹੈ। ਓਬਾਮਾਕੇਅਰ ਫੇਲ੍ਹ ਹੋ ਜਾਵੇਗੀ। ਇਹ ਬੰਦ ਹੋ ਜਾਵੇਗੀ। ਜੇਕਰ ਕੁੱਝ ਨਾ ਕੀਤਾ ਗਿਆ ਤਾਂ ਇਹ ਬਹੁਤ ਜਲਦੀ ਬੰਦ ਹੋ ਜਾਵੇਗੀ।’
ਚੋਣ ਮੁਹਿੰਮ ਦੇ ਵਾਅਦਿਆਂ ਵਿੱਚੋਂ ਅਹਿਮ ਵਾਅਦੇ ਨੂੰ ਪੂਰਾ ਕਰਨ ਲਈ ਟਰੰਪ ਨੇ ਬਰਾਕ ਓਬਾਮਾ ਵੱਲੋਂ ਸ਼ੁਰੂ ਕੀਤੀ ਹੈਲਥਕੇਅਰ ਯੋਜਨਾ ਨੂੰ ਬਦਲਣ ਤੇ ਰੱਦ ਕਰਨ ਲਈ ਕਦਮ ਚੁੱਕੇ ਹਨ। ਸਵਾਲਾਂ ਦੇ ਜਵਾਬ ਵਿੱਚ ਟਰੰਪ ਨੇ ਕਿਹਾ, ‘ਇਹ ਸਾਰਾ ਕੁੱਝ ਇਕੱਠਾ ਆ ਰਿਹਾ ਹੈ। ਸਾਡੇ ਕੋਲ ਬਿਹਤਰੀਨ ਹੈਲਥਕੇਅਰ ਹੋਵੇਗੀ। ਬਦਲਵੀਂ ਹੈਲਥਕੇਅਰ ਯੋਜਨਾ ਅਮਰੀਕੀ ਕਾਂਗਰਸ ਵਿੱਚ ਰੱਖੀ ਗਈ ਹੈ, ਜਿਸ ਦੇ ਪਾਸ ਹੋਣ ਦੀ  ਉਨ੍ਹਾਂ ਨੂੰ ਉਮੀਦ ਹੈ।’
ਉਨ੍ਹਾਂ ਕਿਹਾ, ‘ਇਹ ਪਾਸ ਹੋਣ ਜਾ ਰਹੀ ਹੈ, ਮੈਨੂੰ ਵਿਸ਼ਵਾਸ ਹੈ। ਮੈਂ ਸੋਚਦਾ ਇਹ ਬਹੁਤ ਜਲਦੀ ਹੋਵੇਗਾ। ਤੁਹਾਡੇ ਕੋਲ ਕੰਜ਼ਰਵੇਟਿਵ ਗਰੁੱਪ ਹਨ। ਤੁਹਾਡੇ ਕੋਲ ਹੋਰ ਗਰੁੱਪ ਵੀ ਹਨ। ਅਖੀਰ ਵਿੱਚ ਸਾਡੇ ਕੋਲ ਬਿਹਤਰੀਨ ਹੈਲਥਕੇਅਰ ਯੋਜਨਾ ਹੋਵੇਗੀ। ਇਕ ਸਾਲ ਉਡੀਕ ਕਰੋ। ਇਸ ਬਾਅਦ ਇਥੋਂ ਤਕ ਕੇ ਡੈਮੋਕਰੈਟਿਕ ਆਉਣਗੇ ਤੇ ਕਹਿਣਗੇ ਕ੍ਰਿਪਾ ਕਰ ਕੇ ਤੁਹਾਨੂੰ, ਸਾਡੀ ਮਦਦ ਕਰਨੀ ਪੈਣੀ ਹੈ। ਸਾਡੇ ਕੋਲ ਬਿਹਤਰੀਨ ਯੋਜਨਾ ਹੈ। ਮੀਡੀਆ ਇਸ ਨੂੰ ਗਲਤ ਢੰਗ ਨਾਲ ਪੇਸ਼ ਕਰ ਰਿਹਾ ਹੈ। ਪਰ ਲੋਕ ਇਸ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਇਕ ਮਾਡਲ ਬਣ ਜਾਵੇਗੀ, ਜਿਸ ਤੋਂ ਹੋਰ ਸੇਧ ਲੈਣਗੇ।’
ਡੈਨ ਬੌਨਜਿਨੋ ਬੋਲੇ- ਵ੍ਹਾਈਟ ਹਾਊਸ ਵਿਚ ਸੁਰੱਖਿਅਤ ਨਹੀਂ ਟਰੰਪ: ਵਾਸ਼ਿੰਗਟਨ : ਖੁਫ਼ੀਆ ਏਜੰਸੀ ਦੇ ਇਕ ਸਾਬਕਾ ਏਜੰਟ, ਜੋ ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ ਤੇ ਜਾਰਜ ਡਬਲਿਊ ਬੁਸ਼ ਦੇ ਸੁਰੱਖਿਆ ਅਮਲੇ ਵਿਚ ਰਿਹਾ ਹੈ, ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵ੍ਹਾਈਟ ਹਾਊਸ ਵਿੱਚ ਸੁਰੱਖਿਅਤ ਨਹੀਂ ਹੈ ਅਤੇ ਅਤਿਵਾਦੀ ਹਮਲੇ ਦੌਰਾਨ ਖੁਫੀਆਤੰਤਰ ਵੀ ਉਨ੍ਹਾਂ ਨੂੰ ਬਚਾਅ ਨਹੀਂ ਸਕੇਗਾ। ਇਕ ਵਿਅਕਤੀ, ਜੋ ਵ੍ਹਾਈਟ ਹਾਊਸ ਦੀ ਵਾੜ ਟੱਪ ਕੇ ਉੱਚ ਸੁਰੱਖਿਆ ਵਾਲੀ ਇਸ ਇਮਾਰਤ ਵਿਚ 15 ਮਿੰਟ ਤੱਕ ਘੁੰਮਦਾ ਰਿਹਾ ਸੀ, ਦੀ ਗ੍ਰਿਫ਼ਤਾਰੀ ਦੇ ਹਫ਼ਤੇ ਬਾਅਦ ਸਾਬਕਾ ਖੁਫੀਆ ਏਜੰਟ ਡੈਨ ਬੌਨਜਿਨੋ ਦਾ ਇਹ ਬਿਆਨ ਆਇਆ ਹੈ।