ਸ੍ਰੀਨਿਵਾਸ ਦੇ ਸੁਪਨਿਆਂ ਲਈ ਮੈਨੂੰ ਕੈਨਸਾਸ ਪਰਤਣਾ ਪਏਗਾ : ਸੁਨੈਨਾ

ਸ੍ਰੀਨਿਵਾਸ ਦੇ ਸੁਪਨਿਆਂ ਲਈ ਮੈਨੂੰ ਕੈਨਸਾਸ ਪਰਤਣਾ ਪਏਗਾ : ਸੁਨੈਨਾ

ਹੈਦਰਾਬਾਦ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਨਸਲੀ ਅਪਰਾਧ ਦਾ ਸ਼ਿਕਾਰ ਸ੍ਰੀਨਿਵਾਸ ਕੁਚੀਭੋਤਲਾ ਦੀ ਪਤਨੀ ਸੁਨੈਨਾ ਨੇ ਆਪਣੇ ਪਤੀ ਦਾ ਸੁਪਨਾ ਪੂਰਾ ਕਰਨ ਲਈ ਅਮਰੀਕਾ ਵਾਪਸ ਜਾਣ ਦੀ ਇੱਛਾ ਪ੍ਰਗਟਾਈ ਹੈ।
ਫੇਸਬੁੱਕ ਪੋਸਟ ਵਿੱਚ ਉਸ ਨੇ ਕਿਹਾ ਕਿ ”ਸ੍ਰੀਨਿਵਾਸ ਲਈ ਮੈਂ ਘੱਟੋ ਘੱਟ ਇਹ ਤਾਂ ਕਰ ਸਕਦੀ ਹਾਂ ਕਿ ਉਸ ਦਾ ਸੁਪਨਾ ਮੇਰੀਆਂ ਅੱਖਾਂ ਰਾਹੀਂ ਪੂਰਾ ਹੋਵੇ। ਇਸੇ ਲਈ ਮੈਨੂੰ ਅਮਰੀਕਾ ਵਾਪਸ ਜਾਣਾ ਪਵੇਗਾ।” ਕੈਨਸਾਸ ਵਿੱਚ ‘ਇਨਟੱਚ ਸਾਲਿਊਸ਼ਨਜ਼’ ਲਈ ਕੰਮ ਕਰਦੀ ਸੁਨੈਨਾ ਨੇ ਇਹ ਵੀ ਕਿਹਾ ਕਿ ਹਰੇਕ ਪਰਵਾਸੀ ਦੇ ਦਿਮਾਗ ਵਿੱਚ ਇਹ ਸਵਾਲ ਹੈ ਕਿ ਕੀ ਉਹ ਹੋਰ ਸਮਾਂ ਅਮਰੀਕਾ ਨਾਲ ਜੁੜੇ ਰਹਿਣ ਅਤੇ ਕੀ ਉਥੇ ਪਰਿਵਾਰ ਵਧਾਉਣਾ ਉਨ੍ਹਾਂ ਲਈ ਸੁਰੱਖਿਅਤ ਹੈ?
ਸੁਨੈਨਾ ਨੇ ਆਲਮੀ ਤਕਨਾਲੋਜੀ ਸਨਅਤ ਦੇ ਮੋਹਰੀਆਂ ਨੂੰ ਅਪੀਲ ਕੀਤੀ ਕਿ ਉਹ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਕਿਉਂਕਿ ਉਨ੍ਹਾਂ ਦੇ ਵੱਡੀ ਗਿਣਤੀ ਮੁਲਾਜ਼ਮ ਪਰਵਾਸੀ ਹਨ। ਉਸ ਨੇ ਮਾਇਕਰੋਸੌਫਟ ਦੇ ਸੀਈਓ ਸਤਿਆ ਨਡੇਲਾ ਅਤੇ ਕਮਲਾ ਹੈਰਿਸ ਵਰਗਿਆਂ ਦਾ ਹਮਾਇਤ ਲਈ ਧੰਨਵਾਦ ਕੀਤਾ। ਉਸ ਦੀ ਮਾਰਕ ਜ਼ੁਕਰਬਰਗ (ਫੇਸਬੁੱਕ ਦੇ ਬਾਨੀ), ਸੁੰਦਰ ਪਿਚਾਈ (ਗੂਗਲ ਦੇ ਸੀਈਓ), ਸਤਿਆ ਨਡੇਲਾ ਅਤੇ ਹੋਰਾਂ ਨੂੰ ਅਪੀਲ ਹੈ ਕਿ ਉਹ ਮਨੁੱਖੀ ਅਧਿਕਾਰਾਂ ਦੀ ਹਮਾਇਤ ਕਰਨ।
ਕ੍ਰਿਸ਼ਨਾਮੂਰਤੀ ਵੱਲੋਂ ਅਟਾਰਨੀ ਜਨਰਲ ਨੂੰ ਕਾਰਵਾਈ ਦੀ ਅਪੀਲ
ਵਾਸ਼ਿੰਗਟਨ : ਭਾਰਤੀ-ਅਮਰੀਕੀ ਡੈਮੋਕਰੇਟ ਰਾਜਾ ਕ੍ਰਿਸ਼ਨਾਮੂਰਤੀ ਨੇ ਅਮਰੀਕੀ ਅਟਾਰਨੀ ਜਨਰਲ ਨੂੰ ਅਪੀਲ ਕੀਤੀ ਕਿ ਉਹ ਨਫ਼ਰਤ ਤੇ ਹਿੰਸਾ ਦੇ ਵਧਦੇ ਰੁਝਾਨ ਨੂੰ ਠੱਲ੍ਹਣ ਲਈ ਨਿਆਂ ਵਿਭਾਗ ਦੀਆਂ ਮੁਕੰਮਲ ਤਾਕਤਾਂ ਦੀ ਵਰਤੋਂ ਕਰਨ। ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਨੂੰ ਲਿਖੀ ਚਿੱਠੀ ਵਿੱਚ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਸੇਂਟ ਲੂਈਸ ਵਿੱਚ ਯਹੂਦੀ ਕਬਰਿਸਤਾਨ ਦੀ ਬੇਹੁਰਮਤੀ ਅਤੇ ਕੈਨਸਾਸ ਦੇ ਬਾਰ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਨੇ ਅਮਰੀਕੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।